Court postpones process of framing charges against Lalu Yadav
ਅਦਾਲਤ ਨੇ ਲਾਲੂ ਯਾਦਵ ਖਿਲਾਫ ਦੋਸ਼ ਤੈਅ ਕਰਨ ਦੀ ਪ੍ਰਕਿਰਿਆ ਟਾਲੀ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦਿੱਲੀ ਦੀ ਇਕ ਅਦਾਲਤ ਨੇ ਸੋਮਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਦੇ ਆਈ. ਆਰ. ਸੀ. ਟੀ. ਸੀ. ਘਪਲਾ ਮਾਮਲੇ ’ਚ ਲਾਲੂ ਪ੍ਰਸਾਦ ਯਾਦਵ ਅਤੇ ਹੋਰਾਂ ਖਿਲਾਫ ਦੋਸ਼ ਆਇਦ ਕਰਨ ’ਤੇ ਆਪਣਾ ਫੈਸਲਾ ਟਾਲ ਦਿੱਤਾ। ਵਿਸ਼ੇਸ਼ ਜੱਜ ਵਿਸ਼ਾਲ ਗੋਗਨੇ ਨੇ ਮਾਮਲੇ ਦੀ ਸੁਣਵਾਈ 10 ਸਤੰਬਰ ਤੱਕ ਮੁਲਤਵੀ ਕਰ ਦਿੱਤੀ। ਰਾਊਜ਼ ਐਵੇਨਿਊ ਅਦਾਲਤ ਤੋਂ ਦਵਾਰਕਾ ਜ਼ਿਲ੍ਹਾ ਅਦਾਲਤ ’ਚ ਵਧੀਕ ਚੀਫ ਜਸਸਿਟ, ਪਰਿਵਾਰ ਅਦਾਲਤ ਵਜੋਂ ਤਬਦੀਲ ਹੋਏ ਜੱਜ ਦੇ ‘ਕੋਰਟ ਸਟਾਫ’ ਨੇ ਦੱਸਿਆ ਕਿ ਮਾਮਲੇ ਦੀ ਸੁਣਵਾਈ ਟਾਲ ਦਿੱਤੀ ਗਈ ਹੈ। ਪਿਛਲੇ ਸਾਲ 13 ਅਕਤੂਬਰ ਨੂੰ ਕਥਿਤ ਆਈ. ਆਰ. ਸੀ. ਟੀ. ਸੀ. ਘਪਲੇ ਨਾਲ ਜੁੜੇ ਸੀ. ਬੀ. ਆਈ. ਦੇ ਇਕ ਮਾਮਲੇ ’ਚ ਅਦਾਲਤ ਨੇ ਯਾਦਵ, ਉਨ੍ਹਾਂ ਦੀ ਪਤਨੀ ਰਾਬੜੀ ਦੇਵੀ, ਪੁੱਤਰ ਤੇਜਸਵੀ ਪ੍ਰਸਾਦ ਯਾਦਵ ਅਤੇ 11 ਹੋਰਾਂ ਖਿਲਾਫ ਧੋਖਾਦੇਹੀ, ਅਪਰਾਧਿਕ ਸਾਜ਼ਿਸ਼ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਹੇਠ ਦੋਸ਼ ਆਇਦ ਕੀਤੇ ਸਨ। ਇਹ ਸਬੰਧਤ ਮਾਮਲਾ ਉਸ ਸਮੇਂ ਦਾ ਹੈ, ਜਦੋਂ ਯਾਦਵ ਰੇਲ ਮੰਤਰੀ ਸਨ ਅਤੇ ਭਾਰਤੀ ਰੇਲਵੇ ਖਾਣ-ਪੀਣ ਅਤੇ ਸੈਰ-ਸਪਾਟਾ ਨਿਗਮ ਲਿਮਟਿਡ ਦੇ ਦੋ ਹੋਟਲਾਂ ਦਾ ਸੰਚਾਲਨ ਠੇਕਾ ਇਕ ਨਿੱਜੀ ਕੰਪਨੀ ਨੂੰ ਦੇਣ ’ਚ ਕਥਿਤ ਗੜਬੜੀ ਹੋਈ ਸੀ।

