Anganwadi helper Vandana commits suicide, leaves behind two mentally disabled sons
ਆਂਗਣਵਾੜੀ ਹੈਲਪਰ ਵੰਦਨਾ ਵੱਲੋਂ ਖੁਦਕੁਸ਼ੀ, ਦੋ ਮਾਨਸਿਕ ਅਸਮਰੱਥ ਪੁੱਤਰ ਛੱਡ ਗਈ ਪਿੱਛੇ

ਆਂਗਣਵਾੜੀ ਵਿੱਚ ਹੈਲਪਰ ਵਜੋਂ ਸੇਵਾ ਨਿਭਾ ਰਹੀ 49 ਸਾਲਾ ਵੰਦਨਾ ਨੇ ਆਪਣੇ ਹੀ ਘਰ ਵਿੱਚ ਆਪਣੇ ਆਪ ਨੂੰ ਅੱਗ ਲਾ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਸ ਦਰਦਨਾਕ ਘਟਨਾ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਮੁਤਾਬਕ ਵੰਦਨਾ ਕਾਫ਼ੀ ਸਮੇਂ ਤੋਂ ਇਕੱਲੀ ਰਹਿ ਰਹੀ ਸੀ ਅਤੇ ਉਸਦੇ ਦੋ ਪੁੱਤਰ ਹਨ, ਜੋ ਕਿ ਮਾਨਸਿਕ ਤੌਰ ‘ਤੇ ਅਸਮਰੱਥ ਦੱਸੇ ਜਾ ਰਹੇ ਹਨ। ਵੰਦਨਾ ਆਂਗਣਵਾੜੀ ਵਿੱਚ ਕੰਮ ਕਰਕੇ ਹੀ ਆਪਣੇ ਦੋਨਾਂ ਪੁੱਤਰਾਂ ਦੀ ਦੇਖਭਾਲ ਕਰਦੀ ਸੀ ਅਤੇ ਘਰ ਦਾ ਗੁਜ਼ਾਰਾ ਚਲਾ ਰਹੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਅੱਜ ਵੰਦਨਾ ਮਹੱਲੇ ਵਿੱਚ ਹੋ ਰਹੇ ਕਿਸੇ ਵਿਆਹ ਸਮਾਗਮ ਵਿੱਚ ਜਾਣ ਦੀ ਤਿਆਰੀ ਕਰ ਰਹੀ ਸੀ। ਇਸ ਦੌਰਾਨ ਉਸਨੇ ਇੱਕ ਪੁੱਤਰ ਨੂੰ ਬੈਂਕ ਦੇ ਕੰਮ ਲਈ ਭੇਜ ਦਿੱਤਾ ਅਤੇ ਦੂਜੇ ਪੁੱਤਰ ਨੂੰ ਮੋਬਾਈਲ ਫ਼ੋਨ ਠੀਕ ਕਰਵਾਉਣ ਲਈ ਬਾਹਰ ਭੇਜਿਆ। ਕੁਝ ਸਮੇਂ ਬਾਅਦ ਜਦੋਂ ਦੂਜਾ ਪੁੱਤਰ ਘਰ ਵਾਪਸ ਆਇਆ ਤਾਂ ਉਸਨੇ ਵੇਖਿਆ ਕਿ ਘਰ ਦਾ ਇੱਕ ਕਮਰਾ ਅੰਦਰੋਂ ਬੰਦ ਸੀ ਅਤੇ ਅੰਦਰ ਵੰਦਨਾ ਨੇ ਆਪਣੇ ਆਪ ਨੂੰ ਅੱਗ ਲਾ ਲਈ ਸੀ।
ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਮੌਕੇ ‘ਤੇ ਪਹੁੰਚਿਆ ਅਤੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਮਾਮਲੇ ਦੀ ਹਰ ਪੱਖੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਜਾਂਚ ਉਪਰਾਂਤ ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਅਨੁਸਾਰ ਕਾਰਵਾਈ ਕੀਤੀ ਜਾਵੇਗੀ।
