Clash between Nihang Singhs in Amritsar; a Nihang Singh’s dumala (turban) also came off
ਅੰਮ੍ਰਿਤਸਰ ‘ਚ ਨਿਹੰਗ ਸਿੰਘਾਂ ਦਰਮਿਆਨ ਝੜਪ, ਨਿਹੰਗ ਸਿੰਘ ਦਾ ਦੁਮਾਲਾ ਵੀ ਉੱਤਰ ਗਿਆ
ਅੰਮ੍ਰਿਤਸਰ: ਅੰਮ੍ਰਿਤਸਰ ਦੇ ਝਬਾਲ ਰੋਡ ‘ਤੇ ਨਿਹੰਗ ਸਿੰਘਾਂ ਦੇ ਦੋ ਧੜਿਆਂ ਵਿੱਚ ਝੜਪ ਹੋਣ ਅਤੇ ਬਚਾਅ ਲਈ ਪਹੁੰਚੀ ਪੁਲਸ ਟੀਮ ਦੀ ਮਹਿਲਾ ਐਸ.ਐਚ.ਓ. (SHO) ਨਾਲ ਧੱਕਾਮੁੱਕੀ ਤੇ ਬਦਸਲੂਕੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਨਿਹੰਗ ਸਿੰਘ ਪੰਜਾਬ ਪੁਲਸ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਧਰਨਾ ਦੇ ਰਹੇ ਸਨ। ਇਸੇ ਦੌਰਾਨ ਮੋਟਰਸਾਈਕਲ ’ਤੇ ਇੱਕ ਨਿਹੰਗ ਸਿੰਘ ਉੱਥੇ ਪਹੁੰਚਿਆ। ਧਰਨੇ ’ਤੇ ਬੈਠੇ ਨਿਹੰਗਾਂ ਨੇ ਉਸ ਨੂੰ ਰੋਕ ਲਿਆ ਤੇ ਉਸ ’ਤੇ ਵਿਰੋਧੀ ਪੱਖ ਲਈ ਰੇਕੀ ਕਰਨ ਦਾ ਸ਼ੱਕ ਜਤਾਇਆ, ਜਿਸ ਤੋਂ ਬਾਅਦ ਉਸ ਨਾਲ ਕੁੱਟਮਾਰ ਕੀਤੀ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਐਸ.ਐਚ.ਓ. ਪੁਲਸ ਟੀਮ ਨਾਲ ਮੌਕੇ ‘ਤੇ ਪਹੁੰਚੇ ਅਤੇ ਜ਼ਖ਼ਮੀ ਨਿਹੰਗ ਨੂੰ ਉੱਥੋਂ ਲਿਜਾਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਧਰਨਾਕਾਰੀ ਨਿਹੰਗਾਂ ਨੇ ਪੁਲਸ ‘ਤੇ ਦੂਜੀ ਧਿਰ ਨੂੰ ਬਚਾਉਣ ਦੇ ਦੋਸ਼ ਲਗਾਏ। ਮੌਕੇ ‘ਤੇ ਹੋਈ ਧੱਕਾਮੁੱਕੀ ਅਤੇ ਖਿੱਚਧੂਹ ਦੌਰਾਨ ਮਹਿਲਾ ਐਸ.ਐਚ.ਓ. ਨਾਲ ਬਦਸਲੂਕੀ ਕੀਤੀ ਗਈ ਅਤੇ ਇਸੇ ਹੰਗਾਮੇ ਵਿੱਚ ਇੱਕ ਨਿਹੰਗ ਸਿੰਘ ਦਾ ਦੁਮਾਲਾ ਵੀ ਉੱਤਰ ਗਿਆ। ਬਾਬਾ ਦਰਸ਼ਨ ਸਿੰਘ ਨੇ ਦੋਸ਼ ਲਗਾਇਆ ਹੈ ਕਿ ਨਿਹੰਗ ਮੇਜਰ ਸਿੰਘ ਉਨ੍ਹਾਂ ਦੇ ਪੂਰਵਜਾਂ ਦੀਆਂ ਤਸਵੀਰਾਂ ਦੀ ਵਰਤੋਂ ਕਰਕੇ ਲੋਕਾਂ ਤੋਂ ਪੈਸੇ ਠਗਦਾ ਹੈ। ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਬੀਤੀ ਰਾਤ ਵੀ ਮੇਜਰ ਸਿੰਘ ਦੇ ਕੁਝ ਲੋਕਾਂ ਨੇ ਗੱਡੀਆਂ ਵਿੱਚ ਆ ਕੇ ਮੌਕੇ ‘ਤੇ ਹਵਾਈ ਫਾਇਰਿੰਗ ਕੀਤੀ ਸੀ। ਦੂਜੇ ਪਾਸੇ ਐਸ.ਐਚ.ਓ. ਮਨਜੀਤ ਕੌਰ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਇਹ ਵਿਵਾਦ ਸੜਕ ਤੋਂ ਕੁਝ ਗੱਡੀਆਂ ਲੰਘਣ ਦੇ ਦਾਅਵੇ ਨੂੰ ਲੈ ਕੇ ਸ਼ੁਰੂ ਹੋਇਆ ਸੀ। ਹਾਲਾਂਕਿ, ਡਿਊਟੀ ‘ਤੇ ਤਾਇਨਾਤ ਪੁਲਸ ਮੁਲਾਜ਼ਮਾਂ ਅਨੁਸਾਰ ਰਾਤ ਸਮੇਂ ਉੱਥੋਂ ਕੋਈ ਗੱਡੀ ਨਹੀਂ ਲੰਘੀ ਸੀ। ਪੁਲਸ ਅਨੁਸਾਰ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਦੋਸ਼ੀਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।

