ਦਿੱਲੀ-ਵਾਸ਼ਿੰਗਟਨ ਡੀਸੀ ਉਡਾਨ 1 ਸਤੰਬਰ ਤੋਂ ਬੰਦ, ਏਅਰ ਇੰਡੀਆ ਨੇ 26 ਬੋਇੰਗ 787-8 ਅਪਗ੍ਰੇਡ ਕਾਰਨ ਦੱਸਿਆ

ਨਵੀਂ ਦਿੱਲੀ, 12 ਅਗਸਤ 2025 ਏਅਰ ਇੰਡੀਆ ਨੇ ਅੱਜ ਇਕ ਬਿਆਨ ਜਾਰੀ ਕਰਕੇ ਦਿੱਲੀ ਤੋਂ ਵਾਸ਼ਿੰਗਟਨ ਡੀਸੀ ਲਈ ਆਪਣੀ ਉਡਾਨ ਸੇਵਾ 1 ਸਤੰਬਰ 2025 ਤੋਂ ਬੰਦ ਕਰਨ ਦਾ ਐਲਾਨ ਕੀਤਾ ਹੈ। ਏਅਰਲਾਈਨ ਨੇ ਕਿਹਾ ਕਿ ਇਹ ਫੈਸਲਾ ਆਪ੍ਰੇਸ਼ਨਲ ਮੁਸ਼ਕਲਾਂ ਕਾਰਨ ਲਿਆ ਗਿਆ ਹੈ, ਜਿਸ ਦਾ ਮੁੱਖ ਕਾਰਨ 26 ਬੋਇੰਗ 787-8 ਜਹਾਜ਼ਾਂ ਦਾ ਅਪਗ੍ਰੇਡ ਪ੍ਰੋਗਰਾਮ ਹੈ।
ਬਿਆਨ ਮੁਤਾਬਕ, ਇਹ ਅਪਗ੍ਰੇਡ ਪ੍ਰੋਗਰਾਮ ਗਾਹਕਾਂ ਦੇ ਤਜਰਬੇ ਨੂੰ ਵਧਾਉਣ ਲਈ ਸ਼ੁਰੂ ਕੀਤਾ ਗਿਆ ਹੈ, ਜਿਸ ਕਾਰਨ ਕਈ ਜਹਾਜ਼ ਲੰਬੇ ਸਮੇਂ ਲਈ ਅਸਥਾਈ ਤੌਰ ’ਤੇ ਬੰਦ ਰਹਿਣਗੇ, ਜੋ ਕਿ 2026 ਦੇ ਅੰਤ ਤੱਕ ਜਾਰੀ ਰਹੇਗਾ। ਇਸ ਤੋਂ ਇਲਾਵਾ, ਪਾਕਿਸਤਾਨ ਦੇ ਹਵਾਈ ਖੇਤਰ ’ਤੇ ਬੰਦਸ਼ ਨੇ ਵੀ ਲੰਬੀ ਉਡਾਣਾਂ ’ਤੇ ਪ੍ਰਭਾਵ ਪਾਇਆ ਹੈ, ਜਿਸ ਕਾਰਨ ਆਪ੍ਰੇਸ਼ਨਲ ਜਟਿਲਤਾਵਾਂ ਵਧੀਆਂ ਹਨ। ਏਅਰ ਇੰਡੀਆ ਨੇ ਦੱਸਿਆ ਕਿ ਪ੍ਰਭਾਵਿਤ ਯਾਤਰੀਆਂ ਨੂੰ ਨਿਊਯਾਰਕ, ਨਿਊਅਰਕ, ਸ਼ਿਕਾਗੋ ਅਤੇ ਸੈਨ ਫ੍ਰੈਨਸਿਸਕੋ ਰਾਹੀਂ ਵਿਕਲਪ ਸੇਵਾਵਾਂ ਅਤੇ ਪੂਰੀ ਵਾਪਸੀ ਦੀ ਸਹੂਲਤ ਦਿੱਤੀ ਜਾਵੇਗੀ।