Dhaliwal’s counterattack on Bhattal’s statement: Congress threw Punjab into fire for the chair
ਭੱਠਲ ਦੇ ਬਿਆਨ ‘ਤੇ ਧਾਲੀਵਾਲ ਦਾ ਪਲਟਵਾਰ : ਕੁਰਸੀ ਲਈ ਕਾਂਗਰਸ ਨੇ ਪੰਜਾਬ ਨੂੰ ਅੱਗ ‘ਚ ਝੋਂਕਿਆ

ਆਮ ਆਦਮੀ ਪਾਰਟੀ ਦੇ ਮੁੱਖ ਬੁਲਾਰੇ ਅਤੇ ਐਮਐਲਏ ਕੁਲਦੀਪ ਸਿੰਘ ਧਾਲੀਵਾਲ ਨੇ ਅੱਜ ਪ੍ਰੈਸ ਕਾਨਫਰੰਸ ਕਰਕੇ ਪੰਜਾਬ ਦੀ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਦੇ ਹਾਲੀਆ ਬਿਆਨ ‘ਤੇ ਕੜਾ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਭੱਠਲ ਵੱਲੋਂ ਦਿੱਤਾ ਗਿਆ ਬਿਆਨ ਪੰਜਾਬ ਲਈ ਬਹੁਤ ਹੀ ਗੰਭੀਰ, ਸੰਜੀਦਾ ਅਤੇ ਚਿੰਤਾਜਨਕ ਹੈ, ਜਿਸਨੂੰ ਦੁਨੀਆ ਭਰ ਵਿੱਚ ਵੱਸਦੇ ਪੰਜਾਬੀਆਂ ਨੂੰ ਗੰਭੀਰਤਾ ਨਾਲ ਲੈਣਾ ਚਾਹੀਦਾ ਹੈ। ਕੁਲਦੀਪ ਧਾਲੀਵਾਲ ਨੇ ਕਿਹਾ ਕਿ ਬੀਬੀ ਭੱਠਲ ਨੇ ਆਪਣੇ ਬਿਆਨ ਵਿੱਚ ਮੰਨਿਆ ਹੈ ਕਿ ਜਦੋਂ ਉਹ ਮੁੱਖ ਮੰਤਰੀ ਸਨ, ਤਦ ਕੁਝ ਅਫਸਰਾਂ ਅਤੇ ਸਲਾਹਕਾਰਾਂ ਵੱਲੋਂ ਇਹ ਸਲਾਹ ਦਿੱਤੀ ਗਈ ਸੀ ਕਿ ਜੇ ਪੰਜਾਬ ਦੀਆਂ ਬੱਸਾਂ, ਰੇਲਾਂ ਅਤੇ ਚੌਂਕਾਂ ਵਿੱਚ ਬੰਬ ਧਮਾਕੇ ਕਰਵਾਏ ਜਾਣ, ਤਾਂ ਕਾਂਗਰਸ ਦੀ ਸਰਕਾਰ ਦੁਬਾਰਾ ਬਣ ਸਕਦੀ ਹੈ। ਧਾਲੀਵਾਲ ਨੇ ਕਿਹਾ ਕਿ ਇਹ ਬਿਆਨ ਸਾਬਤ ਕਰਦਾ ਹੈ ਕਿ ਕਾਂਗਰਸ ਨੇ ਆਪਣੀ ਕੁਰਸੀ ਲਈ ਪੰਜਾਬ ਦੇ ਅਮਨ-ਚੈਨ ਨੂੰ ਬਾਰ-ਬਾਰ ਤਬਾਹ ਕੀਤਾ। ਉਨ੍ਹਾਂ ਕਿਹਾ ਕਿ 80ਵੇਂ ਅਤੇ 90ਵੇਂ ਦਹਾਕੇ ਦੌਰਾਨ ਪੰਜਾਬ ਨੇ ਜੋ ਕਾਲਾ ਦੌਰ ਦੇਖਿਆ, ਉਸ ਦੀਆਂ ਜੜ੍ਹਾਂ ਇਨ੍ਹਾਂ ਹੀ ਸਾਜ਼ਿਸ਼ਾਂ ਵਿੱਚ ਹਨ। ਹਜ਼ਾਰਾਂ ਨੌਜਵਾਨ ਮਾਰੇ ਗਏ, ਹਜ਼ਾਰਾਂ ਪਰਿਵਾਰ ਉਜੜ ਗਏ ਅਤੇ ਅੱਜ ਵੀ ਕਈ ਬੇਗੁਨਾਹ ਜੇਲ੍ਹਾਂ ਵਿੱਚ ਸੜ ਰਹੇ ਹਨ। ਧਾਲੀਵਾਲ ਨੇ ਕਿਹਾ ਕਿ ਉਹ ਖੁਦ ਵੀ ਉਸ ਕਾਲੇ ਦੌਰ ਦੇ ਪੀੜਤ ਹਨ ਅਤੇ ਉਨ੍ਹਾਂ ਦੇ ਪਿੰਡ ਵਿੱਚ ਵੀ ਕਈ ਲੋਕਾਂ ਦੀ ਜਾਨ ਗਈ ਸੀ। ਧਾਲੀਵਾਲ ਨੇ ਭੱਠਲ ਤੋਂ ਸਿੱਧਾ ਸਵਾਲ ਪੁੱਛਿਆ ਕਿ ਜੇ ਅਜਿਹੀ ਸਲਾਹ ਦੇਣ ਵਾਲੇ ਅਫਸਰ ਅਤੇ ਸਲਾਹਕਾਰ ਮੌਜੂਦ ਸਨ, ਤਾਂ ਉਨ੍ਹਾਂ ਦੇ ਨਾਮ ਅੱਜ ਤੱਕ ਕਿਉਂ ਨਹੀਂ ਦੱਸੇ ਗਏ। ਉਨ੍ਹਾਂ ਕਿਹਾ ਕਿ ਜੇ ਬੀਬੀ ਭੱਠਲ ਵਾਕਈ ਪੰਜਾਬ ਨਾਲ ਪਿਆਰ ਕਰਦੀਆਂ ਹਨ ਅਤੇ ਆਪਣੇ ਆਪ ਨੂੰ ਦੇਸ਼ ਭਗਤ ਪਰਿਵਾਰ ਦੀ ਵਾਰਸ ਮੰਨਦੀਆਂ ਹਨ, ਤਾਂ ਉਹਨਾਂ ਨੂੰ ਉਹਨਾਂ ਅਫਸਰਾਂ ਦੇ ਨਾਮ ਸਾਰਵਜਨਿਕ ਕਰਨੇ ਚਾਹੀਦੇ ਹਨ। ਧਾਲੀਵਾਲ ਨੇ ਕਾਂਗਰਸ ‘ਤੇ ਆਰੋਪ ਲਗਾਇਆ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੀ ਹਾਲ ਹੀ ਵਿੱਚ ਦਿੱਤੇ ਬਿਆਨ ਇਹ ਦਰਸਾਉਂਦੇ ਹਨ ਕਿ ਕਿਵੇਂ ਉਸ ਸਮੇਂ ਨੌਜਵਾਨਾਂ ਨੂੰ ਪੇਸ਼ ਕਰਵਾ ਕੇ ਮਾਰ ਦਿੱਤਾ ਗਿਆ ਅਤੇ ਸੱਚ ਨੂੰ ਸਾਲਾਂ ਤੱਕ ਦਬਾਇਆ ਗਿਆ। ਉਨ੍ਹਾਂ ਕਿਹਾ ਕਿ ਹੁਣ 30–35 ਸਾਲ ਬਾਅਦ ਕਾਂਗਰਸ ਦੇ ਆਗੂਆਂ ਨੂੰ ਸੱਚ ਯਾਦ ਆ ਰਿਹਾ ਹੈ, ਜੋ ਪੰਜਾਬੀਆਂ ਦੇ ਜ਼ਖ਼ਮਾਂ ‘ਤੇ ਨਮਕ ਛਿੜਕਣ ਵਰਗਾ ਹੈ। ਧਾਲੀਵਾਲ ਨੇ 2017 ਦੀਆਂ ਵਿਧਾਨ ਸਭਾ ਚੋਣਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਆਮ ਆਦਮੀ ਪਾਰਟੀ ਨੂੰ ਸਾਫ਼ ਬਹੁਮਤ ਮਿਲਣ ਦੀ ਗੱਲ ਚੱਲ ਰਹੀ ਸੀ, ਉਸ ਸਮੇਂ ਮੌੜ ਬੰਬ ਧਮਾਕਾ ਹੋਇਆ ਅਤੇ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਬਣ ਗਈ। ਉਨ੍ਹਾਂ ਕਿਹਾ ਕਿ ਇਹ ਸਿਰਫ਼ ਇਤਫ਼ਾਕ ਨਹੀਂ, ਸਗੋਂ ਇੱਕ ਲੜੀ ਹੈ, ਜਿਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਆਖ਼ਰ ਵਿੱਚ ਕੁਲਦੀਪ ਧਾਲੀਵਾਲ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਮੰਗ ਕੀਤੀ ਕਿ ਬੀਬੀ ਭੱਠਲ ਦੇ ਬਿਆਨ ਦੀ ਉੱਚ ਪੱਧਰੀ ਅਤੇ ਨਿਰਪੱਖ ਜਾਂਚ ਕਰਵਾਈ ਜਾਵੇ, ਤਾਂ ਜੋ ਪੰਜਾਬ ਦੇ ਕਾਲੇ ਦੌਰ ਦੀ ਸੱਚਾਈ ਲੋਕਾਂ ਦੇ ਸਾਹਮਣੇ ਆ ਸਕੇ। ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਕਾਂਗਰਸ ਦੇ ਅਸਲੀ ਚਿਹਰੇ ਨੂੰ ਪਛਾਣਿਆ ਜਾਵੇ ਅਤੇ ਅਮਨ-ਚੈਨ ਨਾਲ ਖਿਲਵਾਰ ਕਰਨ ਵਾਲੀਆਂ ਤਾਕਤਾਂ ਤੋਂ ਸਾਵਧਾਨ ਰਹਿਆ ਜਾਵੇ।
