“No Work by Putting Knee on Neck, Strict Action Against Blackmailers: CM Bhagwant Mann”
“ਧੌਣ ‘ਤੇ ਗੋਡਾ ਰੱਖ ਕੇ ਕੰਮ ਨਹੀਂ ਚੱਲਣਾ, ਬਲੈਕਮੇਲ ਕਰਨ ਵਾਲਿਆਂ ਉੱਤੇ ਹੋਵੇਗੀ ਸਖ਼ਤ ਕਾਰਵਾਈ: CM ਮਾਨ”

1 ਅਪ੍ਰੈਲ 2026 ਚੰਡੀਗੜ੍ਹ – ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆੜ੍ਹਤੀਆਂ ਨਾਲ ਹੋਣ ਵਾਲੀ ਮੀਟਿੰਗ ਤੋਂ ਪਹਿਲਾਂ ਸਖ਼ਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਕਿ ਧੌਣ ‘ਤੇ ਗੋਡਾ ਰੱਖ ਕੇ ਕੰਮ ਕਰਵਾਉਣਾ ਨਹੀਂ ਚੱਲੇਗਾ। ਜੇਕਰ ਕੋਈ ਬਲੈਕਮੇਲ ਕਰੇਗਾ ਤਾਂ ਉਸ ਉੱਤੇ ਸਖ਼ਤ ਕਾਰਵਾਈ ਹੋਵੇਗੀ।
ਮਾਨ ਨੇ ਕਿਹਾ, “ਜੇ ਤੁਸੀਂ ਸੋਚਦੇ ਹੋ ਕਿ ਧੌਣ ‘ਤੇ ਗੋਡਾ ਰੱਖ ਕੇ ਕੰਮ ਕਰਵਾ ਲਓਗੇ ਤਾਂ ਇਹ ਕੰਮ ਨਹੀਂ ਚੱਲਣਾ।” ਉਨ੍ਹਾਂ ਇਹ ਵੀ ਦੱਸਿਆ ਕਿ ਆੜ੍ਹਤੀਆਂ ਦੀਆਂ ਮੰਗਾਂ ਮੁੱਖ ਤੌਰ ਉੱਤੇ ਕੇਂਦਰ ਸਰਕਾਰ ਨਾਲ ਜੁੜੀਆਂ ਹਨ ਤੇ ਉਹ ਕਮਿਸ਼ਨ ਵਧਾਉਣ ਦੀ ਮੰਗ ਕਰ ਰਹੇ ਹਨ। ਫਿਰ ਵੀ ਉਨ੍ਹਾਂ ਕਿਹਾ ਕਿ ਸਾਡੇ ਨਾਲ ਕੋਈ ਵਾਸਤਾ ਨਾ ਹੋਣ ਦੇ ਬਾਵਜੂਦ ਅੱਜ ਉਹ ਆੜ੍ਹਤੀਆਂ ਨਾਲ ਮੀਟਿੰਗ ਕਰਨਗੇ।
ਮੁੱਖ ਮੰਤਰੀ ਨੇ ਆੜ੍ਹਤੀਆਂ ਨੂੰ ਸਾਫ਼ ਸੰਦੇਸ਼ ਦਿੱਤਾ ਕਿ ਬਲੈਕਮੇਲ ਜਾਂ ਦਬਾਅ ਬਣਾਉਣ ਨਾਲ ਕੰਮ ਨਹੀਂ ਚੱਲੇਗਾ। ਉਨ੍ਹਾਂ ਕਿਹਾ ਕਿ ਸਰਕਾਰ ਖੇਤੀਬਾੜੀ ਨਾਲ ਜੁੜੀਆਂ ਸਾਰੀਆਂ ਧਿਰਾਂ ਨਾਲ ਗੱਲਬਾਤ ਰਾਹੀਂ ਮਸਲਾ ਹੱਲ ਕਰਨ ਲਈ ਤਿਆਰ ਹੈ। ਇਸ ਬਿਆਨ ਤੋਂ ਬਾਅਦ ਆੜ੍ਹਤੀਆਂ ਤੇ ਸਰਕਾਰ ਵਿਚਾਲੇ ਹੋਣ ਵਾਲੀ ਮੀਟਿੰਗ ਉੱਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।
