ਗੁਰਦੁਆਰਾ ਸੈਜਲੀ ਸਟ੍ਰੀਟ ਵਿੱਚ ਵੱਡਾ ਹੰਗਾਮਾ – ਭਾਈ ਕਪਤਾਨ ਸਿੰਘ ਉੱਤੇ ਜਾਨਲੇਵਾ ਹਮਲਾ, ਕਈ ਹੋਰ ਵੀ ਜ਼ਖ਼ਮੀ

ਬਰਮਿੰਘਮ – 14 ਸਤੰਬਰ ਐਤਵਾਰ ਨੂੰ ਗੁਰੂ ਨਾਨਕ ਗੁਰਦੁਆਰਾ ਸੈਜਲੀ ਸਟ੍ਰੀਟ ਬਰਮਿੰਘਮ ਵਿਖੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਭੋਗ ਤੋਂ ਬਾਅਦ ਵਾਪਰੀ ਘਟਨਾ ਨੇ ਸਾਰੀ ਸਿੱਖ ਸੰਗਤ ਨੂੰ ਹੈਰਾਨ ਅਤੇ ਗੁੱਸੇ ਵਿੱਚ ਭਰ ਦਿੱਤਾ ਹੈ। ਟਰੱਸਟੀਜ਼ ਬੋਰਡ ਦੇ ਸਪੋਕਸਮੈਨ ਭਾਈ ਕਪਤਾਨ ਸਿੰਘ ਉੱਤੇ ਗੈਰਵਿਧਾਨਕ ਕਾਬਜ਼ ਕਮੇਟੀ ਦੇ ਬੁਲਾਏ ਹੋਏ ਹੁੱਲੜਬਾਜ਼ਾਂ ਵੱਲੋਂ ਜਾਨਲੇਵਾ ਹਮਲਾ ਕੀਤਾ ਗਿਆ।
ਘਟਨਾ ਦੀ ਸ਼ੁਰੂਆਤ
ਸ੍ਰੀ ਮਲਕੀਤ ਸਿੰਘ ਟਰੱਸਟੀ ਟਰੱਸਟੀਜ਼ ਬੋਰਡ ਵੱਲੋਂ ਚਿੱਠੀ ਲੈ ਕੇ ਸਟੇਜ ਕੋਲ ਗਏ ਅਤੇ ਪੱਖ ਰੱਖਣ ਲਈ ਕੇਵਲ ਪੰਜ ਮਿੰਟ ਦਾ ਸਮਾਂ ਮੰਗਿਆ। ਪਰ ਅਵਤਾਰ ਸਿੰਘ ਅਤੇ ਗੁਰਵਿੰਦਰ ਸਿੰਘ ਨੇ ਚਿੱਠੀ ਪੜ੍ਹਨ ਤੋਂ ਇਨਕਾਰ ਕਰ ਦਿੱਤਾ। ਇਸ ‘ਤੇ ਭਾਈ ਕਪਤਾਨ ਸਿੰਘ ਸਟੇਜ ਦੇ ਨੇੜੇ ਗਏ ਅਤੇ ਨਮਰਤਾ ਨਾਲ ਬੇਨਤੀ ਕੀਤੀ ਕਿ ਸੰਗਤ ਦੇ ਸਾਹਮਣੇ ਚਿੱਠੀ ਪੜ੍ਹਨ ਦਾ ਸਮਾਂ ਦਿੱਤਾ ਜਾਵੇ।
ਉਸ ਵੇਲੇ ਕਿਸੇ ਨੇ ਸਟੇਜ ਦੇ ਸਾਹਮਣੇ ਤੋਂ ਗੁਰਵਿੰਦਰ ਸਿੰਘ ਤੇ ਅਵਤਾਰ ਸਿੰਘ ਨੂੰ ਇਸ਼ਾਰਾ ਕੀਤਾ ਅਤੇ ਲਗਭਗ 15 ਨੌਜਵਾਨ ਇਕੱਠੇ ਹੋ ਗਏ। ਗੁਰਵਿੰਦਰ ਸਿੰਘ, ਮਨਰਾਜ ਸਿੰਘ, ਅਵਤਾਰ ਸਿੰਘ ਅਤੇ ਹਜ਼ਾਰਾ ਸਿੰਘ ਨੇ ਆਵਾਜ਼ ਮਾਰੀ “ਕਪਤਾਨ ਨੂੰ ਧੂਹ ਕੇ ਬਾਹਰ ਲੈ ਜਾਓ”। ਤੁਰੰਤ 15–20 ਹੁੱਲੜਬਾਜ਼ਾਂ ਨੇ ਕਪਤਾਨ ਸਿੰਘ ਨੂੰ ਬਾਹਾਂ, ਗਲ ਅਤੇ ਦਾੜ੍ਹੀ ਤੋਂ ਫੜ ਕੇ ਸਟੇਜ ਤੋਂ ਖਿੱਚ ਲਿਆ ਅਤੇ ਬੇਰਹਿਮੀ ਨਾਲ ਮਾਰਨਾ ਸ਼ੁਰੂ ਕਰ ਦਿੱਤਾ।

ਕੜਿਆਂ ਨਾਲ ਵਾਰ, ਗੰਭੀਰ ਜ਼ਖ਼ਮੀ
ਹੁੱਲੜਬਾਜ਼ਾਂ ਨੇ ਲੋਹੇ ਦੇ ਕੜਿਆਂ ਨਾਲ ਸਿਰ ਤੇ ਚਿਹਰੇ ‘ਤੇ ਵਾਰ ਕੀਤੇ। ਕਪਤਾਨ ਸਿੰਘ ਦੇ ਚਿਹਰੇ ਅਤੇ ਕੱਪੜਿਆਂ ‘ਤੇ ਖੂਨ ਹੀ ਖੂਨ ਹੋ ਗਿਆ। ਗੰਭੀਰ ਹਾਲਤ ਵਿੱਚ ਉਹਨੂੰ ਹਸਪਤਾਲ ਪਹੁੰਚਾਇਆ ਗਿਆ।

ਹੋਰ ਵੀ ਜ਼ਖ਼ਮੀ
ਇਸ ਹਮਲੇ ਦੌਰਾਨ ਮਹਿੰਦਰ ਸਿੰਘ ਤੱਖਰ ਅਤੇ ਰਘਬੀਰ ਸਿੰਘ ਗੀਰਾ ਉੱਤੇ ਵੀ ਹਮਲਾ ਕੀਤਾ ਗਿਆ। ਰਘਬੀਰ ਸਿੰਘ ਦਿਲ ਦੇ ਮਰੀਜ਼ ਹਨ। ਕੁੱਟਮਾਰ ਦੌਰਾਨ ਉਹਨੂੰ ਹਾਰਟ ਅਟੈਕ ਆ ਗਿਆ ਅਤੇ ਸੰਗਤ ਦੇ ਮੈਂਬਰਾਂ ਵੱਲੋਂ ਤੁਰੰਤ ਹਸਪਤਾਲ ਪਹੁੰਚਾਇਆ ਗਿਆ।

ਪੁਲਿਸ ਕਾਰਵਾਈ
ਪੁਲਿਸ ਤੁਰੰਤ ਮੌਕੇ ‘ਤੇ ਪਹੁੰਚ ਗਈ। ਗੰਭੀਰ ਰੂਪ ਨਾਲ ਜ਼ਖ਼ਮੀ ਹੋਏ ਭਾਈ ਕਪਤਾਨ ਸਿੰਘ ਨੂੰ ਪੁਲਿਸ ਨੇ ਹਸਪਤਾਲ ਦਾਖ਼ਲ ਕਰਵਾਇਆ । ਪੁਲਿਸ ਨੇ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਘਟਨਾ ਦਾ ਪਿਛੋਕੜ
• 7 ਸਤੰਬਰ ਨੂੰ ਸਟੇਜ ਤੋਂ ਐਲਾਨ ਕੀਤਾ ਗਿਆ ਸੀ ਕਿ 14 ਸਤੰਬਰ ਨੂੰ ਟਰੱਸਟੀਜ਼ ਆਪਣਾ ਪੱਖ ਰੱਖ ਸਕਣਗੇ।
• 11 ਸਤੰਬਰ ਨੂੰ ਲਗਭਗ 100 ਸੰਗਤਾਂ ਮੀਟਿੰਗ ਕਰਨ ਗਈਆਂ, ਪਰ ਜਸਪਾਲ ਸਿੰਘ ਨਿੱਜਰ ਨੇ ਲੰਗਰ ਹਾਲ ਵਿੱਚ ਮੀਟਿੰਗ ਕਰਨ ਤੋਂ ਇਨਕਾਰ ਕਰ ਦਿੱਤਾ।
• ਦਫ਼ਤਰ ਵਿੱਚ ਗੱਲਬਾਤ ਦੌਰਾਨ ਕਪਤਾਨ ਸਿੰਘ ਨੂੰ “ਮੂੰਹ ਬੰਦ ਕਰਨ” ਦੀਆਂ ਧਮਕੀਆਂ ਦਿੱਤੀਆਂ ਗਈਆਂ।
• 14 ਸਤੰਬਰ ਨੂੰ ਉਹ ਧਮਕੀਆਂ ਅਮਲ ਵਿੱਚ ਬਦਲੀਆਂ ਅਤੇ ਕਪਤਾਨ ਸਿੰਘ ਉੱਪਰ ਜਾਨਲੇਵਾ ਹਮਲਾ ਕਰਵਾ ਦਿੱਤਾ ਗਿਆ।
ਕਮੇਟੀ ਦਾ ਵਿਵਾਦ
ਗੁਰਦੁਆਰਾ ਸੈਜਲੀ ਸਟ੍ਰੀਟ ਦੀ ਕਮੇਟੀ ਦੀ ਮਿਆਦ 2 ਸਾਲ ਲਈ ਹੁੰਦੀ ਹੈ ਜੋ ਮਈ ਦੇ ਪਹਿਲੇ ਹਫ਼ਤੇ ਖ਼ਤਮ ਹੋ ਜਾਂਦੀ ਹੈ। ਪਹਿਲਾਂ ਦੀਆਂ ਸਾਰੀਆਂ ਕਮੇਟੀਆਂ ਨੇ ਮਿਆਦ ਪੂਰੀ ਹੋਣ ‘ਤੇ ਅਹੁਦੇ ਛੱਡ ਦਿੱਤੇ ਸਨ। ਪਰ ਇਸ ਵਾਰ ਜਸਪਾਲ ਸਿੰਘ ਨਿੱਜਰ ਅਤੇ ਉਸਦੇ ਕੁਝ ਸਾਥੀ ਗੈਰਵਿਧਾਨਕ ਤੌਰ ‘ਤੇ ਗੁਰਦੁਆਰੇ ਉੱਤੇ ਕਾਬਜ਼ ਹਨ।
45 ਸਾਲਾਂ ਵਿੱਚ ਪਹਿਲੀ ਵਾਰ ਬਿਲਡਿੰਗ ਦੇ ਸੁੰਦਰਿਕਰਨ ਦਾ ਬਹਾਨਾ ਬਣਾ ਕੇ ਗੁਰਦੁਆਰੇ ‘ਤੇ ਕਾਬਜ਼ਾ ਕੀਤਾ ਗਿਆ ਹੈ।
ਵੱਡੀ ਜਥੇਬੰਦੀ ਦਾ ਹੱਥ
ਸੰਗਤ ਨੇ ਦੱਸਿਆ ਹੈ ਕਿ ਇਸ ਹਮਲੇ ਦੇ ਪਿੱਛੇ ਇੰਗਲੈਂਡ ਦੀ ਇਕ ਵੱਡੀ ਜਥੇਬੰਦੀ ਦੇ ਮੁੱਖ ਆਗੂਆਂ ਦਾ ਹੱਥ ਹੈ ਜਿਹੜੇ ਲੰਮੇ ਸਮੇਂ ਤੋਂ ਗੁਰਦੁਆਰੇ ਦੇ ਪ੍ਰਬੰਧ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
ਵਰਣਨਯੋਗ ਗੱਲ ਹੈ ਕਿ ਗੁਰਦੁਆਰਾ ਸੈਜਲੀ ਸਟ੍ਰੀਟ ਦੀ ਕਮੇਟੀ ਦੀ ਮਿਆਦ 2 ਸਾਲ ਲਈ ਹੁੰਦੀ ਹੈ ਜੋ ਹਰ ਮਈ ਦੇ ਪਹਿਲੇ ਹਫ਼ਤੇ ਖ਼ਤਮ ਹੋ ਜਾਂਦੀ ਹੈ। ਇਸ ਵਾਰ ਵੀ ਪ੍ਰਧਾਨ, ਜਨਰਲ ਸਕੱਤਰ, ਸਟੇਜ ਸਕੱਤਰ ਅਤੇ ਹੋਰ ਮੈਂਬਰ ਆਪਣੇ ਅਹੁਦੇ ਵਿਧਾਨ ਮੁਤਾਬਕ ਛੱਡ ਚੁੱਕੇ ਹਨ ਅਤੇ ਸੇਵਾਮੁਕਤ ਹੋ ਚੁੱਕੇ ਹਨ। ਪਰ ਇਸਦੇ ਬਾਵਜੂਦ ਜਸਪਾਲ ਸਿੰਘ ਨਿੱਜਰ ਅਤੇ ਉਸਦੇ ਕੁਝ ਸਾਥੀ ਗੈਰਵਿਧਾਨਕ ਤੌਰ ‘ਤੇ ਗੁਰਦੁਆਰੇ ‘ਤੇ ਕਾਬਜ਼ ਹਨ।
ਇਹ 45 ਸਾਲਾਂ ਵਿੱਚ ਪਹਿਲੀ ਵਾਰ ਹੈ ਕਿ ਬਿਲਡਿੰਗ ਦੇ ਸੁੰਦਰਿਕਰਨ ਦਾ ਬਹਾਨਾ ਬਣਾ ਕੇ ਗੁਰਦੁਆਰੇ ਦੇ ਪ੍ਰਬੰਧ ‘ਤੇ ਗੈਰਵਿਧਾਨਕ ਕਾਬਜ਼ਾ ਕੀਤਾ ਗਿਆ ਹੈ।