Demand letter on ‘Shri Akal Takht Sahib’ by Respect Committee; Claim of 4700 mistakes in printing of sacred images

ਸਤਿਕਾਰ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਮੰਗ ਪੱਤਰ; ਪਾਵਨ ਸਰੂਪਾਂ ਦੀ ਛਪਾਈ ‘ਚ 4700 ਗਲਤੀਆਂ ਦਾ ਦਾਅਵਾ

ਆਲ ਇੰਡੀਆ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਦੇ ਆਗੂ ਬਲਬੀਰ ਸਿੰਘ ਮੁੱਛਲ ਦੀ ਅਗਵਾਈ ਹੇਠ ਇੱਕ ਵਫ਼ਦ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਕੱਤਰੇਤ ਵਿਖੇ ਪਹੁੰਚਿਆ। ਕਮੇਟੀ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਅਤੇ ਮਰਯਾਦਾ ਨੂੰ ਲੈ ਕੇ ਇੱਕ ਮੰਗ ਪੱਤਰ ਜਥੇਦਾਰ ਸਾਹਿਬ ਦੇ ਨਾਂ ਸੌਂਪਿਆ ਗਿਆ, ਜਿਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਬੰਧਾਂ ਅਤੇ ਪਾਵਨ ਸਰੂਪਾਂ ਦੀ ਛਪਾਈ ਵਿੱਚ ਹੋ ਰਹੀਆਂ ਵੱਡੀਆਂ ਕੁਤਾਹੀਆਂ ‘ਤੇ ਗੰਭੀਰ ਸਵਾਲ ਖੜ੍ਹੇ ਕੀਤੇ ਗਏ ਹਨ।ਬਲਬੀਰ ਸਿੰਘ ਮੁੱਛਲ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਭ ਤੋਂ ਵੱਡਾ ਖੁਲਾਸਾ ਇਹ ਕੀਤਾ ਕਿ ਸ੍ਰੀ ਰਾਮਸਰ ਸਾਹਿਬ ਵਿਖੇ ਸਥਿਤ ਪ੍ਰੈੱਸ ਵਿੱਚ ਛਪ ਰਹੇ ਪਾਵਨ ਸਰੂਪਾਂ ਦੇ ਪਾਠ ਵਿੱਚ ਲਗਭਗ 4700 ਗਲਤੀਆਂ (ਪਾਠ ਭੇਦ) ਹਨ। ਉਨ੍ਹਾਂ ਦਾਅਵਾ ਕੀਤਾ ਕਿ ਸਿਹਾਰੀ, ਬਿਹਾਰੀ ਅਤੇ ਔਂਕੜ-ਦੁਲੈਂਕੜ ਦੀਆਂ ਇਹ ਗਲਤੀਆਂ ਸਿੱਧੇ ਤੌਰ ‘ਤੇ ਸਿੱਖ ਆਸਥਾ ਨਾਲ ਖਿਲਵਾੜ ਹਨ। ਉਨ੍ਹਾਂ ਮੰਗ ਕੀਤੀ ਕਿ ਰਾਮਸਰ ਪ੍ਰੈੱਸ ਦੀ ਛਪਾਈ ‘ਤੇ ਤੁਰੰਤ ਪਾਬੰਦੀ ਲਗਾਈ ਜਾਵੇ ਅਤੇ ਇਸ ਮਾਮਲੇ ਦੀ ਜਾਂਚ ਲਈ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਜਾਵੇ।
ਸਤਿਕਾਰ ਕਮੇਟੀ ਨੇ ਦੋਸ਼ ਲਾਇਆ ਕਿ ਗੋਇੰਦਵਾਲ ਸਾਹਿਬ ਵਿਖੇ ਪੁਰਾਤਨ ਜਾਂ ਬਿਰਧ ਸਰੂਪਾਂ ਨੂੰ ਅਗਨ-ਭੇਟ ਕਰਨ ਸਮੇਂ ਕੋਈ ਵੀਡੀਓਗ੍ਰਾਫੀ ਜਾਂ ਪੁਖਤਾ ਰਿਕਾਰਡ ਨਹੀਂ ਰੱਖਿਆ ਜਾ ਰਿਹਾ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਪਾਵਨ ਸਰੂਪ ਦੇ ਸਿਰਫ 2-4 ਅੰਗ ਬਿਰਧ ਹੁੰਦੇ ਹਨ, ਤਾਂ ਪੂਰਾ ਸਰੂਪ ਅਗਨ-ਭੇਟ ਕਰਨ ਦੀ ਬਜਾਏ ਸਿਰਫ ਉਹ ਅੰਗ ਬਦਲੇ ਜਾਣੇ ਚਾਹੀਦੇ ਹਨ। ਉਨ੍ਹਾਂ ਤੋਸ਼ਾਖਾਨੇ ਵਿੱਚ ਮੌਜੂਦ ਪੁਰਾਤਨ ਸਰੂਪਾਂ ਦੀ ਸਥਿਤੀ ਬਾਰੇ ਵੀ ਜਾਣਕਾਰੀ ਜਨਤਕ ਕਰਨ ਦੀ ਮੰਗ ਕੀਤੀ।
ਮੁੱਛਲ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਕਾਰਜਕਾਲ ਦੌਰਾਨ ਗੁਰੂ ਘਰਾਂ ਦੀਆਂ ਜ਼ਮੀਨਾਂ ਵੇਚਣ ਦੇ ਗੰਭੀਰ ਦੋਸ਼ ਲਗਾਏ। ਉਨ੍ਹਾਂ ਕਿਹਾ ਕਿ ਅੰਬ ਸਾਹਿਬ ਅਤੇ ਹੋਰ ਥਾਵਾਂ ਦੀਆਂ ਜ਼ਮੀਨਾਂ ਵਿੱਚ ਹੋਏ ਘਪਲਿਆਂ ਲਈ ਜ਼ਿੰਮੇਵਾਰ ਸਕੱਤਰਾਂ ਅਤੇ ਅਧਿਕਾਰੀਆਂ ਵਿਰੁੱਧ ਕੇਵਲ ਵਿਭਾਗੀ ਕਾਰਵਾਈ ਕਾਫੀ ਨਹੀਂ ਹੈ, ਸਗੋਂ ਉਨ੍ਹਾਂ ਨੂੰ ਜੇਲ੍ਹ ਦੀਆਂ ਸਲਾਖਾਂ ਪਿੱਛੇ ਸੁੱਟਣਾ ਚਾਹੀਦਾ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਪੁਲਿਸ ਜਾਂਚ ਹੋਣੀ ਚਾਹੀਦੀ ਹੈ ਅਤੇ ਦੋਸ਼ੀਆਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ।
ਸਤਿਕਾਰ ਕਮੇਟੀ ਨੇ ਸਪੱਸ਼ਟ ਕੀਤਾ ਕਿ ਜੇਕਰ ਜਥੇਦਾਰ ਸਾਹਿਬ ਵੱਲੋਂ ਇਨ੍ਹਾਂ ਮਾਮਲਿਆਂ ‘ਤੇ ਜਲਦ ਕੋਈ ਠੋਸ ਫੈਸਲਾ ਨਾ ਲਿਆ ਗਿਆ, ਤਾਂ ਸਿੱਖ ਸੰਗਤਾਂ ਵਿੱਚ ਭਾਰੀ ਰੋਸ ਪੈਦਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦਿੱਤੇ ਗਏ ਮੰਗ ਪੱਤਰਾਂ ਦੀ ਪੜਤਾਲ ਬਾਰੇ ਵੀ ਜਵਾਬ ਮੰਗ ਰਹੇ ਹਨ।