ਆਪਣੇ ਹੀ ਬੰਦਿਆਂ ਨੂੰ ਪਾਰਟੀ ਵਿੱਚ ਸ਼ਾਮਲ ਕਰਕੇ ਸੁਖਬੀਰ ਝੂਠੀ ਸਿਆਸੀ ਸ਼ੋਹਰਤ ਵਿੱਚ ਜੁਟਿਆ – ਜੱਥੇਦਾਰ ਵਡਾਲਾ

ਚੰਡੀਗੜ੍ਹ () ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਪਾਰਟੀ ਸਕੱਤਰ ਜਨਰਲ ਜੱਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਸੁਖਬੀਰ ਬਾਦਲ ਤੇ ਵੱਡਾ ਸਿਆਸੀ ਹਮਲਾ ਕਰਦੇ ਹੋਏ, ਸੁਖਬੀਰ ਨੂੰ ਮਿਆਰ ਤੋ ਡਿੱਗੀ ਹੋਈ ਹੋਸ਼ੀ ਅਤੇ ਫੋਕੀ ਸਿਆਸੀ ਸ਼ੋਹਰਤ ਕਰਨ ਵਾਲਾ ਡਰਾਮੇਬਾਜ ਲੀਡਰ ਕਰਾਰ ਦਿੱਤਾ ਹੈ। ਜੱਥੇਦਾਰ ਵਡਾਲਾ ਨੇ ਕਿਹਾ ਕਿ ਇਹ ਕਿੰਨੀ ਹਾਸੋਹੀਣੀ ਸਥਿਤੀ ਹੈ ਕਿ ਸੁਖਬੀਰ ਬਾਦਲ ਆਪਣੇ ਹੀ ਧੜੇ ਦੇ ਬੰਦਿਆਂ ਨੂੰ ਸਿਰਪਾਓ ਦੇਕੇ ਇਹ ਝੂਠ ਦੇ ਦਾਅਵੇ ਕੀਤੇ ਜਾ ਰਹੇ ਹਨ, ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਸਿਆਸੀ ਤੌਰ ਤੇ ਨੈਤਿਕ ਅਗਵਾਈ ਕਰਨ ਦਾ ਅਧਿਕਾਰ ਗੁਆ ਚੁੱਕੇ ਸੁਖਬੀਰ ਬਾਦਲ ਦੀ ਅਗਵਾਈ ਕਬੂਲ ਰਹੇ ਹਨ।
ਸੰਤ ਗੁਰਮੀਤ ਸਿੰਘ ਤਿਲੋਕੇਵਾਲਾ ਅਤੇ ਇੰਦਰਮੋਹਨ ਲਖਮੀਰਵਾਲਾ ਕਦੇ ਪੁਨਰ ਸੁਰਜੀਤ ਅਕਾਲੀ ਦਲ ਦੇ ਮੁੱਢਲੇ ਮੈਂਬਰ ਵੀ ਨਹੀਂ ਬਣੇ
ਜੱਥੇਦਾਰ ਵਡਾਲਾ ਨੇ ਕਿਹਾ ਕਿ ਆਪਣੀ ਸੌਦੇਬਾਜੀ ਦੀ ਫ਼ਿਤਰਤ ਦੇ ਚਲਦੇ ਅਗਾਮੀ ਐਸਜੀਪੀਸੀ ਦੇ ਜਨਰਲ ਇਜਲਾਸ ਤੋਂ ਪਹਿਲਾਂ ਇਹ ਠੀਕ ਉਸੇ ਤਰ੍ਹਾਂ ਦੀ ਸੌਦੇਬਾਜੀ ਵਾਲੀ ਫਿਤਰਤ ਤੇ ਕੰਮ ਕੀਤਾ ਗਿਆ ਹੈ। ਆਪਣੀ ਪੁਰਾਣੀ ਸਕ੍ਰਿਪਟ ਨੂੰ ਨਵੇਂ ਸਿਰੇ ਤੋਂ ਸੌਦੇਬਾਜੀ ਦੇ ਰੂਪ ਵਿੱਚ ਵਰਤਦੇ ਹੋਏ, ਘਰ ਵਾਪਸੀ ਦੇ ਝੂਠੇ ਦਾਅਵੇ ਨਾਲ ਵੱਡੀ ਸਿਆਸੀ ਸੌਦੇਬਾਜੀ ਕੀਤੀ ਗਈ ਹੈ।
ਜੱਥੇਦਾਰ ਵਡਾਲਾ ਨੇ ਕਿਹਾ ਕਿ, ਸੁਖਬੀਰ ਸਿੰਘ ਬਾਦਲ ਨੇ ਬੀਤੇ ਦਿਨ ਝੂਠਾ ਦਾਅਵਾ ਕਰਦਿਆਂ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸੰਤ ਗੁਰਮੀਤ ਸਿੰਘ ਤਿਲੋਕੇਵਾਲਾ ਅਤੇ ਸਰਦਾਰ ਇੰਦਰਮੋਹਨ ਸਿੰਘ ਲਖਮੀਰਵਾਲਾ ਦੀ ਫੋਟੋ ਸਾਂਝੀ ਕਰਕੇ ਕਿਹਾ ਸੀ ਇਹ ਦੋਹੇ ਲੀਡਰ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਤੋਂ ਵਾਪਿਸ ਆਏ ਹਨ। ਅਸੀਂ ਬੜੀ ਸਪੱਸ਼ਟਤਾ ਨਾਲ ਕਹਿ ਰਹੇ ਹਾਂ ਕਿ, ਸੁਖਬੀਰ ਬਾਦਲ ਦੇ ਦਾਅਵੇ ਨਾ ਸਿਰਫ ਨਿਰੋਲ ਝੂਠੇ ਹਨ, ਸਗੋ ਸਿਆਸੀ ਗੁੰਮਰਾਹਕੁੰਨ ਪ੍ਰਚਾਰ ਦਾ ਹਿੱਸਾ ਵੀ ਹਨ। ਇਹਨਾਂ ਦੋਹਾਂ ਆਗੂਆਂ ਨੇ ਭਰਤੀ ਮੁਹਿੰਮ ਵਿੱਚ ਨਾ ਭਰਤੀ ਕੀਤੀ ਅਤੇ ਨਾ ਹੀ ਮੁੱਢਲੀ ਮੈਂਬਰਸ਼ਿਪ ਲਈ, ਇਸ ਲਈ ਇਹਨਾਂ ਦੋਹਾਂ ਆਗੂਆਂ ਦਾ ਪੁਨਰ ਸੁਰਜੀਤ ਸ਼੍ਰੋਮਣੀ ਅਕਾਲੀ ਦਲ ਨਾਲ ਕੋਈ ਵਾਹ ਵਾਸਤਾ ਵੀ ਨਹੀਂ।
ਜੱਥੇਦਾਰ ਵਡਾਲਾ ਨੇ ਸੁਖਬੀਰ ਬਾਦਲ ਨੂੰ ਸਲਾਹ ਦਿੰਦੇ ਕਿਹਾ ਕਿ, ਸੁਖਬੀਰ ਅਜਿਹੀ ਹੋਸ਼ੀ ਅਤੇ ਸੌੜੀ ਸਿਆਸਤ ਨੂੰ ਤਿਆਗਣ, ਨਹੀਂ ਤਾਂ ਹਰ ਵੇਲੇ ਅਜਿਹੇ ਝੂਠੇ ਦਾਅਵਿਆਂ ਨਾਲ ਮਜ਼ਾਕ ਦਾ ਪਾਤਰ ਬਣਦੇ ਰਹਿਣਗੇ। ਜੱਥੇਦਾਰ ਵਡਾਲਾ ਨੇ ਮੀਡੀਆ ਨੂੰ ਖਾਸ ਬੇਨਤੀ ਕੀਤੀ ਕਿ ਸੁਖਬੀਰ ਬਾਦਲ ਦੇ ਝੂਠੇ ਦਾਅਵੇ ਨੂੰ ਪਰੋਸਣ ਤੋਂ ਪਹਿਲਾਂ ਦਾਅਵੇ ਦੀ ਹਕੀਕਤ ਅਤੇ ਤੱਥਾਂ ਨੂੰ ਜਰੂਰ ਚੈੱਕ ਕੀਤਾ ਜਾਵੇ।