Disasterous rains in Himachal, landslides, IMD issues red alert
ਹਿਮਾਚਲ ’ਚ ਪਿਆ ਆਫ਼ਤ ਭਰਿਆ ਮੀਂਹ, ਹੋਈ Landslide, IMD ਵਲੋਂ ਰੈੱਡ ਅਲਰਟ ਜਾਰੀ
ਸ਼ਿਮਲਾ (ਆਵਾਜ਼ਿ ਕੌਮ ਬਿਊਰੋ)-ਹਿਮਾਚਲ ਪ੍ਰਦੇਸ਼ ਵਿਚ ਮਾਨਸੂਨ ਦੇ ਭਾਰੀ ਮੀਂਹ ਨੇ ਤਬਾਹੀ ਮਚਾਈ ਹੋਈ ਹੈ। ਲਗਾਤਾਰ ਪੈ ਰਹੇ ਮੋਹਲੇਧਾਰ ਮੀਂਹ ਕਾਰਨ ਕਈ ਥਾਵਾਂ ’ਤੇ ਰੁੱਖ ਡਿੱਗ ਪਏ ਹਨ। ਇਸ ਦੌਰਾਨ ਲੈਂਡਸਲਾਈਡਿੰਗ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ ਅਤੇ ਬਿਜਲੀ-ਪਾਣੀ ਦੀ ਸਪਲਾਈ ਵੀ ਪ੍ਰਭਾਵਿਤ ਹੋਈ ਹੈ। ਮੀਂਹ ਅਤੇ ਮਲਬਾ ਡਿੱਗਣ ਕਾਰਨ ਸੂਬੇ ਵਿਚ ਕੁੱਲ 75 ਸੜਕਾਂ ਬੰਦ ਹੋ ਚੁੱਕੀਆਂ ਹਨ, ਜਿਸ ਕਾਰਨ ਲੋਕਾਂ ਨੂੰ ਆਉਣ-ਜਾਣ ਵਿਚ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲਗਾਤਾਰ ਪੈ ਰਹੇ ਮੀਂਹ ਕਾਰਨ ਸ਼ੁੱਕਰਵਾਰ ਨੂੰ ਸਿਰਮੌਰ ਅਤੇ ਸੋਲਨ ਜ਼ਿਲ੍ਹੇ ਦੇ ਸਾਰੇ ਸਰਕਾਰੀ ਅਤੇ ਨਿੱਜੀ ਸਕੂਲ, ਕਾਲਜ ਅਤੇ ਆਂਗਣਵਾੜੀ ਕੇਂਦਰ ਬੰਦ ਕਰ ਦਿੱਤੇ ਗਏ ਹਨ। ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕਰਦੇ ਹੋਏ ਲੈਂਡਸਲਾਈਡਿੰਗ, ਅਚਾਨਕ ਹੜ੍ਹ, ਰੁੱਖ ਡਿੱਗਣ ਅਤੇ ਸੜਕਾਂ ਬੰਦ ਹੋਣ ਦੀ ਚਿਤਾਵਨੀ ਦਿੱਤੀ ਹੈ। ਵੀਰਵਾਰ ਸ਼ਾਮ ਤੋਂ ਸ਼ੁੱਕਰਵਾਰ ਸਵੇਰ ਤੱਕ ਸਿਰਮੌਰ ਜ਼ਿਲ੍ਹੇ ਦੇ ਪੱਛਾਦ ਵਿਚ 207 ਮਿਲੀਮੀਟਰ, ਨਾਹਨ ਵਿਚ 158.5 ਮਿਲੀਮੀਟਰ, ਕਸੌਲੀ ਵਿਚ 145 ਮਿਲੀਮੀਟਰ ਅਤੇ ਧਰਮਪੁਰ ਵਿਚ 136.8 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਸੋਲਨ ਵਿਚ 113 ਮਿਲੀਮੀਟਰ, ਪਾਲਮਪੁਰ ਵਿਚ 109 ਮਿਲੀਮੀਟਰ ਅਤੇ ਸ਼ਿਮਲਾ ਵਿਚ 58.8 ਮਿਲੀਮੀਟਰ ਮੀਂਹ ਪਿਆ। ਤ੍ਰਿਪੁਰਾ ਵਿਚ ਲਗਾਤਾਰ ਪੈ ਰਹੇ ਭਾਰੀ ਮੀਂਹ ਨੇ 3 ਜ਼ਿਲਿਆਂ ਵਿਚ ਹੜ੍ਹ ਵਰਗੇ ਹਾਲਾਤ ਪੈਦਾ ਕਰ ਦਿੱਤੇ ਹਨ। ਉਨਾਕੋਟੀ, ਧਲਾਈ ਅਤੇ ਖੋਵਾਈ ਜ਼ਿਲ੍ਹਿਆਂ ਵਿਚ ਆਏ ਹੜ੍ਹ ਕਾਰਨ ਕਰੀਬ 11,000 ਲੋਕਾਂ ਨੂੰ ਆਪਣੇ ਘਰ ਛੱਡ ਕੇ ਰਾਹਤ ਕੈਂਪਾਂ ਵਿਚ ਸ਼ਰਨ ਲੈਣੀ ਪਈ ਹੈ। ਹਾਲਾਂਕਿ, ਰਾਹਤ ਦੀ ਗੱਲ ਇਹ ਹੈ ਕਿ ਹੁਣ ਤੱਕ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਮਿਲੀ ਹੈ। ਰਾਜ ਆਫ਼ਤ ਪ੍ਰਬੰਧਨ ਅਥਾਰਟੀ (ਐੱਸ. ਡੀ. ਐੱਮ. ਏ.) ਦੇ ਪ੍ਰਾਜੈਕਟ ਡਾਇਰੈਕਟਰ ਸਨਤ ਕੁਮਾਰ ਦਾਸ ਨੇ ਦੱਸਿਆ ਕਿ ਸਭ ਤੋਂ ਵੱਧ ਪ੍ਰਭਾਵਿਤ ਉਨਾਕੋਟੀ ਜ਼ਿਲ੍ਹੇ ਵਿਚ 6,068 ਲੋਕਾਂ ਨੂੰ 35 ਰਾਹਤ ਕੈਂਪਾਂ ਵਿਚ ਠਹਿਰਾਇਆ ਗਿਆ ਹੈ। ਉੱਥੇ ਹੀ, ਧਲਾਈ ਅਤੇ ਖੋਵਾਈ ਜ਼ਿਲ੍ਹਿਆਂ ਵਿਚ 4,909 ਲੋਕ ਰਾਹਤ ਕੈਂਪਾਂ ਵਿਚ ਰਹਿ ਰਹੇ ਹਨ।

