ਇੰਗਲੈਂਡ ‘ਚ ਭਾਈ ਕਪਤਾਨ ਸਿੰਘ ‘ਤੇ ਹਮਲਾ ਕਾਇਰਤਾ ਭਰੀ ਹਰਕਤ- ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ

ਜਲੰਧਰ,ਪਿਛਲੇ ਦਿਨੀਂ ਇੰਟਰਨੈਸ਼ਨਲ ਪੰਥਕ ਦਲ ਦੇ ਸਿਰਕੱਢ ਆਗੂ ਭਾਈ ਕਪਤਾਨ ਸਿੰਘ ‘ਤੇ ਗੁਰਦੁਆਰਾ ਸੈਜਲੀ ਸਟਰੀਟ ਵਿਖੇ ਜੋ ਜਾਨਲੇਵਾ ਹਮਲਾ ਕੀਤਾ ਗਿਆ ਅਤੇ ਜਿਸ ਵਿੱਚ ਭਾਈ ਕਪਤਾਨ ਸਿੰਘ ਬੁਰੀ ਤਰ੍ਹਾਂ ਜ਼ਖਮੀਂ ਹੋ ਗਏ ਅਤੇ ਪੁਲਸ ਵੱਲੋਂ ਮੌਕੇ ‘ਤੇ ਦਖਲ ਦੇ ਕੇ ਭਾਈ ਕਪਤਾਨ ਸਿੰਘ ਨੂੰ ਹਸਪਤਾਲ ਪਹੁੰਚਾਇਆ ਗਿਆ। ਇਹ ਇੱਕ ਅਤਿਅੰਤ ਨਿੰਦਣਯੋਗ ਹਰਕਤ ਹੈ ਜੋ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਹਜੂਰੀ ਵਿੱਚ ਕੀਤੀ ਗਈ
ਉਕਤ ਵਿਚਾਰ ਪ੍ਰਗਟ ਕਰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਜਸਵੀਰ ਸਿੰਘ ਰੋਡੇ ਨੇ ਦਸਿਆ ਕਿ ਆਪਣੇ ਆਪ ਨੂੰ ਮਾਰਸ਼ਲ ਜਥੇਬੰਦੀ ਤੇ ਸਿੱਖ ਕੌਮ ਦੀ ਆਜ਼ਾਦੀ ਦੀ ਗੱਲ ਕਰਨ ਵਾਲੀ ਅਤੇ ਖਾਲਿਸਤਾਨ ਲਈ ਜੂਝਣ ਵਾਲੀ ਤੇ ਹੋਰ ਕਈ ਤਰ੍ਹਾਂ ਦੇ ਵਿਸ਼ਲੇਸ਼ਨ ਰੱਖਦੀ ਹੈ, ਜਿਸ ਨੇ ਓਪਰੇ ਬੰਦਿਆਂ ਨੂੰ ਸੱਦ ਕੇ ਇਸ ਘਿਨਾਉਣੀ ਹਰਕਤ ਨੂੰ ਅੰਜਾਮ ਦਿਤਾ ਹੈ, ਪਰ ਅਜਿਹੇ ਮਾੜੇ ਕਾਰਨਾਮਿਆਂ ਦੇ ਕਦੇ ਚੰਗੇ ਨਤੀਜੇ ਨਹੀਂ ਹੁੰਦੇ। ਸਿੰਘ ਸਾਹਿਬ ਨੇ ਅੱਗੇ ਕਿਹਾ ਕਿ ਇਹ ਕਿੰਨੀ ਕੁ ਬਹਾਦਰੀ ਦੀ ਗੱਲ ਹੈ ਕਿ 15-20 ਬੰਦੇ ਭਾਈ ਕਪਤਾਨ ਸਿੰਘ ਨੂੰ ਫੜ ਕੇ ਬੁਰੀ ਤਰ੍ਹਾਂ ਜ਼ਖਮੀਂ ਕਰ ਦੇਣ। ਇਨ੍ਹਾਂ ਹਮਲਾਵਰ ਲੋਕਾਂ ਨੇ ਨਾ ਤਾਂ ਸਾਬਤ ਸੂਰਤ ਦਾਹੜੇ ਕੇਸਾਂ ਦੀ ਕਦਰ ਕੀਤੀ ਅਤੇ ਨਾ ਹੀ ਗੁਰਦੁਆਰਾ ਸਾਹਿਬ ਤੇ ਗੁਰੂ ਸਾਹਿਬ ਦੀ ਮਾਣ ਮਰਿਯਾਦਾ ਦਾ ਖਿਆਲ ਰੱਖਿਆ, ਜਿਸ ਸਬੰਧੀ ਸੰਗਤ ਭਲੀਭਾਂਤ ਜਾਣਦੀ ਹੈ, ਜਲਦੀ ਹੀ ਇਨ੍ਹਾਂ ਅਖੌਤੀ ਪੰਥਕ ਲੋਕਾਂ ਦਾ ਅਸਲੀ ਚਿਹਰਾ ਨੰਗਾ ਹੋ ਜਾਵੇਗਾ। ਇੰਗਲੈਂਡ ਦੀਆਂ ਬਹੁਤ ਸਾਰੀਆਂ ਸੰਗਤਾਂ ਤੇ ਸ਼ਖਸੀਅਤਾਂ ਨੇ ਭਾਈ ਕਪਤਾਨ ਸਿੰਘ ਨਾਲ ਹਮਦਰਦੀ ਪ੍ਰਗਟਾਈ ਹੈ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਤਾ ਹੈ। ਸਿੰਘ ਸਾਹਿਬ ਨੇ ਕਿਹਾ ਕਿ ਅਸੀਂ ਸਮੁੱਚੇ ਇੰਟਰਨੈਸ਼ਨਲ ਪੰਥਕ ਵੱਲੋਂ ਉਨ੍ਹਾਂ ਸਭ ਲੋਕਾਂ ਦਾ ਧੰਨਵਾਦ ਕਰਦੇ ਹਾਂ। ਜਿਨ੍ਹਾਂ ਨੇ ਇਸ ਦੁੱਖ ਦੀ ਘੜੀ ਵਿੱਚ ਭਾਈ ਕਪਤਾਨ ਸਿੰਘ ਲਈ ਹਾਅ ਦਾ ਨਾਅਰਾ ਮਾਰਿਆ ਹੈ ਅਤੇ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਭਰੋਸਾ ਦਿਤਾ, ਅਸੀਂ ਇੰਗਲੈਂਡ ਦੀ ਸਮੁੱਚੀ ਇੰਟਰਨੈਸ਼ਨਲ ਪੰਥਕ ਦਲ ਦੀ ਜਥੇਬੰਦੀ ਨੂੰ ਅਪੀਲ ਕਰਦੇ ਹਾਂ ਕਿ ਉਹ ਪੂਰੀ ਤਰ੍ਹਾਂ ਜ਼ਾਬਤੇ ਵਿੱਚ ਰਹਿਣ ਕਿਉਂਕਿ ਕਾਨੂੰਨ ਨੇ ਆਪਣੀ ਕਾਰਵਾਈ ਕਰਨੀ ਹੈ। ਬਾਕੀ ਗੁਰੂ ਸਾਹਿਬਾਨ ਆਪ ਜਾਣਦੇ ਹਨ, ਸਮੇਂ ਨਾਲ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਣਾ ਹੈ।