ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਨੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਿਆ

ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਪਹੁੰਚੇ। ਇਸ ਮੌਕੇ ਉਨ੍ਹਾਂ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਅਤੇ ਗੁਰਬਾਣੀ ਕੀਰਤਨ ਸਰਵਣ ਕੀਤਾ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਉਹ ਵਾਹਿਗੁਰੂ ਦਾ ਸ਼ੁਕਰਾਨਾ ਕਰਨ ਲਈ ਸੱਚਖੰਡ ਸ੍ਰੀ ਦਰਬਾਰ ਸਾਹਿਬ ਆਏ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਦਿੱਤਾ ਗਿਆ ਬਰਾਬਰਤਾ ਅਤੇ ਸਾਂਝੀਵਾਲਤਾ ਦਾ ਸੰਦੇਸ਼—ਲੰਗਰ ਦੀ ਇੱਕ ਪੰਗਤ, ਚਾਰ ਦਰਵਾਜ਼ਿਆਂ ਵਾਲਾ ਹਰਿਮੰਦਰ ਸਾਹਿਬ ਅਤੇ “ਮਾਣਸ ਕੀ ਜਾਤਿ ਸਭੈ ਏਕੈ ਪਹਿਚਾਣਬੋ”—ਅੱਜ ਵੀ ਸਮਾਜ ਵਿੱਚ ਪੂਰੀ ਤਰ੍ਹਾਂ ਅਮਲ ਵਿੱਚ ਨਹੀਂ ਆ ਸਕਿਆ। ਗੜ੍ਹੀ ਨੇ ਕਿਹਾ ਕਿ ਸਮਾਜ ਸਿਰਫ਼ ਪੰਜਾਬ ਤੱਕ ਸੀਮਿਤ ਨਹੀਂ, ਸਗੋਂ ਸੰਸਾਰ ਦੇ ਕਈ ਦੇਸ਼ਾਂ ਵਿੱਚ ਵੱਸਦੀ ਮਨੁੱਖਤਾ ਤੱਕ ਗੁਰੂਆਂ ਦਾ ਸੰਦੇਸ਼ ਪਹੁੰਚਣਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਕੋਲ ਇਸ ਸਾਲ 3750 ਤੋਂ ਵੱਧ ਜਾਤੀ ਅਤੇ ਧਾਰਮਿਕ ਵਿਤਕਰੇ ਨਾਲ ਸਬੰਧਤ ਸ਼ਿਕਾਇਤਾਂ ਆਈਆਂ ਹਨ, ਜੋ ਇਹ ਦਰਸਾਉਂਦੀਆਂ ਹਨ ਕਿ ਗੁਰਮਤ ਦੀ ਸੋਚ ਨੂੰ ਲਗਾਤਾਰ ਵਿਚਾਰ ਪ੍ਰਵਾਹ ਰਾਹੀਂ ਸਮਾਜ ਵਿੱਚ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਰਾਜਨੀਤੀ ਅਤੇ ਧਰਮ ਦੇ ਸਬੰਧਾਂ ‘ਤੇ ਗੱਲ ਕਰਦਿਆਂ ਕਿਹਾ ਕਿ ਧਰਮ ਦੇ ਨਾਂ ‘ਤੇ ਰਾਜਨੀਤੀ ਨਹੀਂ ਹੋਣੀ ਚਾਹੀਦੀ। ਅਕਾਲ ਤਖ਼ਤ ਸਾਹਿਬ ਦੀ ਸਿਰਜਣਾ ਦਾ ਹਵਾਲਾ ਦਿੰਦਿਆਂ ਉਨ੍ਹਾਂ ਨੇ ਮੀਰੀ-ਪੀਰੀ ਦੇ ਸੰਕਲਪ ਨੂੰ ਯਾਦ ਕਰਵਾਇਆ ਅਤੇ ਕਿਹਾ ਕਿ ਰਾਜਸੱਤਾ ਦਾ ਮਕਸਦ ਦੁੱਖਾਂ, ਦਰਦਾਂ ਅਤੇ ਤਕਲੀਫ਼ਾਂ ਨੂੰ ਖਤਮ ਕਰਨਾ ਹੋਣਾ ਚਾਹੀਦਾ ਹੈ। ਗੜ੍ਹੀ ਨੇ ਪਵਿੱਤਰ ਸ਼ਹਿਰਾਂ ਦੀ ਪਵਿੱਤਰਤਾ ਕਾਇਮ ਰੱਖਣ, ਇਤਿਹਾਸਕ ਧਰੋਹਰਾਂ ਦੀ ਸੰਭਾਲ ਅਤੇ ਸਮਾਜਿਕ ਨਿਆਂ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ ਦੀ ਗੱਲ ਦੋਹਰਾਈ। ਉਨ੍ਹਾਂ ਕਿਹਾ ਕਿ ਜਿੱਥੇ ਵੀ ਅਨਿਆਂ ਹੋਵੇਗਾ, ਕਮਿਸ਼ਨ ਆਪਣੀ ਕਾਨੂੰਨੀ ਤਾਕਤ ਨਾਲ ਕਾਰਵਾਈ ਕਰੇਗਾ ਅਤੇ ਲੋੜ ਪਈ ਤਾਂ ਕੇਂਦਰ ਸਰਕਾਰ ਤੱਕ ਮਾਮਲਾ ਲਿਜਾਇਆ ਜਾਵੇਗਾ।

