Bhawanigarh professor creates history, prepares world’s largest Punjabi parada, 17 feet long
ਭਵਾਨੀਗੜ੍ਹ ਦੇ ਪ੍ਰੋਫੈਸਰ ਨੇ ਰਚਿਆ ਇਤਿਹਾਸ, ਤਿਆਰ ਕੀਤਾ 17 ਫੁੱਟ ਲੰਮਾ ਦੁਨੀਆ ਦਾ ਸਭ ਤੋਂ ਵੱਡਾ ਪੰਜਾਬੀ ਪਰਾਂਦਾ
ਭਵਾਨੀਗੜ੍ਹ (ਆਵਾਜ਼ਿ ਕੌਮ ਬਿਊਰੋ)-ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਵਿਸ਼ਵ ਪੱਧਰ ‘ਤੇ ਨਵੀਂ ਪਛਾਣ ਦਿਵਾਉਂਦਿਆਂ ਭਵਾਨੀਗੜ੍ਹ ਦੇ ਜੰਮਪਲ ਅਤੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਦੇ ਫਾਈਨ ਆਰਟਸ ਵਿਭਾਗ ਦੇ ਮੁਖੀ ਅਤੇ ਸਹਾਇਕ ਪ੍ਰੋਫੈਸਰ ਸੰਦੀਪ ਸਿੰਘ ਨੇ ਆਪਣੇ ਵਿਦਿਆਰਥੀਆਂ ਦੇ ਸਹਿਯੋਗ ਨਾਲ 17 ਫੁੱਟ ਲੰਮਾ ਦੁਨੀਆ ਦਾ ਸਭ ਤੋਂ ਲੰਮਾ ਪੰਜਾਬੀ ਪਰਾਂਦਾ ਤਿਆਰ ਕਰਕੇ ਵਿਸ਼ਵ ਰਿਕਾਰਡ ਕਾਇਮ ਕਰਦਿਆਂ “ਵਰਲਡ ਬੁੱਕ ਆਫ ਰਿਕਾਰਡਜ਼” ਵਿੱਚ ਆਪਣਾ ਰਿਕਾਰਡ ਦਰਜ ਕਰਵਾਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਇਸ ਵਿਲੱਖਣ ਕਲਾਕ੍ਰਿਤੀ ਨੇ ਪੰਜਾਬੀ ਪਰਾਂਦੇ ਨੂੰ ਰਵਾਇਤੀ ਸਿੰਗਾਰ ਦੀ ਵਸਤੂ ਤੋਂ ਉੱਪਰ ਚੁੱਕ ਕੇ ਵਿਸ਼ਵ ਮੰਚ ‘ਤੇ ਨਵੀਂ ਪਛਾਣ ਦਿਵਾਈ ਹੈ। ਪ੍ਰੋ. ਸੰਦੀਪ ਸਿੰਘ ਪਿਛਲੇ 14 ਸਾਲਾਂ ਤੋਂ ਫਾਈਨ ਆਰਟਸ ਦੇ ਅਧਿਆਪਕ ਵਜੋਂ ਸੇਵਾਵਾਂ ਨਿਭਾ ਰਹੇ ਹਨ ਅਤੇ ਕਲਾ ਰਾਹੀਂ ਪੰਜਾਬੀ ਸੱਭਿਆਚਾਰ ਅਤੇ ਵਿਰਾਸਤ ਨੂੰ ਨਵੀਂ ਪੀੜ੍ਹੀ ਨਾਲ ਜੋੜਨ ਲਈ ਲਗਾਤਾਰ ਯਤਨਸ਼ੀਲ ਹਨ। ਉਨ੍ਹਾਂ ਦੀ ਅਗਵਾਈ ਹੇਠ ਵਿਦਿਆਰਥੀਆਂ ਨੇ ਇਸ ਵਿਲੱਖਣ ਪ੍ਰੋਜੈਕਟ ਨੂੰ ਸਫਲਤਾਪੂਰਵਕ ਸਾਕਾਰ ਕੀਤਾ। 17 ਫੁੱਟ ਲੰਬੇ ਇਸ ਪਰਾਂਦੇ ਨੂੰ ਤਿਆਰ ਕਰਨ ਲਈ ਕਰੀਬ 1100 ਰੀਲਾਂ ਧਾਗੇ ਦੀ ਵਰਤੋਂ ਕੀਤੀ ਗਈ। ਇੱਕ ਰੀਲ ਦੀ ਔਸਤ ਲੰਬਾਈ 100 ਫੁੱਟ ਮੰਨਦੇ ਹੋਏ ਇਸ ਕਲਾਕ੍ਰਿਤੀ ਵਿੱਚ ਲਗਭਗ 36,300 ਮੀਟਰ ਧਾਗਾ ਵਰਤਿਆ ਗਿਆ। ਇੰਨੀ ਵੱਡੀ ਮਾਤਰਾ ਵਿੱਚ ਧਾਗੇ ਨੂੰ ਸੁਚੱਜੇ ਅਤੇ ਕਲਾਤਮਕ ਢੰਗ ਨਾਲ ਜੋੜ ਕੇ ਪਰਾਂਦੇ ਦਾ ਰੂਪ ਦੇਣਾ ਆਪਣੇ ਆਪ ਵਿੱਚ ਇੱਕ ਵਿਲੱਖਣ ਅਤੇ ਚੁਣੌਤੀਪੂਰਨ ਕਾਰਨਾਮਾ ਮੰਨਿਆ ਜਾ ਰਿਹਾ ਹੈ। ਇਸ ਰਚਨਾਤਮਕ ਯਤਨ ਵਿੱਚ ਹਰਪ੍ਰੀਤ ਕੌਰ, ਰਮਨਦੀਪ ਕੌਰ, ਜਸਪ੍ਰੀਤ ਕੌਰ, ਕਮਲਪ੍ਰੀਤ ਕੌਰ, ਹਰਮਨਪ੍ਰੀਤ ਕੌਰ, ਲਵਪ੍ਰੀਤ ਸਿੰਘ, ਤਰਨਪ੍ਰੀਤ ਸਿੰਘ, ਰਾਹੁਲ ਸਿੰਘ, ਜਗਜੀਤ ਸਿੰਘ, ਅਰਸ਼ਦੀਪ ਸਿੰਘ ਅਤੇ ਰਜਤ ਸ਼ੇਖ ਨੇ ਵੀ ਮਹੱਤਵਪੂਰਨ ਯੋਗਦਾਨ ਦਿੱਤਾ। ਪ੍ਰੋ. ਸੰਦੀਪ ਸਿੰਘ ਨੇ ਕਿਹਾ ਕਿ ਇਹ ਸਿਰਫ਼ ਇੱਕ ਵਿਸ਼ਾਲ ਪਰਾਂਦਾ ਬਣਾਉਣ ਦਾ ਉਪਰਾਲਾ ਨਹੀਂ, ਸਗੋਂ ਪੰਜਾਬੀ ਸੱਭਿਆਚਾਰ ਦੀ ਵਿਲੱਖਣ ਪਛਾਣ ਨੂੰ ਕਲਾ ਰਾਹੀਂ ਵਿਸ਼ਵ ਮੰਚ ‘ਤੇ ਪੇਸ਼ ਕਰਨ ਦੀ ਕੋਸ਼ਿਸ਼ ਹੈ। ਉਨ੍ਹਾਂ ਕਿਹਾ ਕਿ ਇਹ ਰਿਕਾਰਡ ਉਨ੍ਹਾਂ ਦੇ ਵਿਦਿਆਰਥੀਆਂ ਦੀ ਮਿਹਨਤ, ਸਮਰਪਣ ਅਤੇ ਸਿਰਜਣਾਤਮਕਤਾ ਦਾ ਨਤੀਜਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਪਰਾਂਦਾ ਸਿਰਫ਼ ਸਿੰਗਾਰ ਦੀ ਵਸਤੂ ਨਹੀਂ, ਸਗੋਂ ਪੰਜਾਬ ਦੀ ਲੋਕ-ਸੱਭਿਆਚਾਰਕ ਵਿਰਾਸਤ ਦਾ ਅਹਿਮ ਪ੍ਰਤੀਕ ਹੈ। ਇਸ ਨੂੰ ਵਿਸ਼ਾਲ ਕਲਾਕ੍ਰਿਤੀ ਦੇ ਰੂਪ ਵਿੱਚ ਤਿਆਰ ਕਰਕੇ ਦੁਨੀਆ ਸਾਹਮਣੇ ਪੇਸ਼ ਕਰਨਾ ਉਨ੍ਹਾਂ ਦਾ ਸੁਪਨਾ ਸੀ, ਜੋ ਹੁਣ ਸਾਕਾਰ ਹੋਇਆ ਹੈ। ਇਸ ਮਾਣਮੱਤੀ ਪ੍ਰਾਪਤੀ ‘ਤੇ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ, ਸੁਨਾਮ ਦੇ ਪ੍ਰਿੰਸੀਪਲ ਸ਼ਾਮ ਸੁੰਦਰ ਅਤੇ ਸਮੂਹ ਸਟਾਫ਼ ਨੇ ਪ੍ਰੋ. ਸੰਦੀਪ ਸਿੰਘ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੰਦਿਆਂ ਸਨਮਾਨਿਤ ਕੀਤਾ। ਇਹ 17 ਫੁੱਟ ਲੰਮਾ ਪੰਜਾਬੀ ਪਰਾਂਦਾ ਹੁਣ ਪੰਜਾਬੀ ਕਲਾ, ਸੱਭਿਆਚਾਰ, ਸਿਰਜਣਾਤਮਕਤਾ ਅਤੇ ਸਮੂਹਿਕ ਮਿਹਨਤ ਦਾ ਪ੍ਰਤੀਕ ਬਣ ਗਿਆ ਹੈ। ਭਵਾਨੀਗੜ੍ਹ ਤੋਂ ਸ਼ੁਰੂ ਹੋਈ ਇਹ ਕਲਾਤਮਕ ਯਾਤਰਾ ਪੰਜਾਬੀ ਵਿਰਾਸਤ ਨੂੰ ਵਿਸ਼ਵ ਪੱਧਰ ‘ਤੇ ਨਵੀਂ ਪਛਾਣ ਦਿਵਾਉਣ ਵਾਲੀ ਮਾਣਮੱਤੀ ਪ੍ਰਾਪਤੀ ਵਜੋਂ ਦਰਜ ਹੋ ਗਈ ਹੈ।

