“Now Outsiders Can Be Recruited in BBMB as Centre Amends 1974 Rules”
“BBMB ‘ਚ ਹੁਣ ਪੰਜਾਬ-ਹਰਿਆਣਾ ਤੋਂ ਬਾਹਰ ਵਾਲੇ ਲੋਕਾਂ ਦੀ ਹੋਵੇਗੀ ਭਰਤੀ !”

14 ਅਪ੍ਰੈਲ 2026 ਚੰਡੀਗੜ੍ਹ – ਕੇਂਦਰੀ ਬਿਜਲੀ ਮੰਤਰਾਲੇ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ (BBMB) ਨਿਯਮਾਂ 1974 ਵਿਚ ਮੁੱਖ ਸੋਧਾਂ ਸਬੰਧੀ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਇਸ ਸੋਧ ਤੋਂ ਬਾਅਦ ਮੈਂਬਰ (ਪਾਵਰ) ਅਤੇ ਮੈਂਬਰ (ਇਰੀਗੇਸ਼ਨ) ਵਰਗੀਆਂ ਉੱਚ ਅਹੁਦਿਆਂ ਲਈ ਭਰਤੀ ਹੁਣ ਪੰਜਾਬ ਅਤੇ ਹਰਿਆਣਾ ਤੋਂ ਬਾਹਰ ਵਾਲੇ ਯੋਗ ਉਮੀਦਵਾਰਾਂ ਲਈ ਵੀ ਖੁੱਲ੍ਹੀ ਹੋ ਗਈ ਹੈ।
ਪਹਿਲਾਂ ਇਹ ਅਹੁਦੇ ਆਮ ਤੌਰ ‘ਤੇ ਪੰਜਾਬ ਅਤੇ ਹਰਿਆਣਾ ਦੇ ਅਧਿਕਾਰੀਆਂ ਲਈ ਹੀ ਰਾਖਵੇਂ ਰਹਿੰਦੇ ਸਨ। ਨਵੀਂ ਸੋਧ ਅਨੁਸਾਰ ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਨੂੰ ਤਰਜੀਹ ਦਿੱਤੀ ਜਾਵੇਗੀ, ਪਰ ਯੋਗ ਉਮੀਦਵਾਰ ਨਾ ਮਿਲਣ ‘ਤੇ ਬਾਹਰਲੇ ਰਾਜਾਂ ਤੋਂ ਵੀ ਭਰਤੀ ਹੋ ਸਕਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਅਹੁਦਿਆਂ ਲਈ ਯੋਗਤਾ ਅਤੇ ਤਜਰਬੇ ਦੀਆਂ ਸ਼ਰਤਾਂ ਵੀ ਸਖ਼ਤ ਕੀਤੀਆਂ ਗਈਆਂ ਹਨ।
ਪੰਜਾਬ ਸਰਕਾਰ ਨੇ ਇਸ ਤਰ੍ਹਾਂ ਦੇ ਬਦਲਾਅ ਦਾ ਪਹਿਲਾਂ ਵੀ ਵਿਰੋਧ ਕੀਤਾ ਸੀ। 2022 ਵਿਚ ਹੋਏ ਨਿਯਮ ਬਦਲਾਅ ਵਿਚ ਵੀ ਖੁੱਲ੍ਹੀ ਭਰਤੀ ਦੀ ਆਗਿਆ ਦਿੱਤੀ ਗਈ ਸੀ, ਜਿਸ ਉੱਤੇ ਪੰਜਾਬ ਨੇ ਤਿੱਖਾ ਵਿਰੋਧ ਜਤਾਇਆ ਸੀ। ਇਸ ਨਵੀਂ ਨੋਟੀਫਿਕੇਸ਼ਨ ਤੋਂ ਬਾਅਦ ਪੰਜਾਬ ਵਿਚ ਚਰਚਾ ਛਿੜ ਗਈ ਹੈ ਕਿ ਇਸ ਨਾਲ ਉਨ੍ਹਾਂ ਦਾ BBMB ਵਿਚ ਪ੍ਰਭਾਵ ਘਟ ਸਕਦਾ ਹੈ।
ਕੇਂਦਰ ਨੇ ਇਹ ਸੋਧ ਪੰਜਾਬ ਰੀਆਰਗੇਨਾਈਜ਼ੇਸ਼ਨ ਐਕਟ 1966 ਦੀ ਧਾਰਾ 97 ਤਹਿਤ ਕੀਤੀ ਹੈ ਅਤੇ ਇਹ ਤੁਰੰਤ ਲਾਗੂ ਹੋ ਗਈ ਹੈ। ਇਸ ਤੋਂ ਬਾਅਦ ਭਰਤੀ ਪ੍ਰਕਿਰਿਆ ਵਿਚ ਵੱਡੀਆਂ ਤਬਦੀਲੀਆਂ ਆਉਣ ਦੀ ਉਮੀਦ ਹੈ। ਪੰਜਾਬ ਸਰਕਾਰ ਵੱਲੋਂ ਇਸ ਮਾਮਲੇ ‘ਤੇ ਵਧੇਰੇ ਵਿਰੋਧ ਜਤਾਉਣ ਅਤੇ ਆਪਣੇ ਹੱਕਾਂ ਦੀ ਰੱਖਿਆ ਲਈ ਕਦਮ ਚੁੱਕਣ ਦੀ ਸੰਭਾਵਨਾ ਹੈ।
