Big incident: Industrialist cheated of Rs 16 crore by posing as director of AGI Infra, FIR registered against couple
AGI ਇਨਫਰਾ ਦਾ ਡਾਇਰੈਕਟਰ ਦੱਸ ਕੇ ਵੱਡੀ ਵਾਰਦਾਤ: ਉਦਯੋਗਪਤੀ ਨਾਲ 16 ਕਰੋੜ ਦੀ ਠੱਗੀ, ਜੋੜੇ ਖ਼ਿਲਾਫ਼ FIR ਦਰਜ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਸੂਬੇ ਦੀ ਮੰਨੀ-ਪ੍ਰਮੰਨੀ ਰੀਅਲ ਅਸਟੇਟ ਕੰਪਨੀ ਏ. ਜੀ. ਆਈ. ਇਨਫਰਾ ਲਿਮਟਿਡ ਦਾ ਡਾਇਰੈਕਟਰ ਦੱਸ ਕੇ ਲੁਧਿਆਣਾ ਦੇ ਇਕ 82 ਸਾਲਾ ਉਦਯੋਗਪਤੀ ਤੋਂ ਲਗਭਗ 16 ਕਰੋੜ ਦੀ ਧੋਖਾਦੇਹੀ ਦਾ ਮਾਮਲਾ ਸਾਹਮਣੇ ਆਇਆ ਹੈ। ਫਿਲਹਾਲ ਕਮਿਸ਼ਨਰੇਟ ਪੁਲਸ ਨੇ ਜੋੜੇ ਖਿਲਾਫ਼ ਧੋਖਾਦੇਹੀ ਦਾ ਮਾਮਲਾ ਦਰਜ ਕਰ ਲਿਆ ਹੈ ਪਰ ਪੁਲਸ ਨੇ ਇਸ ਮਾਮਲੇ ਵਿਚ ਕਿਸੇ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਲੁਧਿਆਣਾ ਦੇ ਉਦਯੋਗਪਤੀ ਗੁਰਦੇਵ ਨਗਰ ਨਿਵਾਸੀ ਸਤਪਾਲ ਸਚਦੇਵਾ ਨੇ ਦੱਸਿਆ ਕਿ 2019 ਵਿਚ ਜਲੰਧਰ ਨਿਵਾਸੀ ਅਤੁਲ ਮਹਿਤਾ ਨੇ ਉਸ ਨਾਲ ਸੰਪਰਕ ਕੀਤਾ ਅਤੇ ਆਪਣੇ ਆਪ ਨੂੰ ਏ.ਜੀ.ਆਈ. ਇਨਫਰਾ ਲਿਮਟਿਡ ਕੰਪਨੀ ਦਾ ਡਾਇਰੈਕਟਰ ਦੱਸਿਆ। ਪੀੜਤ ਪੱਖ ਨੇ ਦੋਸ਼ ਲਾਇਆ ਕਿ ਉਸ ਨੇ ਇਹ ਵੀ ਦੱਸਿਆ ਕਿ ਉਹ ਕੰਪਨੀ ਵਿਚ ਵੱਡੇ ਅਹੁਦੇ ’ਤੇ ਹੈ ਅਤੇ ਉਹ ਏ.ਜੀ.ਆਈ. ਦੀਆਂ ਸਾਰੀਆਂ ਕਾਲੋਨੀਆਂ ਅਤੇ ਟਾਊਨਸ਼ਿਪਾਂ ਲਈ ਜ਼ਮੀਨ ਦੀ ਖਰੀਦਦਾਰੀ, ਮੋਲ-ਭਾਅ ਅਤੇ ਅੰਤਿਮ ਸੌਦਾ ਕਰਦਾ ਹੈ ਤੇ ਅੱਜਕੱਲ੍ਹ ਰੀਅਲ ਅਸਟੇਟ ਦਾ ਕਾਰੋਬਾਰ ਕਾਫ਼ੀ ਫੈਲ ਰਿਹਾ ਹੈ। ਪੀੜਤ ਪੱਖ ਨੇ ਦੋਸ਼ ਲਗਾਇਆ ਕਿ ਮਹਿਤਾ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਉਸ ਦੇ ਤਜਰਬੇ ਕਾਰਨ ਕਾਫ਼ੀ ਵਾਜਿਬ ਕੀਮਤਾਂ ’ਤੇ ਜ਼ਮੀਨਾਂ ਦੀ ਖਰੀਦਦਾਰੀ ਕਾਰਨ ਰੀਅਲ ਅਸਟੇਟ ਦੀ ਨਾਮੀ ਕੰਪਨੀ ਏ. ਜੀ. ਆਈ. ਇਨਫਰਾ ਲਿਮਟਿਡ ਨੇ ਪਿਛਲੇ ਕੁਝ ਸਮੇਂ ਵਿਚ ਕਾਫ਼ੀ ਮੁਨਾਫ਼ਾ ਕਮਾਇਆ ਹੈ। ਪੀੜਤ ਪੱਖ ਨੇ ਦੋਸ਼ ਲਗਾਇਆ ਕਿ ਉਸ ਨੇ ਉਸ ਨੂੰ ਕਈ ਤਰ੍ਹਾਂ ਦੇ ਸਬਜ਼ਬਾਗ਼ ਦਿਖਾ ਕੇ ਪ੍ਰਾਪਰਟੀ ਵਿਚ ਨਿਵੇਸ਼ ਕਰ ਕੇ ਕੁਝ ਹੀ ਸਮੇਂ ਵਿਚ ਭਾਰੀ ਮੁਨਾਫ਼ਾ ਕਮਾ ਕੇ ਦੇਣ ਦਾ ਝਾਂਸਾ ਦਿੱਤਾ। ਸਚਦੇਵਾ ਨੇ ਦੋਸ਼ ਲਾਇਆ ਕਿ ਅਤੁਲ ਮਹਿਤਾ ਨੇ ਉਸ ਨੂੰ ਕਿਹਾ ਕਿ ਉਸ ਕੋਲ ਚੰਗੀ ਤਰ੍ਹਾਂ ਸਿਖਲਾਈ ਪ੍ਰਾਪਤ ਲੋਕਾਂ ਦਾ ਇਕ ਸਮੂਹ ਕੰਮ ਕਰਦਾ ਹੈ ਜੋ ਜ਼ਮੀਨਾਂ ਉਸ ਨੂੰ ਅੰਤ ਵਿਚ ਇਕ ਵੱਡੀ ਕਾਲੋਨੀ ਵਿਕਸਤ ਕਰਨ ਲਈ ਢੁੱਕਵੀਂ ਲੱਗਦੀਆਂ ਹਨ, ਉਹ ਇਨ੍ਹਾਂ ਸਾਰੀਆਂ ਨੂੰ ਇਕ ਪਾਸ਼ ਕਾਲੋਨੀ ਵਿਕਸਤ ਕਰਨ ਲਈ ਜ਼ਮੀਨ ਦੇ ਵੱਡੇ ਟੁਕੜੇ ਦੇ ਰੂਪ ਵਿਚ ਜੋੜ ਲੈਂਦੇ ਹਨ। ਪੀੜਤ ਪੱਖ ਨੇ ਦੋਸ਼ ਲਾਇਆ ਕਿ ਜਿਸ ਤੋਂ ਬਾਅਦ ਉਸ ਨੇ 6 ਅਗਸਤ 2019 ਨੂੰ 20 ਲੱਖ ਰੁਪਏ ਆਰ. ਟੀ. ਜੀ. ਐੱਸ. ਦੇ ਮਾਧਿਅਮ ਨਾਲ ਅਤੁਲ ਮਹਿਤਾ ਦੇ ਬੈਂਕ ਖਾਤੇ ਵਿਚ ਜਮ੍ਹਾ ਕਰਵਾਏ। ਉਨ੍ਹਾਂ ਦੱਸਿਆ ਕਿ ਜਿਸ ਤੋਂ ਬਾਅਦ ਕੋਰੋਨਾ ਵਾਇਰਸ ਆ ਗਿਆ, ਜਿਸ ਤੋਂ ਬਾਅਦ ਉਨ੍ਹਾਂ ਨੂੰ ਕਿਹਾ ਗਿਆ ਕਿ ਇਹ ਸਮਾਂ ਰੀਅਲ ਅਸਟੇਟ ਵਿਚ ਨਿਵੇਸ਼ ਕਰਨ ਦਾ ਸਹੀ ਸਮਾਂ ਨਹੀਂ ਹੈ। ਉਨ੍ਹਾਂ ਦੱਸਿਆ ਕਿ ਮੈਂ ਮਹਿਤਾ ਨੂੰ ਦੱਸਿਆ ਕਿ ਮੈਂ ਆਪਣੀ ਪੂਰੀ ਜ਼ਿੰਦਗੀ ਦੀ ਮਿਹਨਤ ਦੀ ਕਮਾਈ ਦੀ ਬੈਂਕ ਵਿਚ ਐੱਫ. ਡੀ. ਕਰਵਾ ਰੱਖੀ ਹੈ, ਜਿਸ ਦਾ ਮੈਨੂੰ ਬੈਂਕ ਤੋਂ 7 ਤੋਂ 8 ਪ੍ਰਤੀਸ਼ਤ ਵਿਆਜ ਮਿਲਦਾ ਹੈ। ਪੀੜਤ ਪੱਖ ਨੇ ਦੋਸ਼ ਲਗਾਇਆ ਕਿ ਜਿਸ ਤੋਂ ਬਾਅਦ ਮਹਿਤਾ ਨੇ ਉਸ ਨੂੰ ਕਿਹਾ ਕਿ ਜਿੰਨਾ ਸਮਾਂ ਉਹ ਉਸ ਨੂੰ ਕੋਈ ਰੀਅਲ ਅਸਟੇਟ ਵਿਚ ਸੌਦਾ ਪੱਕਾ ਨਹੀਂ ਕਰਵਾ ਕੇ ਦਿੰਦਾ, ਓਨੇ ਸਮੇਂ ਤੱਕ ਉਹ ਉਨ੍ਹਾਂ ਦੇ ਪੈਸਿਆਂ ਦਾ 12 ਪ੍ਰਤੀਸ਼ਤ ਵਿਆਜ ਦਿੰਦਾ ਰਹੇਗਾ, ਜਿਸ ਤੋਂ ਬਾਅਦ ਉਨ੍ਹਾਂ ਨੇ ਆਪਣੇ ਬੈਂਕ ਤੋਂ ਆਪਣੀ ਐੱਫ. ਡੀ. ’ਤੇ ਕਰਜ਼ਾ ਲੈ ਕੇ ਉਸ ਨੂੰ ਹੋਰ ਪੈਸੇ ਦਿੱਤੇ। ਦੋੋਸ਼ ਹੈ ਕਿ ਸ਼ੁਰੂਆਤੀ ਦੌਰ ਵਿਚ ਮਹਿਤਾ ਸਮੇਂ ਸਿਰ ਵਿਆਜ ਦਿੰਦਾ ਰਿਹਾ, ਜਿਸ ਨਾਲ ਉਨ੍ਹਾਂ ਦਾ ਵਿਸ਼ਵਾਸ ਬਣਿਆ ਰਿਹਾ। ਸ਼ਿਕਾਇਤਕਰਤਾ ਨੇ ਦੋਸ਼ ਲਾਇਆ ਕਿ ਸਾਲ 2022 ਵਿਚ ਮਹਿਤਾ ਨੇ ਜ਼ਮੀਨ ਖਰੀਦਣ ਨੂੰ ਲੈ ਕੇ ਉਨ੍ਹਾਂ ਨਾਲ ਇਕ ਐਗਰੀਮੈਂਟ ਵੀ ਕੀਤਾ। ਇਸ ਤੋਂ ਬਾਅਦ ਟ੍ਰਾਈਸਿਟੀ ਚੰਡੀਗੜ੍ਹ ਵਿਚ ਜ਼ਮੀਨਾਂ ਦੇ ਭਾਅ ਤੇਜ਼ੀ ਨਾਲ ਵਧਣ ਦਾ ਹਵਾਲਾ ਦਿੰਦੇ ਹੋਏ ਉਨ੍ਹਾਂ ਤੋਂ ਹੋਰ ਨਿਵੇਸ਼ ਕਰਨ ਲਈ ਕਿਹਾ ਗਿਆ। ਸ਼ਿਕਾਇਤ ਮੁਤਾਬਕ ਸਾਲ 2024 ਵਿਚ ਜਦੋਂ ਸਤਪਾਲ ਸਚਦੇਵਾ ਨੇ ਮਹਿਤਾ ਤੋਂ ਜ਼ਮੀਨ ਦਿਖਾਉਣ ਅਤੇ ਆਪਣੀ ਰਕਮ ਵਾਪਸ ਕਰਨ ਦੀ ਮੰਗ ਕੀਤੀ ਤਾਂ ਉਹ ਆਪਣੀ ਪਤਨੀ ਨਾਲ ਉਨ੍ਹਾਂ ਦੇ ਘਰ ਪਹੁੰਚਿਆ। ਦੋਸ਼ ਹੈ ਕਿ ਉੱਥੇ ਕਰੀਬ ਡੇਢ ਕਰੋੜ ਰੁਪਏ ਘੱਟ ਦੱਸਦੇ ਹੋਏ ਇਕ ਜ਼ਮੀਨ ਦਾ ਸੌਦਾ ਪੂਰਾ ਕਰਨ ਦੀ ਗੱਲ ਕਹੀ ਗਈ ਅਤੇ ਮਹਿਤਾ ਦੀ ਪਤਨੀ ਦੇ ਖਾਤੇ ਵਿਚੋਂ ਡੇਢ ਕਰੋੜ ਰੁਪਏ ਦਾ ਚੈੱਕ ਵੀ ਦਿੱਤਾ ਗਿਆ। ਸ਼ਿਕਾਇਤਕਰਤਾ ਦਾ ਦੋਸ਼ ਹੈ ਕਿ ਇਸ ਦੇ ਬਾਵਜੂਦ ਨਾ ਤਾਂ ਜ਼ਮੀਨ ਖਰੀਦੀ ਗਈ ਅਤੇ ਨਾ ਹੀ ਉਨ੍ਹਾਂ ਦੀ ਪੂਰੀ ਰਕਮ ਵਾਪਸ ਕੀਤੀ ਗਈ। ਬਾਅਦ ਵਿਚ ਵਿਆਜ ਦੇਣਾ ਵੀ ਬੰਦ ਕਰ ਦਿੱਤਾ ਗਿਆ ਅਤੇ ਰਕਮ ਵਾਪਸ ਮੰਗਣ ’ਤੇ ਲਗਾਤਾਰ ਟਾਲ-ਮਟੋਲ ਕੀਤੀ ਜਾਂਦੀ ਰਹੀ। ਇਸ ਤੋਂ ਬਾਅਦ ਉਨ੍ਹਾਂ ਨੇ ਸੰਬੰਧਤ ਦਸਤਾਵੇਜ਼ਾਂ ਨਾਲ ਪੁਲਸ ਨੂੰ ਸ਼ਿਕਾਇਤ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ। ਪੁਲਸ ਵੱਲੋਂ ਛਾਣਬੀਣ ਤੋਂ ਬਾਅਦ ਮਾਮਲਾ ਦਰਜ ਕੀਤਾ ਗਿਆ। ਦੂਜੇ ਪਾਸੇ, ਇਸ ਸੰਬੰਧ ਵਿਚ ਅਤੁਲ ਮਹਿਤਾ ਨਾਲ ਸੰਪਰਕ ਕਰਨ ਦਾ ਯਤਨ ਕੀਤਾ ਗਿਆ, ਪਰ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ। ਪੁਲਸ ਕਮਿਸ਼ਨਰ ਨੇ ਦੱਸਿਆ ਕਿ ਕਮਿਸ਼ਨਰੇਟ ਪੁਲਸ ਨੇ ਸ਼ਿਕਾਇਤ ਅਤੇ ਉਪਲਬਧ ਦਸਤਾਵੇਜ਼ਾਂ ਦੀ ਛਾਣਬੀਣ ਤੋਂ ਬਾਅਦ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਦੱਸਿਆ ਕਿ ਡੀ. ਏ. ਲੀਗਲ ਦੀ ਰਾਇ ਲੈਣ ਤੋਂ ਬਾਅਦ ਐੱਫ.ਆਈ.ਆਰ. ਦਰਜ ਕੀਤੀ ਗਈ। ਮਾਮਲੇ ਵਿਚ ਦਿੱਤੇ ਗਏ ਚੈੱਕਾਂ ’ਤੇ ਕੀਤੇ ਗਏ ਦਸਤਖਤਾਂ ਦੀ ਛਾਣਬੀਣ ਹੈਂਡਰਾਈਟਿੰਗ ਐਕਸਪਰਟ ਤੋਂ ਕਰਵਾਉਣ ਦੇ ਵੀ ਹੁਕਮ ਜਾਰੀ ਕੀਤੇ ਗਏ ਹਨ। ਪੁਲਸ ਪੂਰੇ ਮਾਮਲੇ ਦੀ ਗੰਭੀਰਤਾ ਨਾਲ ਛਾਣਬੀਣ ਕਰ ਰਹੀ ਹੈ। ਸ਼ਿਕਾਇਤਕਰਤਾ ਸਤਪਾਲ ਸਚਦੇਵਾ ਨੇ ਅਤੁਲ ਮਹਿਤਾ ਵੱਲੋਂ ਦਿੱਤੇ ਗਏ ਕਰੀਬ 99 ਚੈੱਕਾਂ ਦੇ ਦਸਤਖਤਾਂ ਨੂੰ ਲੈ ਕੇ ਵੀ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਸਾਲ 2019 ਵਿਚ ਦਿੱਤੇ ਗਏ ਚੈੱਕਾਂ ’ਤੇ ਕੀਤੇ ਗਏ ਦਸਤਖਤਾਂ ਦੀ ਜਦੋਂ ਉਨ੍ਹਾਂ ਨੇ ਬੈਂਕ ਰਿਕਾਰਡ ਤੋਂ ਛਾਣਬੀਣ ਕਰਵਾਈ ਤਾਂ ਕਥਿਤ ਤੌਰ ’ਤੇ ਦਸਤਖਤ ਵੱਖਰੇ ਪਾਏ ਗਏ। ਸ਼ਿਕਾਇਤਕਰਤਾ ਨੇ ਸੰਬੰਧਤ ਦਸਤਾਵੇਜ਼ ਪੁਲਸ ਨੂੰ ਛਾਣਬੀਣ ਲਈ ਸੌਂਪ ਦਿੱਤੇ ਹਨ। ਏ. ਜੀ. ਆਈ. ਇਨਫਰਾ ਲਿਮਟਿਡ ਦੇ ਐੱਮ. ਡੀ. ਸੁਖਦੇਵ ਸਿੰਘ ਨੇ ਸਪੱਸ਼ਟ ਕੀਤਾ ਕਿ ਕੰਪਨੀ ਦਾ ਇਸ ਮਾਮਲੇ ਵਿਚ ਕੋਈ ਲੈਣ-ਦੇਣ ਨਹੀਂ ਹੈ। ਉਨ੍ਹਾਂ ਕਿਹਾ ਕਿ ਜੇਕਰ ਕੋਈ ਵਿਅਕਤੀ ਕੰਪਨੀ ਦਾ ਨਾਂ ਲੈ ਕੇ ਬਾਜ਼ਾਰ ਵਿਚ ਕਿਸੇ ਕਿਸਮ ਦਾ ਲੈਣ-ਦੇਣ ਕਰ ਰਿਹਾ ਹੈ ਤਾਂ ਉਨ੍ਹਾਂ ਨੂੰ ਇਸ ਦੀ ਜਾਣਕਾਰੀ ਨਹੀਂ ਹੈ। ਸੁਖਦੇਵ ਸਿੰਘ ਨੇ ਲੋਕਾਂ ਨੂੰ ਜਾਗਰੂਕ ਕਰਦਿਆਂ ਕਿਹਾ ਕਿ ਅੱਜ-ਕੱਲ੍ਹ ਕਈ ਲੋਕ ਵੱਡੀਆਂ-ਵੱਡੀਆਂ ਗੱਲਾਂ ਅਤੇ ਆਕਰਸ਼ਕ ਯੋਜਨਾਵਾਂ ਦਿਖਾ ਕੇ ਲੋਕਾਂ ਨੂੰ ਗੁੰਮਰਾਹ ਕਰਦੇ ਹਨ। ਉਨ੍ਹਾਂ ਕਿਹਾ ਕਿ ਕਿਸੇ ਵੀ ਨਿਵੇਸ਼ ਤੋਂ ਪਹਿਲਾਂ ਸੰਬੰਧਤ ਵਿਅਕਤੀ ਅਤੇ ਕੰਪਨੀ ਦੀ ਪੂਰੀ ਜਾਣਕਾਰੀ ਹਾਸਲ ਕਰਨਾ ਬਹੁਤ ਜ਼ਰੂਰੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਅਤੁਲ ਮਹਿਤਾ ਨੇ ਕਾਫੀ ਸਮਾਂ ਪਹਿਲਾਂ ਹੀ ਕੰਪਨੀ ਦੇ ਡਾਇਰੈਕਟਰ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ ਅਤੇ ਉਨ੍ਹਾਂ ਦਾ ਜਾਂ ਉਨ੍ਹਾਂ ਦੀ ਕੰਪਨੀ ਦਾ ਮਹਿਤਾ ਨਾਲ ਹੁਣ ਕਿਸੇ ਕਿਸਮ ਦਾ ਕੋਈ ਸੰਬੰਧ ਨਹੀਂ ਹੈ।

