
ਸ੍ਰੀ ਦਰਬਾਰ ਸਾਹਿਬ ਨੇੜੇ ਸੁਖਬੀਰ ਸਿੰਘ ਬਾਦਲ ‘ਤੇ ਕਾਤਲਾਨਾ ਹਮਲਾ, ਸੁਰੱਖਿਅਤ ਬਚੇ
ਅੰਮ੍ਰਿਤਸਰ (ਆਵਾਜ਼ੇ ਕੌਮ ਬਿਊਰੋ):ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ‘ਤੇ ਅੱਜ ਸਵੇਰੇ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਵਾਰ ਨੇੜੇ ਕਾਤਲਾਨਾ ਹਮਲਾ ਹੋਇਆ। ਇਹ ਹਮਲਾ ਸਾਬਕਾ ਖਾੜਕੂ ਨਰਾਇਣ ਸਿੰਘ ਚੌਰਾ ਵਲੋਂ ਰਿਵਾਲਵਰ ਨਾਲ ਕੀਤਾ ਗਿਆ। ਹਮਲੇ ਦੇ ਦੌਰਾਨ ਸੁਖਬੀਰ ਸਿੰਘ ਬਾਦਲ ਵਾਲ-ਵਾਲ ਬਚ ਗਏ।
ਮਿਲੀ ਜਾਣਕਾਰੀ ਅਨੁਸਾਰ, ਹਮਲੇ ਦੇ ਸਮੇਂ ਸੁਖਬੀਰ ਸਿੰਘ ਬਾਦਲ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਲਗਾਈ ਗਈ ਧਾਰਮਿਕ ਸੇਵਾ ਤਹਿਤ ਦਰਬਾਰ ਸਾਹਿਬ ਦੇ ਮੁੱਖ ਦਵਾਰ ‘ਤੇ ਸੇਵਾਦਾਰ ਵਜੋਂ ਸੇਵਾ ਨਿਭਾ ਰਹੇ ਸਨ। ਹਮਲੇ ਪਿੱਛੋਂ, ਮੌਕੇ ‘ਤੇ ਮੌਜੂਦ ਸੰਗਤ ਅਤੇ ਪੁਲਿਸ ਮੁਲਾਜ਼ਮਾਂ ਨੇ ਹਮਲਾਵਰ ਨਰਾਇਣ ਸਿੰਘ ਚੌਰਾ (ਵਾਸੀ ਪਿੰਡ ਚੌਰਾ, ਥਾਣਾ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ) ਨੂੰ ਤੁਰੰਤ ਗ੍ਰਿਫ਼ਤਾਰ ਕਰ ਲਿਆ।
ਪੁਲਿਸ ਦੇ ਅਧਿਕਾਰੀਆਂ ਦਾ ਕਹਿਣਾ ਹੈ, ਉਨ੍ਹਾਂ ਨੂੰ ਪਹਿਲਾਂ ਹੀ ਨਰਾਇਣ ਸਿੰਘ ਦੇ ਸ਼ੱਕੀ ਹਾਲਤ ਵਿੱਚ ਘੁੰਮਣ ਦੀ ਸੂਹ ਮਿਲੀ ਸੀ। ਹਮਲੇ ਦੌਰਾਨ, ਇੱਕ ਸੰਗਤ ਮੈਂਬਰ ਨੇ ਚੌਰਾ ਦੀ ਬਾਂਹ ਉਤੇਕਰ ਦਿੱਤੀ, ਜਿਸ ਨਾਲ ਗੋਲੀ ਹਵਾ ਵਿੱਚ ਚਲ ਗਈ।
ਸਿਆਸੀ ਨਿੰਦਾ ਤੇ ਪ੍ਰਤੀਕਿਰਿਆ
ਹਮਲੇ ਦੀ ਘਟਨਾ ਨੇ ਸਿਆਸੀ ਹਲਚਲ ਪੈਦਾ ਕਰ ਦਿੱਤੀ ਹੈ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਮਾਜਵਾਦੀ ਪਾਰਟੀ ਦੇ ਸੰਸਦ ਮੈਂਬਰ ਰਾਮ ਗੋਪਾਲ ਯਾਦਵ ਨੇ ਇਸ ਹਮਲੇ ਦੀ ਨਿਖੇਧ ਕਰਦਿਆਂ ਇਸਨੂੰ ਮੰਦਭਾਗਾ ਕਰਾਰ ਦਿੱਤਾ। ਉਨ੍ਹਾਂ ਸਰਕਾਰ ਨੂੰ ਸੁਰੱਖਿਆ ਪ੍ਰਬੰਧ ਵਧਾਉਣ ਅਤੇ ਅਜਿਹੇ ਹਮਲੇ ਰੋਕਣ ਲਈ ਫੌਰੀ ਕਦਮ ਚੁੱਕਣ ਦੀ ਅਪੀਲ ਕੀਤੀ।
ਬਾਜਵਾ ਵਲੋਂ ਨਿੰਦਾ
ਸਾਬਕਾ ਸੰਸਦ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਦਰਬਾਰ ਸਾਹਿਬ ਦੇ ਨੇੜੇ ਸੁਖਬੀਰ ਸਿੰਘ ਬਾਦਲ ‘ਤੇ ਹੋਇਆ ਹਮਲਾ ਬੇਹੱਦ ਮੰਦਭਾਗਾ ਅਤੇ ਨਿੰਦਣਯੋਗ ਹੈ। ਅਜਿਹੀਆਂ ਘਟਨਾਵਾਂ ਜਮਹੂਰੀ ਕਦਰਾਂ-ਕੀਮਤਾਂ ਅਤੇ ਸਮਾਜਕ ਸਦਭਾਵਨਾ ਨੂੰ ਨੁਕਸਾਨ ਪਹੁੰਚਾਉਂਦੀਆਂ ਹਨ। ਬਾਜਵਾ ਨੇ ਸਾਰੇ ਹਿੱਸੇਦਾਰਾਂ ਨੂੰ ਸ਼ਾਂਤੀ ਅਤੇ ਗੱਲਬਾਤ ਦੇ ਮਾਹੌਲ ਨੂੰ ਪ੍ਰਮੋਟ ਕਰਨ ਲਈ ਇੱਕੱਠੇ ਹੋਣ ਦੀ ਅਪੀਲ ਕੀਤੀ।
ਨਰਾਇਣ ਸਿੰਘ ਦੀ ਪਛਾਣ
ਨਰਾਇਣ ਸਿੰਘ ਚੌਰਾ, ਜੋ ਪਹਿਲਾਂ ਕਾਂਗਰਸੀ ਮੁੱਖ ਮੰਤਰੀ ਸਵਰਗੀ ਬੇਅੰਤ ਸਿੰਘ ਦੇ ਕਤਲ ਕੇਸ ਵਿੱਚ ਸ਼ਾਮਲ ਸੀ, ਨੂੰ ਮੌਕੇ ਤੇ ਕਾਬੂ ਕਰ ਲਿਆ ਗਿਆ ਹੈ।
ਸਮਾਜਿਕ ਸਦਭਾਵਨਾ ਦੀ ਜ਼ਰੂਰਤ
ਬਾਜਵਾ ਨੇ ਕਿਹਾ ਕਿ ਅਜਿਹੀਆਂ ਘਟਨਾਵਾਂ ਸਮਾਜਕ ਸਦਭਾਵਨਾ ਨੂੰ ਖਤਰਾ ਪੈਦਾ ਕਰਦੀਆਂ ਹਨ। ਪੰਜਾਬ ਨੂੰ ਸ਼ਾਂਤੀ, ਸਤਿਕਾਰ ਅਤੇ ਸਮਝ ਦੀ ਧਰਤੀ ਬਣਾਈ ਰੱਖਣ ਲਈ ਸਾਰੇ ਵਰਗਾਂ ਨੂੰ ਸੰਜਮ ਅਤੇ ਏਕਤਾ ਨਾਲ ਕੰਮ ਕਰਨ ਦੀ ਲੋੜ ਹੈ।
ਹਮਲੇ ਦੀ ਪੂਰੀ ਜਾਂਚ ਦੀ ਮੰਗ
ਪ੍ਰਤਾਪ ਸਿੰਘ ਬਾਜਵਾ ਸਮੇਤ ਕਈ ਸਿਆਸੀ ਆਗੂਆਂ ਨੇ ਸਰਕਾਰ ਨੂੰ ਇਸ ਮਾਮਲੇ ਦੀ ਪੂਰੀ ਜਾਂਚ ਕਰਨ ਦੀ ਮੰਗ ਕੀਤੀ ਹੈ।