Extradition of Amrit Dalam, a key operative of the Jaggu Bhagwanpuria gang, from Moldova
*ਮੋਲਦੋਵਾ ਤੋਂ ਜੱਗੂ ਭਗਵਾਨਪੁਰੀਆ ਗੈਂਗ ਦੇ ਅਹਿਮ ਗੁਰਗੇ ਅੰਮ੍ਰਿਤ ਦਾਲਮ ਦੀ ਹਵਾਲਗੀ *ਪੰਜਾਬ ਪੁਲਿਸ ਨੂੰ ਯੂਰਪੀ ਦੇਸ਼ ਤੋਂ ਪਹਿਲੀ ਵਾਰ ਮਿਲੀ ਹਵਾਲਗੀ—ਸੱਤ ਕਤਲਾਂ ਸਮੇਤ ਕਈ ਗੰਭੀਰ ਮਾਮਲਿਆਂ ਵਿੱਚ ਸੀ ਲੋੜੀਂਦਾ
ਚੰਡੀਗੜ੍ਹ (ਆਵਾਜ਼ਿ ਕੌਮ ਬਿਊਰੋ)- ਪੰਜਾਬ ਪੁਲਿਸ ਦੀ ਐਂਟੀ-ਗੈਂਗਸਟਰ ਟਾਸਕ ਫੋਰਸ (ਏ.ਜੀ.ਟੀ.ਐਫ.) ਅਤੇ ਓਵਰਸੀਜ਼ ਫਿਊਜਿਟਿਵ ਟਰੈਕਿੰਗ ਐਂਡ ਐਕਸਟਰਾਡੀਸ਼ਨ ਸੈੱਲ (ਓ.ਐੱਫ.ਟੀ.ਈ.ਸੀ.) ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਜੱਗੂ ਭਗਵਾਨਪੁਰੀਆ ਗੈਂਗ ਦੇ ਅਹਿਮ ਗੁਰਗੇ ਅਤੇ ਭਗੌੜੇ ਅਪਰਾਧੀ ਅੰਮ੍ਰਿਤਪਾਲ ਸਿੰਘ ਉਰਫ਼ ਅੰਮ੍ਰਿਤ ਦਾਲਮ ਨੂੰ ਮੋਲਦੋਵਾ ਗਣਰਾਜ ਤੋਂ ਭਾਰਤ ਲਿਆਉਣ ਵਿੱਚ ਸਫਲਤਾ ਹਾਸਲ ਕੀਤੀ ਹੈ। ਪੰਜਾਬ ਪੁਲਿਸ ਅਨੁਸਾਰ ਅੰਮ੍ਰਿਤ ਦਾਲਮ ਕਤਲ, ਇਰਾਦਾ ਕਤਲ, ਗੈਰਕਾਨੂੰਨੀ ਗਤੀਵਿਧੀਆਂ ਰੋਕੂ ਐਕਟ (ਯੂ.ਏ.ਪੀ.ਏ.), ਅਸਲਾ ਐਕਟ ਅਤੇ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਈ ਗੰਭੀਰ ਮਾਮਲਿਆਂ ਵਿੱਚ ਲੋੜੀਂਦਾ ਸੀ। ਪੁਲਿਸ ਵੱਲੋਂ ਉਸ ਦੀ ਲੰਮੇ ਸਮੇਂ ਤੋਂ ਭਾਲ ਕੀਤੀ ਜਾ ਰਹੀ ਸੀ।
ਯੂਕਰੇਨ ਭੱਜਣ ਦੀ ਕੋਸ਼ਿਸ਼ ਦੌਰਾਨ ਮੋਲਦੋਵਾ ਵਿੱਚ ਹੋਇਆ ਕਾਬੂ-ਪੁਲਿਸ ਵੱਲੋਂ ਦਿੱਤੀ ਜਾਣਕਾਰੀ ਮੁਤਾਬਕ ਅੰਮ੍ਰਿਤ ਦਾਲਮ ਨੂੰ 24 ਫਰਵਰੀ 2026 ਨੂੰ ਮੋਲਦੋਵਾ ਦੇ ਅਧਿਕਾਰੀਆਂ ਨੇ ਉਸ ਸਮੇਂ ਹਿਰਾਸਤ ਵਿੱਚ ਲਿਆ, ਜਦੋਂ ਉਹ ਓਟਾਸੀ ਖੇਤਰ ਦੀ ਸਰਹੱਦ ਪਾਰ ਕਰਕੇ ਯੂਕਰੇਨ ਵੱਲ ਜਾਣ ਦੀ ਕੋਸ਼ਿਸ਼ ਕਰ ਰਿਹਾ ਸੀ। ਉਸ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਦੇ ਓ.ਐੱਫ.ਟੀ.ਈ.ਸੀ. ਵਿੰਗ ਰਾਹੀਂ ਮੋਲਦੋਵਾ ਤੋਂ ਹਵਾਲਗੀ ਦੀ ਕਾਨੂੰਨੀ ਪ੍ਰਕਿਰਿਆ ਸ਼ੁਰੂ ਕੀਤੀ ਗਈ। ਮਾਮਲੇ ਦੀ ਸੁਣਵਾਈ ਦੌਰਾਨ ‘ਕੋਰਟ ਆਫ਼ ਚਿਸੀਨਾਉ’ ਨੇ 26 ਮਈ 2026 ਨੂੰ ਅੰਮ੍ਰਿਤਪਾਲ ਸਿੰਘ ਨੂੰ ਭਾਰਤ ਹਵਾਲੇ ਕਰਨ ਦੀ ਮਨਜ਼ੂਰੀ ਦੇ ਦਿੱਤੀ। ਹਵਾਲਗੀ ਦੇ ਹੁਕਮਾਂ ਖ਼ਿਲਾਫ਼ ਮੁਲਜ਼ਮ ਵੱਲੋਂ ਦਾਇਰ ਕੀਤੀ ਅਪੀਲ ਨੂੰ ‘ਕੋਰਟ ਆਫ਼ ਅਪੀਲ ਸੈਂਟਰੂ’ ਨੇ 16 ਜੁਲਾਈ 2026 ਨੂੰ ਰੱਦ ਕਰ ਦਿੱਤਾ, ਜਿਸ ਤੋਂ ਬਾਅਦ ਹਵਾਲਗੀ ਦਾ ਹੁਕਮ ਅੰਤਿਮ ਹੋ ਗਿਆ।
ਚਾਰ ਮੈਂਬਰੀ ਪੰਜਾਬ ਪੁਲਿਸ ਟੀਮ ਮੋਲਦੋਵਾ ਪਹੁੰਚੀ-ਅੰਮ੍ਰਿਤ ਦਾਲਮ ਨੂੰ ਭਾਰਤ ਲਿਆਉਣ ਲਈ ਪੰਜਾਬ ਪੁਲਿਸ ਵੱਲੋਂ ਚਾਰ ਮੈਂਬਰੀ ਟੀਮ ਮੋਲਦੋਵਾ ਭੇਜੀ ਗਈ। ਐਸ.ਪੀ. ਏ.ਜੀ.ਟੀ.ਐਫ. ਬਿਕਰਮਜੀਤ ਸਿੰਘ ਬਰਾੜ ਦੀ ਅਗਵਾਈ ਵਾਲੀ ਇਸ ਟੀਮ ਵਿੱਚ ਇੰਸਪੈਕਟਰ ਪੁਸ਼ਵਿੰਦਰ ਸਿੰਘ, ਐਸ.ਆਈ. ਜਸਪ੍ਰੀਤ ਸਿੰਘ ਅਤੇ ਏ.ਐਸ.ਆਈ. ਵਰਿੰਦਰ ਕੁਮਾਰ ਸ਼ਾਮਲ ਸਨ। ਪੰਜਾਬ ਪੁਲਿਸ ਦੀ ਟੀਮ ਨੇ ਸ਼ੁੱਕਰਵਾਰ ਨੂੰ ਚਿਸੀਨਾਉ ਏਅਰਪੋਰਟ ਤੋਂ ਅੰਮ੍ਰਿਤ ਦਾਲਮ ਨੂੰ ਹਿਰਾਸਤ ਵਿੱਚ ਲਿਆ ਅਤੇ ਉਸ ਨੂੰ ਭਾਰਤ ਲਿਆਂਦਾ ਗਿਆ। ਪੁਲਿਸ ਟੀਮ ਸ਼ਨੀਵਾਰ ਸਵੇਰੇ ਨਵੀਂ ਦਿੱਲੀ ਦੇ ਆਈ.ਜੀ.ਆਈ. ਏਅਰਪੋਰਟ ਪਹੁੰਚੀ। ਪੰਜਾਬ ਪੁਲਿਸ ਮੁਤਾਬਕ ਇਹ ਕਿਸੇ ਯੂਰਪੀ ਦੇਸ਼ ਤੋਂ ਪੰਜਾਬ ਪੁਲਿਸ ਵੱਲੋਂ ਹਾਸਲ ਕੀਤੀ ਗਈ ਪਹਿਲੀ ਹਵਾਲਗੀ ਹੈ, ਜਿਸ ਨੂੰ ਗੈਂਗਸਟਰਾਂ ਅਤੇ ਭਗੌੜੇ ਅਪਰਾਧੀਆਂ ਖ਼ਿਲਾਫ਼ ਚੱਲ ਰਹੀ ਕਾਰਵਾਈ ਵਿੱਚ ਇੱਕ ਮਹੱਤਵਪੂਰਨ ਕਾਮਯਾਬੀ ਮੰਨਿਆ ਜਾ ਰਿਹਾ ਹੈ।
ਘੱਟੋ-ਘੱਟ ਸੱਤ ਕਤਲ ਕੇਸਾਂ ਵਿੱਚ ਸੀ ਲੋੜੀਂਦਾ-ਏ.ਜੀ.ਟੀ.ਐਫ. ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ਼ ਪੁਲਿਸ (ਏ.ਡੀ.ਜੀ.ਪੀ.) ਪ੍ਰਮੋਦ ਬਾਨ ਨੇ ਦੱਸਿਆ ਕਿ ਅੰਮ੍ਰਿਤ ਦਾਲਮ ਘੱਟੋ-ਘੱਟ ਸੱਤ ਕਤਲ ਦੇ ਮਾਮਲਿਆਂ ਵਿੱਚ ਲੋੜੀਂਦਾ ਹੈ। ਇਨ੍ਹਾਂ ਮਾਮਲਿਆਂ ਵਿੱਚ 2019 ਵਿੱਚ ਬਟਾਲਾ ਵਿਖੇ ਦਲਬੀਰ ਸਿੰਘ ਦਾ ਕਤਲ, 2024 ਵਿੱਚ ਹੁਸ਼ਿਆਰਪੁਰ ਵਿੱਚ ਅਮਰਜੀਤ ਲਾਲ ਅਤੇ ਕਸ਼ਮੀਰੀ ਲਾਲ ਦਾ ਦੋਹਰਾ ਕਤਲ, 2025 ਵਿੱਚ ਧਰਮਜੀਤ ਸਿੰਘ ਉਰਫ਼ ਧਰਮਾ ਦਾ ਕਤਲ, 2025 ਵਿੱਚ ਕਨਵ ਮਹਾਜਨ ਅਤੇ ਸਰਬਜੀਤ ਸਿੰਘ ਉਰਫ਼ ਕਾਕਾ ਦਾ ਦੋਹਰਾ ਕਤਲ ਅਤੇ 2025 ਵਿੱਚ ਜਸਦੀਪ ਸਿੰਘ ਉਰਫ਼ ਦੀਪ ਚੀਮਾ ਦੇ ਕਤਲ ਦਾ ਮਾਮਲਾ ਸ਼ਾਮਲ ਹੈ।
ਜਾਅਲੀ ਪਾਸਪੋਰਟ ਰਾਹੀਂ ਹੋਇਆ ਸੀ ਵਿਦੇਸ਼ ਫਰਾਰ-ਏ.ਡੀ.ਜੀ.ਪੀ. ਪ੍ਰਮੋਦ ਬਾਨ ਅਨੁਸਾਰ ਅੰਮ੍ਰਿਤ ਦਾਲਮ ਅਕਤੂਬਰ 2024 ਵਿੱਚ ਭਾਰਤ ਤੋਂ ਵਿਦੇਸ਼ ਫਰਾਰ ਹੋ ਗਿਆ ਸੀ। ਦੱਸਿਆ ਗਿਆ ਹੈ ਕਿ ਉਸ ਨੇ ਕੁਰੂਕਸ਼ੇਤਰ, ਹਰਿਆਣਾ ਦੇ ਵਸਨੀਕ ਹੀਰਾ ਸਿੰਘ ਪੁੱਤਰ ਗੁਰਪਾਲ ਦੇ ਵੇਰਵਿਆਂ ‘ਤੇ ਤਿਆਰ ਕੀਤੇ ਗਏ ਜਾਅਲੀ ਪਾਸਪੋਰਟ ਦੀ ਵਰਤੋਂ ਕਰਕੇ ਦੇਸ਼ ਛੱਡਿਆ ਸੀ। ਵਿਦੇਸ਼ ਫਰਾਰ ਹੋਣ ਤੋਂ ਬਾਅਦ ਪੰਜਾਬ ਪੁਲਿਸ ਵੱਲੋਂ ਵੱਖ-ਵੱਖ ਦੇਸ਼ਾਂ ਵਿੱਚ ਉਸ ਦੀਆਂ ਗਤੀਵਿਧੀਆਂ ਅਤੇ ਸੰਭਾਵਿਤ ਟਿਕਾਣਿਆਂ ‘ਤੇ ਨਜ਼ਰ ਰੱਖੀ ਜਾ ਰਹੀ ਸੀ। ਉਸ ਦੀ ਗ੍ਰਿਫ਼ਤਾਰੀ ਅਤੇ ਭਾਰਤ ਵਾਪਸੀ ਲਈ ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਲਗਾਤਾਰ ਤਾਲਮੇਲ ਬਣਾਈ ਰੱਖਿਆ। ਪੰਜਾਬ ਪੁਲਿਸ ਵੱਲੋਂ ਅੰਮ੍ਰਿਤ ਦਾਲਮ ਖ਼ਿਲਾਫ਼ ਰੈੱਡ ਨੋਟਿਸ ਵੀ ਜਾਰੀ ਕਰਵਾਇਆ ਗਿਆ ਸੀ ਅਤੇ ਉਸ ਦੇ ਜਾਅਲੀ ਪਾਸਪੋਰਟ ਤੇ ਵਿਦੇਸ਼ੀ ਟਿਕਾਣਿਆਂ ਨਾਲ ਸਬੰਧਤ ਜਾਣਕਾਰੀ ਸਮੇਂ-ਸਮੇਂ ‘ਤੇ ਕੇਂਦਰੀ ਏਜੰਸੀਆਂ ਨਾਲ ਸਾਂਝੀ ਕੀਤੀ ਜਾਂਦੀ ਰਹੀ। ਇਨ੍ਹਾਂ ਸਾਂਝੀਆਂ ਕੋਸ਼ਿਸ਼ਾਂ ਦੇ ਨਤੀਜੇ ਵਜੋਂ ਮੋਲਦੋਵਾ ਵਿੱਚ ਉਸ ਦੀ ਪਛਾਣ ਅਤੇ ਗ੍ਰਿਫ਼ਤਾਰੀ ਤੋਂ ਬਾਅਦ ਹਵਾਲਗੀ ਦੀ ਪ੍ਰਕਿਰਿਆ ਨੂੰ ਅੰਜਾਮ ਤੱਕ ਪਹੁੰਚਾਇਆ ਗਿਆ। ਪੰਜਾਬ ਪੁਲਿਸ ਵੱਲੋਂ ਇਸ ਹਵਾਲਗੀ ਨੂੰ ਵਿਦੇਸ਼ਾਂ ਵਿੱਚ ਲੁਕੇ ਗੈਂਗਸਟਰਾਂ ਅਤੇ ਭਗੌੜੇ ਅਪਰਾਧੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਲਿਆਉਣ ਦੀ ਦਿਸ਼ਾ ਵਿੱਚ ਇੱਕ ਅਹਿਮ ਕਦਮ ਦੱਸਿਆ ਗਿਆ ਹੈ।

