DGCA issues show-cause notice to SpiceJet; seeks a response within 7 days regarding violation of regulations
DGCA ਨੇ Spicejet ਨੂੰ ਜਾਰੀ ਕੀਤਾ ਕਾਰਨ ਦੱਸੋ ਨੋਟਿਸ, ਨਿਯਮਾਂ ਦੀ ਉਲੰਘਣਾ ’ਤੇ 7 ਦਿਨਾਂ ਅੰਦਰ ਮੰਗਿਆ ਜਵਾਬ
ਮੁੰਬਈ (ਆਵਾਜ਼ਿ ਕੌਮ ਬਿਊਰੋ)- ਹਵਾਬਾਜ਼ੀ ਰੈਗੂਲੇਟਰ ਡੀ. ਜੀ. ਸੀ. ਏ. ਨੇ ਸੰਚਾਲਨ ਸੰਕਟ ਨਾਲ ਜੂਝ ਰਹੀ ਸਪਾਈਸਜੈੱਟ ਨੂੰ ਕਾਰਨ ਦੱਸੋ ਨੋਟਿਸ ਜਾਰੀ ਕਰ ਕੇ ਉਡਾਣਾਂ ਦੇ ਲਗਾਤਾਰ ਰੱਦ ਹੋਣ, ਭੁਗਤਾਨ ’ਚ ਦੇਰੀ ਕਾਰਨ ਸੰਚਾਲਨ ’ਚ ਆ ਰਹੀਆਂ ਰੁਕਾਵਟਾਂ ਅਤੇ ਨਿਯਮਾਂ ਦੀ ਉਲੰਘਣਾ ’ਤੇ 7 ਦਿਨਾਂ ਦੇ ਅੰਦਰ ਜਵਾਬ ਮੰਗਿਆ ਹੈ। ਸੂਤਰਾਂ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਸੂਤਰਾਂ ਮੁਤਾਬਕ ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀ. ਜੀ. ਸੀ. ਏ.) ਨੇ 17 ਨਵੰਬਰ ਨੂੰ ਜਾਰੀ ਨੋਟਿਸ ’ਚ ਏਅਰਲਾਈਨ ਦੇ ਸੰਚਾਲਨ ਪ੍ਰਦਰਸ਼ਨ ’ਚ ਲਗਾਤਾਰ ਗਿਰਾਵਟ, ਸਮੇਂ ’ਤੇ ਉਡਾਣ ਸੰਚਾਲਨ ’ਚ ਕਮੀ ਅਤੇ ਉਡਾਣਾਂ ’ਚ ਦੇਰੀ ਤੇ ਰੱਦ ਹੋਣ ਦੀਆਂ ਵਧਦੀਆਂ ਘਟਨਾਵਾਂ ’ਤੇ ਸਪੱਸ਼ਟੀਕਰਨ ਮੰਗਿਆ ਹੈ। ਰੈਗੂਲੇਟਰ ਨੇ ਮਨਜ਼ੂਰਸ਼ੁਦਾ ਉਡਾਣ ਪ੍ਰੋਗਰਾਮ ਦੀ ਪਾਲਣਾ ਨਾ ਕਰਨ, ਉਡਾਣਾਂ ’ਚ ਵਿਘਨ ਕਾਰਨ ਯਾਤਰੀਆਂ ਨੂੰ ਹੋ ਰਹੀ ਪ੍ਰੇਸ਼ਾਨੀ ਅਤੇ ਯਾਤਰੀਆਂ ਦੀ ਸਹੂਲਤ ਲਈ ਢੁੱਕਵੇਂ ਇੰਤਜ਼ਾਮ ਨਾ ਕੀਤੇ ਜਾਣ ਦਾ ਮੁੱਦਾ ਵੀ ਉਠਾਇਆ ਹੈ। ਡੀ. ਜੀ. ਸੀ. ਏ. ਨੇ ਨੋਟਿਸ ’ਚ ਕਿਹਾ ਹੈ ਕਿ ਸਪਾਈਸਜੈੱਟ ਦੇ ਬੇੜੇ ਦੇ ਜ਼ਿਆਦਾਤਰ ਜਹਾਜ਼ ਜ਼ਮੀਨ ’ਤੇ ਖੜ੍ਹੇ ਹਨ ਅਤੇ ਏਅਰਲਾਈਨ ਇਨ੍ਹਾਂ ਜਹਾਜ਼ਾਂ ਨੂੰ ਮੁੜ ਸੇਵਾ ’ਚ ਲਿਆਉਣ ਲਈ ਕੋਈ ਭਰੋਸੇਯੋਗ ਯੋਜਨਾ ਪੇਸ਼ ਕਰਨ ’ਚ ਨਾਕਾਮ ਰਹੀ ਹੈ। ਰੈਗੂਲੇਟਰ ਨੇ ਲਾਜ਼ਮੀ ਬੀਮਾ ਕਵਰ ਦੇ ਨਵੀਨੀਕਰਨ ਨੂੰ ਲੈ ਕੇ ਬੇਯਕੀਨੀ ਦੇ ਨਾਲ-ਨਾਲ ਸੇਵਾ ਦਾਤਿਆਂ ਨੂੰ ਭੁਗਤਾਨ ’ਚ ਦੇਰੀ ਨਾਲ ਸੰਚਾਲਨ ’ਚ ਆ ਰਹੀਆਂ ਰੁਕਾਵਟਾਂ ’ਤੇ ਵਿਦੇਸ਼ੀ ਹਵਾਬਾਜ਼ੀ ਰੈਗੂਲੇਟਰਾਂ ਵੱਲੋਂ ਪ੍ਰਗਟਾਈਆਂ ਗਈਆਂ ਚਿੰਤਾਵਾਂ ਦਾ ਵੀ ਜ਼ਿਕਰ ਕੀਤਾ ਹੈ। ਡੀ. ਜੀ. ਸੀ. ਏ. ਨੇ ਏਅਰਲਾਈਨ ਤੋਂ ਪਹਿਲਾਂ ਲਾਏ ਗਏ ਜੁਰਮਾਨੇ ਦਾ ਭੁਗਤਾਨ ਨਾ ਕਰਨ ’ਤੇ ਵੀ ਜਵਾਬ ਮੰਗਿਆ ਹੈ। ਨੋਟਿਸ ਮੁਤਾਬਕ ਵਾਰ-ਵਾਰ ਯਾਦ ਦਿਵਾਏ ਜਾਣ ਦੇ ਬਾਵਜੂਦ ਏਅਰਲਾਈਨ ਨੇ ਇਹ ਜੁਰਮਾਨਾ ਨਹੀਂ ਚੁਕਾਇਆ ਹੈ। ਏਅਰਲਾਈਨ ਨਿਰਧਾਰਤ ਕੌਮਾਂਤਰੀ ਉਡਾਣਾਂ ਦੇ ਸੰਚਾਲਨ ਲਈ ਯੋਗਤਾ ਸਬੰਧੀ ਸ਼ਰਤਾਂ ਨੂੰ ਪੂਰਾ ਕਰਨ ’ਚ ਵੀ ਅਸਫ਼ਲ ਰਹੀ ਹੈ। ਇਸ ਤੋਂ ਇਲਾਵਾ ਮਈ ’ਚ ਕਾਰਵਾਈ ਅਤੇ ਜੁਰਮਾਨਾ ਲਾਏ ਜਾਣ ਦੇ ਬਾਵਜੂਦ ਉਹ ਰੂਟ ਵੰਡ ਦਿਸ਼ਾ-ਨਿਰਦੇਸ਼ਾਂ ਦੀ ਵਾਰ-ਵਾਰ ਪਾਲਣਾ ਕਰਨ ’ਚ ਅਸਫ਼ਲ ਰਹੀ ਹੈ। ਹਾਲਾਂਕਿ ਪਹਿਲਾਂ ਲਾਏ ਗਏ ਜੁਰਮਾਨੇ ਦਾ ਵੇਰਵਾ ਤੁਰੰਤ ਉਪਲੱਬਧ ਨਹੀਂ ਹੋ ਸਕਿਆ। ਇਸ ਸਬੰਧੀ ਸਪਾਈਸਜੈੱਟ ਵੱਲੋਂ ਤੁਰੰਤ ਕੋਈ ਟਿੱਪਣੀ ਨਹੀਂ ਆਈ।

