Air services between India and Kazakhstan to expand; focus on Hyderabad and Ahmedabad
ਭਾਰਤ-ਕਜ਼ਾਕਿਸਤਾਨ ਵਿਚਾਲੇ ਵਧਣਗੀਆਂ ਹਵਾਈ ਸੇਵਾਵਾਂ, ਹੈਦਰਾਬਾਦ-ਅਹਿਮਦਾਬਾਦ ’ਤੇ ਫੋਕਸ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਮੱਧ ਏਸ਼ੀਆਈ ਦੇਸ਼ ਕਜ਼ਾਕਿਸਤਾਨ ਭਾਰਤ ਦੇ ਨਾਲ ਹਵਾਈ ਸੰਪਰਕ ਵਧਾਉਣ ਦੀ ਤਿਆਰੀ ’ਚ ਹੈ। ਇਸ ਤਹਿਤ ਹੈਦਰਾਬਾਦ ਅਤੇ ਅਹਿਮਦਾਬਾਦ ਤੋਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। ਦੋਵਾਂ ਦੇਸ਼ਾਂ ਦੇ ਹਵਾਬਾਜ਼ੀ ਅਧਿਕਾਰੀਆਂ ਵਿਚਕਾਰ ਹੋਈ ਗੱਲਬਾਤ ਵਿਚ ਨਵੇਂ ਹਵਾਈ ਮਾਰਗਾਂ ਅਤੇ ਮੌਜੂਦਾ ਉਡਾਣਾਂ ਦੀ ਗਿਣਤੀ ਵਧਾਉਣ ’ਤੇ ਚਰਚਾ ਹੋਈ ਹੈ। ਜੇਕਰ ਪ੍ਰਸਤਾਵ ਅੱਗੇ ਵਧਦਾ ਹੈ ਤਾਂ ਭਾਰਤੀ ਯਾਤਰੀਆਂ ਨੂੰ ਕਜ਼ਾਕਿਸਤਾਨ ਜਾਣ ਲਈ ਦੋ ਹੋਰ ਸ਼ਹਿਰਾਂ ਤੋਂ ਸਿੱਧੀ ਹਵਾਈ ਸੇਵਾ ਦਾ ਬਦਲ ਮਿਲ ਸਕਦਾ ਹੈ। ਇਸ ਨਾਲ ਸੈਰ-ਸਪਾਟੇ, ਵਪਾਰ ਅਤੇ ਦੋਵਾਂ ਦੇਸ਼ਾਂ ਵਿਚਕਾਰ ਲੋਕਾਂ ਦੀ ਆਵਾਜਾਈ ਨੂੰ ਹੁਲਾਰਾ ਮਿਲਣ ਦੀ ਉਮੀਦ ਹੈ। ਇਹ ਚਰਚਾ ਅੰਤਰਰਾਸ਼ਟਰੀ ਨਾਗਰ ਹਵਾਬਾਜ਼ੀ ਸੰਗਠਨ (ਆਈ. ਸੀ. ਏ. ਓ.) ਦੇ 7ਵੇਂ ਵਿਸ਼ਵ ਹਵਾਈ ਟਰਾਂਸਪੋਰਟ ਸੰਮੇਲਨ ਦੌਰਾਨ ਹੋਈ। ਕਜ਼ਾਕਿਸਤਾਨ ਦੇ ਟਰਾਂਸਪੋਰਟ ਉਪ ਮੰਤਰੀ ਤਲਗਤ ਲਸਤਾਯੇਵ ਨੇ ਆਪਣੇ ਵਫ਼ਦ ਦੀ ਅਗਵਾਈ ਕੀਤੀ, ਜਦਕਿ ਭਾਰਤੀ ਵਫ਼ਦ ਦੀ ਅਗਵਾਈ ਨਾਗਰ ਹਵਾਬਾਜ਼ੀ ਮੰਤਰਾਲੇ ਦੇ ਸਕੱਤਰ ਸਮੀਰ ਕੁਮਾਰ ਸਿਨਹਾ ਨੇ ਕੀਤੀ। ਬੈਠਕ ਵਿਚ ਦੋਵਾਂ ਦੇਸ਼ਾਂ ਵਿਚਕਾਰ ਹਵਾਬਾਜ਼ੀ ਸਹਿਯੋਗ ਮਜ਼ਬੂਤ ਕਰਨ, ਅੰਤਰਰਾਸ਼ਟਰੀ ਹਵਾਈ ਸੰਪਰਕ ਵਧਾਉਣ ਅਤੇ ਉਡਾਣਾਂ ਦੇ ਵਿਸਥਾਰ ਨਾਲ ਜੁੜੇ ਮੁੱਦਿਆਂ ’ਤੇ ਵਿਚਾਰ-ਵਟਾਂਦਰਾ ਕੀਤਾ ਗਿਆ। ਕਜ਼ਾਕਿਸਤਾਨ ਦੀਆਂ ਏਅਰਲਾਈਨਜ਼ ਨੇ ਹੈਦਰਾਬਾਦ ਅਤੇ ਅਹਿਮਦਾਬਾਦ ਲਈ ਉਡਾਣਾਂ ਸ਼ੁਰੂ ਕਰਨ ਵਿਚ ਦਿਲਚਸਪੀ ਦਿਖਾਈ ਹੈ। ਭਾਰਤੀ ਪੱਖ ਨੇ ਵੀ ਹੈਦਰਾਬਾਦ ਲਈ ਹਵਾਈ ਸੇਵਾਵਾਂ ਦੇ ਵਿਸਥਾਰ ਨੂੰ ਲੈ ਕੇ ਸ਼ੁਰੂਆਤੀ ਸਹਿਮਤੀ ਜਤਾਈ ਹੈ। ਦੋਵੇਂ ਦੇਸ਼ ਜਲਦੀ ਹੀ ਦੁਵੱਲੀ ਹਵਾਈ ਸੇਵਾ ਗੱਲਬਾਤ ਕਰਨ ’ਤੇ ਸਹਿਮਤ ਹੋਏ ਹਨ। ਭਾਰਤ ਅਤੇ ਕਜ਼ਾਕਿਸਤਾਨ ਵਿਚਕਾਰ ਵਰਤਮਾਨ ਵਿਚ ਹਰ ਹਫ਼ਤੇ 18 ਉਡਾਣਾਂ ਚਲਾਈਆਂ ਜਾਂਦੀਆਂ ਹਨ। ਇਨ੍ਹਾਂ ਵਿਚ ਦਿੱਲੀ, ਮੁੰਬਈ ਅਤੇ ਗੋਆ ਮੁੱਖ ਮੰਜ਼ਿਲਾਂ ਹਨ।

