Earthquake tremors felt late at night, people ran out of their homes
ਦੇਰ ਰਾਤ ਲੱਗੇ ਭੂਚਾਲ ਦੇ ਝਟਕੇ, ਘਰਾਂ ਤੋਂ ਬਾਹਰ ਭੱਜੇ ਲੋਕ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)- ਦਿੱਲੀ-ਐੱਨ.ਸੀ.ਆਰ. ਸਮੇਤ ਪੂਰੇ ਉੱਤਰ ਭਾਰਤ ਦੇ ਕਈ ਇਲਾਕਿਆਂ ਵਿੱਚ ਮੰਗਲਵਾਰ ਦੇਰ ਰਾਤ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਉੱਤਰਾਖੰਡ ਦੇ ਉੱਤਰਕਾਸ਼ੀ ਵਿੱਚ ਰਾਤ 10:23 ਵਜੇ ਰਿਕਟਰ ਪੈਮਾਨੇ ‘ਤੇ 4.9 ਤੀਬਰਤਾ ਦਾ ਭੂਚਾਲ ਦਰਜ ਕੀਤਾ ਗਿਆ। ਇਸ ਭੂਚਾਲ ਦਾ ਕੇਂਦਰ ਖਾਡੂਨ ਨੇੜੇ ਗਵਾਲੀ ਤੋਂ 22 ਕਿਲੋਮੀਟਰ ਦੂਰ ਸਥਿਤ ਸੀ। ਇਸ ਭੂਚਾਲ ਦੇ ਝਟਕੇ ਉੱਤਰਾਖੰਡ ਦੇ ਸਾਰੇ ਜ਼ਿਲ੍ਹਿਆਂ ਤੋਂ ਇਲਾਵਾ ਹਿਮਾਚਲ ਪ੍ਰਦੇਸ਼, ਪੰਜਾਬ, ਹਰਿਆਣਾ ਅਤੇ ਰਾਸ਼ਟਰੀ ਰਾਜਧਾਨੀ ਦਿੱਲੀ ਸਮੇਤ ਉੱਤਰ ਭਾਰਤ ਦੇ ਵੱਡੇ ਹਿੱਸਿਆਂ ਵਿੱਚ ਮਹਿਸੂਸ ਕੀਤੇ ਗਏ। ਭੂਚਾਲ ਦੇ ਝਟਕੇ ਲੱਗਣ ਤੋਂ ਬਾਅਦ ਲੋਕ ਘਰਾਂ ਤੋਂ ਬਾਹਰ ਭੱਜੇ। ਫਿਲਹਾਲ ਕਿਸੇ ਤਰ੍ਹਾਂ ਦੇ ਜਾਨੀ ਨੁਕਸਾਨ ਦੀ ਕੋਈ ਖਬਰ ਸਾਹਮਣੇ ਨਹੀਂ ਆਈ ਹੈ।

