Attack on excise team in Jalandhar Cantt: Smuggler caught with illegal liquor freed by people
ਜਲੰਧਰ ਕੈਂਟ ‘ਚ ਐਕਸਾਈਜ਼ ਟੀਮ ‘ਤੇ ਹਮਲਾ: ਨਜਾਇਜ਼ ਸ਼ਰਾਬ ਸਣੇ ਫੜੇ ਤਸਕਰ ਨੂੰ ਲੋਕਾਂ ਨੇ ਛੁਡਵਾਇਆ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਜਲੰਧਰ ਕੈਂਟ ਖੇਤਰ ਵਿੱਚ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ (ਰੇਡ) ਕਰਨ ਗਈ ਐਕਸਾਈਜ਼ ਵਿਭਾਗ ਦੀ ਟੀਮ ‘ਤੇ ਸਥਾਨਕ ਲੋਕਾਂ ਵੱਲੋਂ ਹਮਲਾ ਕਰਨ ਅਤੇ ਨਜਾਇਜ਼ ਸ਼ਰਾਬ ਸਮੇਤ ਕਾਬੂ ਕੀਤੇ ਗਏ ਇੱਕ ਤਸਕਰ ਨੂੰ ਜ਼ਬਰਦਸਤੀ ਛੁਡਵਾ ਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ, 31 ਅਗਸਤ 2026 ਨੂੰ ਐਕਸਾਈਜ਼ ਇੰਸਪੈਕਟਰ ਸੁਸ਼ੀਲ ਸਿੰਘ, ਇੰਸਪੈਕਟਰ ਮਨਜੀਤ ਸਿੰਘ ਅਤੇ ਇੰਸਪੈਕਟਰ ਸਾਹਿਲ ਰੰਗਾ ਨੇ ਐਕਸਾਈਜ਼ ਪੁਲਸ ਟੀਮ ਦੇ ਨਾਲ ਮਿਲ ਕੇ ਇੱਕ ਸਾਂਝੀ ਕਾਰਵਾਈ ਕੀਤੀ। ਇਹ ਰੇਡ ਜਾਲੰਧਰ ਰੇਂਜ-II ਦੀ ਏ.ਸੀ. (ਐਕਸ.) ਹਰਸਿਮਰਤ ਕੌਰ ਗ੍ਰੇਵਾਲ ਦੇ ਨਿਰਦੇਸ਼ਾਂ ਅਤੇ ਈ.ਓ. ਸੁਨੀਲ ਗੁਪਤਾ ਤੇ ਈ.ਓ. ਜਸਪ੍ਰੀਤ ਸਿੰਘ ਦੀ ਦੇਖਰੇਖ ਹੇਠ ਕੀਤੀ ਗਈ। ਟੀਮ ਨੇ ਜਲੰਧਰ ਕੈਂਟ ਦੇ ਮੁਹੱਲਾ ਨੰਬਰ 30 (ਮਕਾਨ ਨੰਬਰ 87) ਵਿਖੇ ਰਹਿਣ ਵਾਲੇ ਵਿਕਾਸ ਰਾਜ ਉਰਫ਼ ਬੱਟਾ (ਪੁੱਤਰ ਵਿਜੇ ਕੁਮਾਰ) ਦੇ ਘਰ ਛਾਪਾ ਮਾਰਿਆ ਸੀ। ਛਾਪੇਮਾਰੀ ਦੌਰਾਨ ਐਕਸਾਈਜ਼ ਟੀਮ ਨੇ ਮੌਕੇ ਤੋਂ ਪੰਜਾਬ ਕਿੰਗਜ਼ ਵ੍ਹਿਸਕੀ ਦੀਆਂ 3 ਬੋਤਲਾਂ (ਹਰ ਇੱਕ 750 ml) ਅਤੇ 90 ਨਿੱਪਾਂ (ਹਰ ਇੱਕ 180 ml) ਸਮੇਤ ਕੁੱਲ 93 ਬੋਤਲਾਂ/ਨਿੱਪਾਂ ਬਰਾਮਦ ਕੀਤੀਆਂ। ਬਰਾਮਦ ਕੀਤੀਆਂ ਗਈਆਂ ਇਨ੍ਹਾਂ ਸਾਰੀਆਂ ਬੋਤਲਾਂ ਤੋਂ ਟਰੈਕ ਐਂਡ ਟਰੇਸ ਹੋਲੋਗ੍ਰਾਮ ਫਾੜੇ ਹੋਏ ਸਨ। ਅਧਿਕਾਰੀਆਂ ਅਨੁਸਾਰ ਆਰੋਪੀ ਇੱਕ ਆਦਤਨ ਅਪਰਾਧੀ ਹੈ। ਕਾਰਵਾਈ ਦੌਰਾਨ ਜਦੋਂ ਐਕਸਾਈਜ਼ ਟੀਮ ਨੇ ਆਰੋਪੀ ਨੂੰ ਹਿਰਾਸਤ ਵਿੱਚ ਲਿਆ, ਤਾਂ ਉਸਦੇ ਪਰਿਵਾਰਕ ਮੈਂਬਰਾਂ ਨੇ ਗੁਆਂਢੀਆਂ ਨਾਲ ਸੰਪਰਕ ਕੀਤਾ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਸਥਾਨਕ ਲੋਕ ਉੱਥੇ ਇਕੱਠੇ ਹੋ ਗਏ ਅਤੇ ਆਰੋਪੀ ਨੂੰ ਟੀਮ ਦੇ ਚੁੰਗਲ ਵਿੱਚੋਂ ਛੁਡਵਾ ਕੇ ਭਜਾਉਣ ਵਿੱਚ ਕਾਮਯਾਬ ਹੋ ਗਏ। ਇਸ ਹੰਗਾਮੇ ਦੌਰਾਨ ਸਥਾਨਕ ਲੋਕਾਂ ਨੇ ਐਕਸਾਈਜ਼ ਪੁਲਸ ਮੁਲਾਜ਼ਮਾਂ ਨਾਲ ਹੱਥੋਪਾਈ ਕੀਤੀ, ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਇਸ ਘਟਨਾ ਤੋਂ ਬਾਅਦ ਐਕਸਾਈਜ਼ ਟੀਮ ਦੇ ਬਿਆਨਾਂ ਦੇ ਆਧਾਰ ‘ਤੇ ਸਥਾਨਕ ਪੁਲਸ ਸਟੇਸ਼ਨ ਜਲੰਧਰ ਕੈਂਟ ਵਿਖੇ ਰਿਪੋਰਟ ਦਰਜ ਕਰਵਾਈ ਗਈ ਹੈ। ਪੁਲਸ ਸਟੇਸ਼ਨ ਜਲੰਧਰ ਕੈਂਟ ਵਿੱਚ ਮੁਕੱਦਮਾ ਦਰਜ ਕਰਨ ਦੀ ਪ੍ਰਕਿਰਿਆ ਚੱਲ ਰਹੀ ਹੈ।

