Committed to serving the Panth, Punjab and Halqa Zira: Karnail Singh Peer Mohammad
ਪੰਥ, ਪੰਜਾਬ ਅਤੇ ਹਲਕਾ ਜ਼ੀਰਾ ਦੀ ਸੇਵਾ ਲਈ ਵਚਨਬੱਧ: ਕਰਨੈਲ ਸਿੰਘ ਪੀਰ ਮੁਹੰਮਦ
Chandigarh (ਆਵਾਜ਼ਿ ਕੌਮ ਬਿਊਰੋ)-ਸ਼੍ਰੋਮਣੀ ਅਕਾਲੀ ਦਲ (ਪੁਨਰਸਰਜੀਤ) ਦੇ ਸੀਨੀਅਰ ਮੀਤ ਪ੍ਰਧਾਨ ਅਤੇ ਮੁੱਖ ਬੁਲਾਰੇ ਕਰਨੈਲ ਸਿੰਘ ਪੀਰ ਮੁਹੰਮਦ ਨੇ ਪਾਰਟੀ ਪ੍ਰਧਾਨ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅਤੇ ਸਮੁੱਚੀ ਸੀਨੀਅਰ ਲੀਡਰਸ਼ਿਪ ਦਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਪ੍ਰਗਟਾਇਆ ਹੈ, ਜਿਨ੍ਹਾਂ ਨੇ ਉਨ੍ਹਾਂ ਉੱਤੇ ਭਰੋਸਾ ਜਤਾਉਂਦਿਆਂ ਹਲਕਾ ਜ਼ੀਰਾ ਦੇ ਕੋਆਰਡੀਨੇਟਰ ਦੀ ਅਹਿਮ ਜ਼ਿੰਮੇਵਾਰੀ ਸੌਂਪੀ ਹੈ।
ਪ੍ਰੈੱਸ ਦੇ ਨਾਂ ਬਿਆਨ ਜਾਰੀ ਕਰਦਿਆਂ ਕਰਨੈਲ ਸਿੰਘ ਪੀਰ ਮੁਹੰਮਦ ਨੇ ਆਖਿਆ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਨਵੀਂ ਲੀਡਰਸ਼ਿਪ ਨੂੰ ਉਭਾਰਨ ਅਤੇ ਆਮ ਘਰਾਂ ਦੇ ਨੌਜਵਾਨਾਂ ਨੂੰ ਪੰਥ ਅਤੇ ਪੰਜਾਬ ਦੀ ਸੇਵਾ ਲਈ ਅੱਗੇ ਲਿਆਉਣ ਦਾ ਜੋ ਬੀੜਾ ਚੁੱਕਿਆ ਹੈ, ਉਹ ਬਹੁਤ ਹੀ ਸ਼ਲਾਘਾਯੋਗ ਅਤੇ ਇਤਿਹਾਸਕ ਕਦਮ ਹੈ। ਇਹ ਜ਼ਿੰਮੇਵਾਰੀ ਉਨ੍ਹਾਂ ਲਈ ਸਿਰਫ਼ ਇੱਕ ਅਹੁਦਾ ਨਹੀਂ, ਸਗੋਂ ਹਲਕਾ ਜ਼ੀਰਾ ਖੇਤਰ ਦੇ ਲੋਕਾਂ ਦੀਆਂ ਆਸਾਂ-ਉਮੀਦਾਂ ਨੂੰ ਸਾਕਾਰ ਕਰਨ ਅਤੇ ਇੱਕ ਨਵੀਂ ਦੂਰ-ਅੰਦੇਸ਼ੀ ਸੋਚ ਨਾਲ ਖੇਤਰ ਦੀ ਸੇਵਾ ਕਰਨ ਦਾ ਵੱਡਾ ਮੌਕਾ ਹੈ।
ਉਨ੍ਹਾਂ ਅੱਗੇ ਐਲਾਨ ਕੀਤਾ ਕਿ ਹਲਕਾ ਜ਼ੀਰਾ ਦੇ ਹਰ ਪਿੰਡ, ਸ਼ਹਿਰ ਅਤੇ ਕਸਬੇ ਵਿੱਚ ਨਸ਼ਿਆਂ ਦੇ ਕੋੜ੍ਹ ਨੂੰ ਜੜ੍ਹੋਂ ਖ਼ਤਮ ਕਰਨ ਲਈ ਵਿਸ਼ੇਸ਼ ਨਸ਼ਾ ਵਿਰੋਧੀ ਕਮੇਟੀਆਂ ਦਾ ਗਠਨ ਕੀਤਾ ਜਾਵੇਗਾ। ਕਰਨੈਲ ਸਿੰਘ ਪੀਰ ਮੁਹੰਮਦ ਨੇ ਫ਼ਿਰੋਜ਼ਪੁਰ ਜ਼ਿਲ੍ਹੇ ਦੀ ਸਮੁੱਚੀ ਜਥੇਬੰਦੀ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਭ ਨੂੰ ਨਾਲ ਲੈ ਕੇ ਪੂਰੀ ਇਮਾਨਦਾਰੀ, ਮਿਹਨਤ ਤੇ ਸਮਰਪਣ ਨਾਲ ਹਲਕੇ ਦੇ ਲੋਕਾਂ ਦੇ ਹੱਕਾਂ ਵਾਸਤੇ ਨਿਰੰਤਰ ਡਟੇ ਰਹਿਣਗੇ। ਉਨ੍ਹਾਂ ਅਕਾਲ ਪੁਰਖ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਉਹ ਇਸ ਸੇਵਾ ਨੂੰ ਨਿਭਾਉਣ ਦਾ ਬੱਲ ਬਖ਼ਸ਼ਣ ਅਤੇ ਦੁਹਰਾਇਆ ਕਿ ਉਹ ਪੰਥ, ਪੰਜਾਬ ਅਤੇ ਹਲਕਾ ਜ਼ੀਰਾ ਦੀ ਚੜ੍ਹਦੀ ਕਲਾ ਲਈ ਹਮੇਸ਼ਾ ਹਾਜ਼ਰ ਹਨ।

