Akali Dal Waris Punjab has registered a huge victory in Rajasansi constituency under the leadership of MP Amritpal’s father. organization of religious conference
ਅਕਾਲੀ ਦਲ ਵਾਰਿਸ ਪੰਜਾਬ ਨੇ ਰਾਜਾਸਾਂਸੀ ਹਲਕੇ ਵਿੱਚ ਐਮਪੀ ਅੰਮ੍ਰਿਤਪਾਲ ਦੇ ਪਿਤਾ ਦੀ ਅਗਵਾਈ ਹੇਠ ਇੱਕ ਵਿਸ਼ਾਲ ਪੰਥਕ ਕਾਨਫਰੰਸ ਦਾ ਆਯੋਜਨ

ਅਕਾਲੀ ਦਲ ਵਾਰਿਸ ਪੰਜਾਬ ਵੱਲੋਂ ਅੱਜ ਜ਼ਿਲ੍ਹਾ ਅੰਮ੍ਰਿਤਸਰ ਦੇ ਹਲਕਾ ਰਾਜਾਸਾਂਸੀ ਵਿਖੇ ਭਾਈ ਦਲਜੀਤ ਸਿੰਘ ਮਿਆੜੀਆ ਦੀ ਅਗਵਾਈ ਹੇਠ ਵਿਸ਼ਾਲ ਅਤੇ ਇਤਿਹਾਸਕ ਪੰਥ ਬਚਾਓ-ਪੰਜਾਬ ਬਚਾਓ ਕਾਨਫਰੰਸ ਕੀਤੀ ਗਈ। ਇਸ ਵਿਸ਼ਾਲ ਕਾਨਫਰੰਸ ਵਿੱਚ ਇਲਾਕੇ ਭਰ ਤੋਂ ਪਾਰਟੀ ਵਰਕਰਾਂ, ਨੌਜਵਾਨਾਂ, ਕਿਸਾਨਾਂ, ਮਜ਼ਦੂਰਾਂ, ਵਪਾਰੀਆਂ ਅਤੇ ਮਾਵਾਂ-ਭੈਣਾਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਅਤੇ ਪਾਰਟੀ ਦੀ ਨੀਤੀ ਅਤੇ ਸੰਘਰਸ਼ ਨਾਲ ਇੱਕਮੁੱਠਤਾ ਦਾ ਪ੍ਰਗਟਾਵਾ ਕੀਤਾ।
ਕਾਨਫਰੰਸ ਵਿੱਚ ਪੰਜਾਬ ਵਿੱਚ ਵੱਧ ਰਹੀ ਬੇਰੁਜ਼ਗਾਰੀ, ਨਸ਼ਿਆਂ ਦੀ ਮਹਾਂਮਾਰੀ, ਕਿਸਾਨਾਂ ਦੀ ਵਿਗੜ ਰਹੀ ਆਰਥਿਕ ਹਾਲਤ, ਸਿੱਖ ਨੌਜਵਾਨਾਂ ’ਤੇ ਦਰਜ ਕੀਤੇ ਝੂਠੇ ਕੇਸਾਂ ਅਤੇ ਜੇਲ੍ਹਾਂ ਵਿੱਚ ਬੰਦ ਸਿੱਖਾਂ ਦੀ ਆਵਾਜ਼ ਨੂੰ ਜਬਰੀ ਦਬਾਉਣ ਵਰਗੇ ਗੰਭੀਰ ਮੁੱਦਿਆਂ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰਾਂ ਖ਼ਿਲਾਫ਼ ਤਿੱਖਾ ਰੋਸ ਦਰਜ ਕੀਤਾ ਗਿਆ।
ਇਸ ਮੌਕੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਬਾਪੂ ਤਰਸੇਮ ਸਿੰਘ ਨੇ ਪੰਜਾਬ ਦੀ ਮੌਜੂਦਾ ਸਿਆਸੀ, ਸਮਾਜਿਕ ਅਤੇ ਆਰਥਿਕ ਸਥਿਤੀ ‘ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਲੋਕਾਂ ਨੂੰ ਜਾਗਰੂਕ ਹੋ ਕੇ ਸੰਘਰਸ਼ ਲਈ ਤਿਆਰ ਰਹਿਣ ਦਾ ਸੱਦਾ ਦਿੱਤਾ | ਉਨ੍ਹਾਂ ਕਿਹਾ ਕਿ ਅਕਾਲੀ ਦਲ ਵਾਰਿਸ ਪੰਜਾਬ ਸੱਤਾ ਦੀ ਪਿਆਸ ਵਾਲੀ ਪਾਰਟੀ ਨਹੀਂ ਹੈ, ਸਗੋਂ ਇਹ ਪੰਥਕ ਸੋਚ, ਇਨਸਾਫ਼ ਤੇ ਸਰਬੱਤ ਦੇ ਭਲੇ ਦੇ ਸਿਧਾਂਤਾਂ ‘ਤੇ ਚੱਲਦਿਆਂ ਲੋਕਾਂ ਦੀ ਆਵਾਜ਼ ਹੈ। ਉਨ੍ਹਾਂ ਦੋਸ਼ ਲਾਇਆ ਕਿ ਪੰਜਾਬ ਨੂੰ ਲੁੱਟਣ ਵਾਲੀਆਂ ਪੁਰਾਣੀਆਂ ਤੇ ਮੌਜੂਦਾ ਸਰਕਾਰਾਂ ਨੇ ਜਨਤਾ ਦੇ ਭਰੋਸੇ ਨਾਲ ਧੋਖਾ ਕੀਤਾ ਹੈ, ਜਿਸ ਦਾ ਜਨਤਾ ਜਲਦ ਹੀ ਹਿਸਾਬ ਲਵੇਗੀ।
ਇਸ ਦੌਰਾਨ ਨੌਜਵਾਨਾਂ ਨੇ ਪੰਜਾਬ ਬਚਾਓ, ਨਸ਼ਾ ਮੁਕਤ ਪੰਜਾਬ, ਕਿਸਾਨ-ਮਜ਼ਦੂਰ ਏਕਤਾ ਅਤੇ ਸਿੱਖ ਨੌਜਵਾਨਾਂ ਦੀ ਰਿਹਾਈ ਦੇ ਨਾਅਰੇ ਲਾਏ, ਜਿਸ ਨਾਲ ਸਾਰਾ ਮਾਹੌਲ ਪੰਥਕ ਅਤੇ ਇਨਕਲਾਬੀ ਬਣ ਗਿਆ।
ਹੋਰਨਾਂ ਪ੍ਰਮੁੱਖ ਆਗੂਆਂ ਨੇ ਆਪਣੇ ਸੰਬੋਧਨ ਵਿੱਚ ਸਪੱਸ਼ਟ ਕੀਤਾ ਕਿ ਆਉਣ ਵਾਲੇ ਸਮੇਂ ਵਿੱਚ ਅਕਾਲੀ ਦਲ ਵਾਰਿਸ ਪੰਜਾਬ ਹਰ ਹਲਕੇ, ਹਰ ਪਿੰਡ ਅਤੇ ਹਰ ਸ਼ਹਿਰ ਵਿੱਚ ਲੋਕਾਂ ਨੂੰ ਜੋੜ ਕੇ ਇੱਕ ਵੱਡੀ ਲੋਕ ਲਹਿਰ ਖੜ੍ਹੀ ਕਰੇਗਾ ਤਾਂ ਜੋ ਪੰਜਾਬ ਨੂੰ ਆਪਣਾ ਬਣਦਾ ਹੱਕ, ਮਾਨ-ਸਨਮਾਨ ਅਤੇ ਅਧਿਕਾਰ ਵਾਪਸ ਮਿਲ ਸਕੇ। ਉਨ੍ਹਾਂ ਕਿਹਾ ਕਿ ਹਲਕਾ ਰਾਜਾਸਾਂਸੀ ਦੀ ਇਸ ਕਾਨਫਰੰਸ ਨੇ ਸਾਬਤ ਕਰ ਦਿੱਤਾ ਹੈ ਕਿ ਪੰਜਾਬ ਦੇ ਆਮ ਲੋਕ ਹੁਣ ਝੂਠੇ ਵਾਅਦਿਆਂ, ਦੋਗਲੀ ਰਾਜਨੀਤੀ ਅਤੇ ਸਰਕਾਰੀ ਜਬਰ ਤੋਂ ਤੰਗ ਆ ਚੁੱਕੇ ਹਨ ਅਤੇ ਅਕਾਲੀ ਦਲ ਵਾਰਿਸ ਪੰਜਾਬ ਦੇ ਨਾਲ ਖੜ੍ਹਨ ਅਤੇ ਸੰਘਰਸ਼ ਦਾ ਰਾਹ ਅਪਣਾਉਣ ਲਈ ਤਿਆਰ ਹੈ।
ਇਸ ਮੀਟਿੰਗ ਨੂੰ ਰੋਕਣ ਲਈ ਸਰਕਾਰ ਵੱਲੋਂ ਕੀਤੇ ਗਏ ਸਾਰੇ ਯਤਨਾਂ ਦੇ ਬਾਵਜੂਦ ਲੋਕਾਂ ਨੇ ਦਲਜੀਤ ਸਿੰਘ ਮਿਆੜੀਆ ਅਤੇ ਅਕਾਲੀ ਦਲ ਵਾਰਿਸ ਪੰਜਾਬ ਨੂੰ ਪੂਰਾ ਪਿਆਰ ਅਤੇ ਸਮਰਥਨ ਦਿੱਤਾ।
ਅੰਤ ਵਿਚ ਭਾਈ ਦਲਜੀਤ ਸਿੰਘ ਮਿਆੜੀਆ ਨੇ ਹਲਕਾ ਰਾਜਾਸਾਂਸੀ ਦੀਆਂ ਸਮੂਹ ਸੰਗਤਾਂ, ਪਾਰਟੀ ਵਰਕਰਾਂ ਅਤੇ ਸੇਵਾਦਾਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ, ਜਿਨ੍ਹਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਇਸ ਵਿਸ਼ਾਲ ਰੈਲੀ ਨੂੰ ਸਫਲ ਬਣਾਇਆ |
