Gangwar Fear in Chandigarh: Property Dealer Chini Kubaheri Shot Dead in Broad Daylight in Sector-9
ਚੰਡੀਗੜ੍ਹ ਵਿੱਚ ਗੈਂਗਵਾਰ ਦਾ ਖੌਫ: ਸੈਕਟਰ-9 ‘ਚ ਦਿਨ ਦਿਹਾੜੇ ਗੋਲੀਆਂ ਦੀ ਬਰਸਾਤ, ਚੀਨੀ ਕੁਬਾਹੇੜੀ ਦਾ ਕਤਲ

18 ਮਾਰਚ 2026 ਚੰਡੀਗੜ੍ਹ – ਚੰਡੀਗੜ੍ਹ ਦੇ ਸਭ ਤੋਂ ਪੋਸ਼ ਇਲਾਕਿਆਂ ਵਿੱਚੋਂ ਇੱਕ ਸੈਕਟਰ-9 ਵਿੱਚ ਅੱਜ ਦਿਨ ਦਿਹਾੜੇ ਗੋਲੀਆਂ ਦੀ ਬਰਸਾਤ ਹੋਈ ਜਿਸ ਵਿੱਚ ਪ੍ਰਾਪਰਟੀ ਡੀਲਰ ਚਰਨਪ੍ਰੀਤ ਸਿੰਘ ਉਰਫ਼ ਚੀਨੀ ਕੁਬਾਹੇੜੀ ਨੂੰ ਅਣਪਛਾਤੇ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ। ਇਹ ਘਟਨਾ ਸ਼ਹਿਰ ਵਿੱਚ ਗੈਂਗਸਟਰੀ ਅਤੇ ਅਪਰਾਧ ਵਧਣ ਦਾ ਸਪੱਸ਼ਟ ਸੰਕੇਤ ਹੈ ਅਤੇ ਸੁਰੱਖਿਆ ਪ੍ਰਬੰਧਾਂ ‘ਤੇ ਗੰਭੀਰ ਸਵਾਲ ਖੜ੍ਹੇ ਕਰ ਰਹੀ ਹੈ।
ਮਿਲੀ ਜਾਣਕਾਰੀ ਮੁਤਾਬਕ ਚੀਨੀ ਕੁਬਾਹੇੜੀ ਜਿਮ ਤੋਂ ਬਾਹਰ ਨਿਕਲ ਰਿਹਾ ਸੀ ਜਦੋਂ ਦੋ ਬਾਈਕਾਂ ‘ਤੇ ਆਏ ਹਮਲਾਵਰਾਂ ਨੇ ਉਸ ਨੂੰ ਨਿਸ਼ਾਨਾ ਬਣਾਇਆ। ਹਮਲਾਵਰਾਂ ਨੇ ਕਰੀਬ 10 ਤੋਂ 12 ਗੋਲੀਆਂ ਚਲਾਈਆਂ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਤੁਰੰਤ ਉਸ ਨੂੰ PGI ਹਸਪਤਾਲ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ।
ਸੋਸ਼ਲ ਮੀਡੀਆ ‘ਤੇ ਗੈਂਗਸਟਰ ਲੱਕੀ ਪਟਿਆਲ ਨੇ ਇਸ ਕਤਲ ਦੀ ਜਿੰਮੇਵਾਰੀ ਲੈਣ ਦੀ ਗੱਲ ਵੀ ਸਾਹਮਣੇ ਆਈ ਹੈ ਪਰ ਪੁਲਿਸ ਨੇ ਅਜੇ ਤੱਕ ਇਸ ਦੀ ਅਧਿਕਾਰਕ ਪੁਸ਼ਟੀ ਨਹੀਂ ਕੀਤੀ ਹੈ। ਪੁਲਿਸ ਦੀ ਪ੍ਰਾਰੰਭਿਕ ਜਾਂਚ ਅਨੁਸਾਰ ਇਹ ਮਾਮਲਾ ਪੁਰਾਣੀ ਰੰਜਿਸ਼ ਜਾਂ ਗੈਂਗਵਾਰ ਨਾਲ ਜੁੜਿਆ ਹੋ ਸਕਦਾ ਹੈ। ਮ੍ਰਿਤਕ ਨੂੰ ਪਹਿਲਾਂ ਵੀ ਧਮਕੀਆਂ ਮਿਲ ਰਹੀਆਂ ਸਨ।
ਪੁਲਿਸ ਨੇ ਮੌਕੇ ਤੋਂ ਲਗਭਗ 12 ਖੋਖੇ ਬਰਾਮਦ ਕੀਤੇ ਹਨ ਅਤੇ CCTV ਫੁਟੇਜ ਖੰਗਾਲੀ ਜਾ ਰਹੀ ਹੈ। ਹਮਲਾਵਰਾਂ ਦੀ ਪਛਾਣ ਲਈ ਟੀਮਾਂ ਤੈਨਾਤ ਕੀਤੀਆਂ ਗਈਆਂ ਹਨ। ਇਸ ਵਾਰਦਾਤ ਤੋਂ ਬਾਅਦ ਸੈਕਟਰ-9 ਸਮੇਤ ਪੂਰੇ ਸ਼ਹਿਰ ਵਿੱਚ ਖੌਫ ਦਾ ਮਾਹੌਲ ਹੈ ਅਤੇ ਲੋਕਾਂ ਵਿੱਚ ਸੁਰੱਖਿਆ ਨੂੰ ਲੈ ਕੇ ਚਿੰਤਾ ਵਧ ਗਈ ਹੈ। ਪੁਲਿਸ ਨੇ ਇਲਾਕੇ ਵਿੱਚ ਵੱਧ ਪੁਲਿਸ ਤਾਇਨਾਤੀ ਕੀਤੀ ਹੈ ਅਤੇ ਜਾਂਚ ਜਾਰੀ ਹੈ। ਇਹ ਘਟਨਾ ਚੰਡੀਗੜ੍ਹ ਵਿੱਚ ਵੱਧ ਰਹੀ ਗੈਂਗਸਟਰੀ ਅਤੇ ਅਪਰਾਧ ਦਾ ਸਪੱਸ਼ਟ ਸੰਕੇਤ ਹੈ।
