After Nepal, India also hit by floods! 14 districts submerged in water
ਨੇਪਾਲ ਮਗਰੋਂ ਭਾਰਤ ‘ਚ ਵੀ ਪਈ ਹੜ੍ਹਾਂ ਦੀ ਮਾਰ ! ਪਾਣੀ ‘ਚ ਡੁੱਬੇ 14 ਜ਼ਿਲ੍ਹੇ, 40 ਲੱਖ ਤੋਂ ਵੱਧ ਲੋਕ…
Patna, (ਆਵਾਜ਼ਿ ਕੌਮ ਬਿਊਰੋ)-26 ਅਗਸਤ ਨੂੰ ਨੇਪਾਲ ‘ਚ ਆਏ ਭਿਆਨਕ ਹੜ੍ਹਾਂ ‘ਚ ਹੁਣ ਤੱਕ 1300 ਤੋਂ ਵੱਧ ਲੋਕ ਜਾਨ ਗੁਆ ਚੁੱਕੇ ਹਨ, ਜਦਕਿ ਹਜ਼ਾਰਾਂ ਲੋਕ ਲਾਪਤਾ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ। ਇਸੇ ਦੌਰਾਨ ਪਿਛਲੇ 4-5 ਦਿਨਾਂ ਤੋਂ ਬਿਹਾਰ ‘ਚ ਹੋ ਰਹੀ ਭਾਰੀ ਬਾਰਿਸ਼ ਅਤੇ ਨੇਪਾਲ ਦੇ ਪਹਾੜੀ ਇਲਾਕਿਆਂ ‘ਚ ਪਏ ਮੀਂਹ ਕਾਰਨ ਬਿਹਾਰ ਦੇ 14 ਜ਼ਿਲ੍ਹਿਆਂ ਵਿੱਚ ਹੜ੍ਹਾਂ ਵਰਗੀ ਗੰਭੀਰ ਸਥਿਤੀ ਪੈਦਾ ਹੋ ਗਈ ਹੈ। ਆਫ਼ਤ ਪ੍ਰਬੰਧਨ ਵਿਭਾਗ ਮੁਤਾਬਕ ਸੂਬੇ ‘ਚ 40.21 ਲੱਖ ਤੋਂ ਵੱਧ ਲੋਕ ਹੜ੍ਹਾਂ ਦੀ ਮਾਰ ਹੇਠ ਹਨ। ਸੂਬੇ ਦੇ 14 ਜ਼ਿਲ੍ਹਿਆਂ- ਪਟਨਾ, ਭੋਜਪੁਰ, ਸਾਰਣ, ਵੈਸ਼ਾਲੀ, ਭਾਗਲਪੁਰ, ਬੇਗੂਸਰਾਏ, ਬਕਸਰ, ਸਮਸਤੀਪੁਰ, ਮੁੰਗੇਰ, ਕਟਿਹਾਰ, ਲਖੀਸਰਾਏ, ਖਗੜੀਆ, ਪੂਰਨੀਆ ਅਤੇ ਅਰਵਲ ਦੇ 84 ਬਲਾਕਾਂ ਦੀਆਂ 514 ਪੰਚਾਇਤਾਂ ਹੜ੍ਹ ਦੀ ਲਪੇਟ ‘ਚ ਹਨ। ਭਾਗਲਪੁਰ ਦੇ ਸੁਲਤਾਨਗੰਜ ‘ਚ ਗੰਗਾ ਦਾ ਜਲ ਪੱਧਰ 36.78 ਮੀਟਰ ‘ਤੇ ਪਹੁੰਚ ਗਿਆ ਹੈ, ਜਿਸ ਨੇ ਅਗਸਤ 2021 ਦੇ 36.75 ਮੀਟਰ ਦੇ ਸਭ ਤੋਂ ਉੱਚੇ ਰਿਕਾਰਡ ਨੂੰ ਵੀ ਤੋੜ ਦਿੱਤਾ ਹੈ। ਗੰਡਕ, ਕੋਸੀ, ਬੂੜ੍ਹੀ ਗੰਡਕ, ਪੁਨਪੁਨ, ਬਾਗਮਤੀ ਅਤੇ ਘਾਘਰਾ ਨਦੀਆਂ ਵੀ ਕਈ ਥਾਵਾਂ ‘ਤੇ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਗ ਰਹੀਆਂ ਹਨ। ਕੋਸੀ ਬੈਰਾਜ ਤੋਂ 1.48 ਲੱਖ ਕਿਊਸਿਕ, ਗੰਡਕ ਤੋਂ 86,000 ਕਿਊਸਿਕ ਅਤੇ ਇੰਦਰਪੁਰੀ ਬੈਰਾਜ (ਸੋਨ ਨਦੀ) ਤੋਂ 80,785 ਕਿਊਸਿਕ ਪਾਣੀ ਛੱਡਿਆ ਜਾ ਰਿਹਾ ਹੈ, ਜਿਸ ਕਾਰਨ ਹਾਲਾਤ ਹੋਰ ਭਿਆਨਕ ਬਣ ਸਕਦੇ ਹਨ। ਰਾਹਤ ਕਾਰਜਾਂ ਲਈ SDRF ਦੀਆਂ 27 ਅਤੇ NDRF ਦੀਆਂ 10 ਟੀਮਾਂ ਨੂੰ ਮੈਦਾਨ ‘ਚ ਉਤਾਰਿਆ ਗਿਆ ਹੈ, ਤਾਂ ਜੋ ਹੜ੍ਹ ਪ੍ਰਭਾਵਿਤ ਇਲਾਕਿਆਂ ‘ਚ ਫ਼ਸੇ ਲੋਕਾਂ ਨੂੰ ਰੈਸਕਿਊ ਕੀਤਾ ਜਾਵੇ ਤੇ ਜਾਨੀ ਨੁਕਸਾਨ ਤੋਂ ਬਚਾਅ ਕੀਤਾ ਜਾ ਸਕੇ। ਇਸ ਤੋਂ ਇਲਾਵਾ ਹੜ੍ਹ ਪ੍ਰਭਾਵਿਤ ਲੋਕਾਂ ਲਈ 723 ਕਮਿਊਨਿਟੀ ਕਿਚਨ ਅਤੇ 15 ਰਾਹਤ ਕੈਂਪ ਚਲਾਏ ਜਾ ਰਹੇ ਹਨ, ਜਿੱਥੇ 13,000 ਤੋਂ ਵੱਧ ਲੋਕ ਠਹਿਰੇ ਹੋਏ ਹਨ। ਲੋਕਾਂ ਦੀ ਆਵਾਜਾਈ ਲਈ 1,979 ਕਿਸ਼ਤੀਆਂ ਵੀ ਤਾਇਨਾਤ ਕੀਤੀਆਂ ਗਈਆਂ ਹਨ ਤੇ ਪ੍ਰਸ਼ਾਸਨ ਵੱਲੋਂ 1.94 ਲੱਖ ਪੋਲੀਥੀਨ ਸ਼ੀਟਾਂ, 29,400 ਸੁੱਕੇ ਰਾਸ਼ਨ ਦੇ ਪੈਕੇਟ ਅਤੇ 5,178 ਕੁਇੰਟਲ ਪਸ਼ੂਆਂ ਦਾ ਚਾਰਾ ਵੰਡਿਆ ਜਾ ਚੁੱਕਾ ਹੈ।

