Fake travel agent arrested for swindling lakhs of rupees under the pretext of sending people abroad
ਵਿਦੇਸ਼ ਭੇਜਣ ਦੇ ਨਾਂ ’ਤੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ’ਚ ਫਰਜ਼ੀ ਟ੍ਰੈਵਲ ਏਜੰਟ ਗ੍ਰਿਫ਼ਤਾਰ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਥਾਣਾ ਨਵੀਂ ਬਾਰਾਦਰੀ ਦੀ ਪੁਲਸ ਨੇ ਅਗਸਤ 2025 ਦੇ ਇਕ ਫ਼ਰੌਡ ਕੇਸ ਵਿਚ ਫਰਜ਼ੀ ਟ੍ਰੈਵਲ ਏਜੰਟ ਦਵਿੰਦਰ ਸਿੰਘ ਸੈਣੀ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਸ ਨੇ ਸੈਣੀ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ। ਦਵਿੰਦਰ ਸੈਣੀ ਦੇ ਖ਼ਿਲਾਫ਼ ਪਹਿਲਾਂ ਵੀ ਫ਼ਰੌਡ ਦੇ ਕੇਸ ਦਰਜ ਹਨ। ਸ਼ਿਕਾਇਤ ਕਰਤਾ ਪਰਗਟ ਸਿੰਘ ਬੈਂਸ ਨਿਵਾਸੀ ਫਗਵਾੜਾ ਨੇ ਪੁਲਸ ਨੂੰ ਸ਼ਿਕਾਇਤ ਦਿੱਤੀ ਸੀ ਕਿ ਉਸ ਨੇ ਆਪਣੇ ਦੋ ਦੋਸਤਾਂ ਨਾਲ ਵਿਦੇਸ਼ ਜਾਣਾ ਸੀ। ਉਸ ਲਈ ਉਨ੍ਹਾਂ ਨੇ ਦਵਿੰਦਰ ਸਿੰਘ ਸੈਣੀ ਨਾਲ ਸੰਪਰਕ ਕੀਤਾ ਸੀ। 20 ਫ਼ਰਵਰੀ 2022 ਵਿਚ ਦਵਿੰਦਰ ਸਿੰਘ ਨੇ ਉਨ੍ਹਾਂ ਨੂੰ ਘਰ ਬੁਲਾਇਆ ਅਤੇ ਦਾਅਵਾ ਕੀਤਾ ਕਿ ਉਹ ਉਨ੍ਹਾਂ ਦੇ ਇਕ ਦੋਸਤ ਅੰਗਰੇਜ਼ ਸਿੰਘ ਨੂੰ ਸਟੱਡੀ ਵੀਜ਼ੇ ’ਤੇ ਅਤੇ ਪਰਗਟ ਸਿੰਘ ਸਮੇਤ ਤੀਜੇ ਦੋਸਤ ਨਵਪ੍ਰੀਤ ਸਿੰਘ ਨੂੰ ਵਿਜ਼ਿਟਰ ਵੀਜ਼ੇ ’ਤੇ ਭੇਜ ਦੇਵੇਗਾ। ਦੋਸ਼ ਹੈ ਕਿ ਦਵਿੰਦਰ ਸਿੰਘ ਨੇ ਸਟੱਡੀ ਵੀਜ਼ੇ ਲਈ 20 ਲੱਖ ਰੁਪਏ ਅਤੇ ਵਿਜ਼ਿਟਰ ਵੀਜ਼ੇ ਲਈ 10-10 ਲੱਖ ਰੁਪਏ ਦੀ ਡਿਮਾਂਡ ਕੀਤੀ। ਪਰਗਟ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਦਵਿੰਦਰ ਸਿੰਘ ਨੂੰ ਦਸਤਾਵੇਜ਼ਾਂ ਸਮੇਤ 8 ਲੱਖ ਰੁਪਏ ਐਡਵਾਂਸ ਦੇ ਦਿੱਤੇ ਪਰ ਪੈਸੇ ਲੈਣ ਤੋਂ ਬਾਅਦ ਉਸ ਨੇ ਟਾਲ-ਮਟੋਲ ਸ਼ੁਰੂ ਕਰ ਦਿੱਤੀ ਅਤੇ ਫਿਰ ਫ਼ੋਨ ਚੁੱਕਣੇ ਬੰਦ ਕਰ ਦਿੱਤੇ। ਬਾਅਦ ਵਿਚ ਇਸ ਦੀ ਸ਼ਿਕਾਇਤ ਪੁਲਸ ਨੂੰ ਦਿੱਤੀ ਗਈ, ਜਿਸ ਤੋਂ ਬਾਅਦ ਥਾਣਾ ਨਵੀਂ ਬਾਰਾਦਰੀ ਵਿਚ ਦਵਿੰਦਰ ਸਿੰਘ ਦੇ ਖ਼ਿਲਾਫ਼ ਧੋਖਾਧੜੀ ਕਰਨ ਅਤੇ ਪੰਜਾਬ ਟ੍ਰੈਵਲ ਪ੍ਰੋਫ਼ੈਸ਼ਨਲਜ਼ ਰੈਗੂਲੇਸ਼ਨ ਐਕਟ 13 ਅਧੀਨ ਕੇਸ ਦਰਜ ਕਰ ਲਿਆ। ਇਹ ਕੇਸ 29 ਅਗਸਤ 2025 ਨੂੰ ਦਰਜ ਕੀਤਾ ਗਿਆ ਸੀ ਪਰ ਪੁਲਸ ਨੇ ਹੁਣ ਜਾ ਕੇ ਦਵਿੰਦਰ ਸਿੰਘ ਸੈਣੀ ਨਿਵਾਸੀ ਕੀਰਤੀ ਨਗਰ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਨਵੀਂ ਬਾਰਾਦਰੀ ਦੇ ਇੰਚਾਰਜ ਰਵਿੰਦਰ ਕੁਮਾਰ ਨੇ ਦੱਸਿਆ ਕਿ ਦਵਿੰਦਰ ਸਿੰਘ ਨੂੰ ਦੋ ਦਿਨ ਦੇ ਰਿਮਾਂਡ ’ਤੇ ਲਿਆ ਗਿਆ ਹੈ। 2019 ਵਿਚ ਨੌਸਰਬਾਜ਼ ਦਵਿੰਦਰ ਸਿੰਘ ਸੈਣੀ ਨੇ ਇਕ ਹੀ ਨੌਜਵਾਨ ਨਾਲ ਦੋ ਤਰੀਕਿਆਂ ਨਾਲ ਫ਼ਰੌਡ ਕੀਤਾ ਸੀ। ਥਾਣਾ ਇਕ ਵਿਚ ਦਰਜ ਐੱਫ਼. ਆਈ. ਆਰ. ਮੁਤਾਬਕ ਦਵਿੰਦਰ ਸਿੰਘ ਨੇ ਪਲਵਿੰਦਰ ਕੌਰ ਪਤਨੀ ਚਰਨਜੀਤ ਸਿੰਘ ਨਿਵਾਸੀ ਫਗਵਾੜਾ ਦੇ ਪੁੱਤਰ ਨੂੰ ਸਟੱਡੀ ਵੀਜ਼ੇ ’ਤੇ ਵਿਦੇਸ਼ ਭੇਜਣ ਦਾ ਝਾਂਸਾ ਦਿੱਤਾ ਸੀ। ਦੋਸ਼ ਹੈ ਕਿ ਦਵਿੰਦਰ ਸਿੰਘ ਨੇ ਉਨ੍ਹਾਂ ਤੋਂ 17.89 ਲੱਖ ਰੁਪਏ ਲੈ ਕੇ ਵੀ ਪੁੱਤਰ ਨੂੰ ਵਿਦੇਸ਼ ਨਹੀਂ ਭੇਜਿਆ। ਉਸ ਤੋਂ ਬਾਅਦ ਉਨ੍ਹਾਂ ਦੇ ਘਰ ਸਾਊਥ ਇੰਡੀਅਨ ਬੈਂਕ ਲੁਧਿਆਣਾ ਬ੍ਰਾਂਚ ਤੋਂ ਇਕ ਚਿੱਠੀ ਆਈ, ਜਿਸ ਨੂੰ ਪੜ੍ਹ ਕੇ ਪਤਾ ਲੱਗਾ ਕਿ ਉਨ੍ਹਾਂ ਦੇ ਨਾਂ ’ਤੇ 5.84 ਲੱਖ ਰੁਪਏ ਦਾ ਲੋਨ ਲਿਆ ਗਿਆ ਹੈ। ਪਲਵਿੰਦਰ ਕੌਰ ਨੇ ਦੋਸ਼ ਲਗਾਏ ਸਨ ਕਿ ਦਵਿੰਦਰ ਸਿੰਘ ਸੈਣੀ ਨੇ ਉਨ੍ਹਾਂ ਦੇ ਦਸਤਾਵੇਜ਼ਾਂ ਦੀ ਗਲਤ ਵਰਤੋਂ ਕਰਕੇ ਬੈਂਕ ਵਿਚ ਖਾਤਾ ਖੁਲ੍ਹਵਾ ਕੇ ਫਰਜ਼ੀ ਤਰੀਕੇ ਨਾਲ ਪੁੱਤਰ ਦੇ ਨਾਂ ’ਤੇ ਲੋਨ ਲੈ ਲਿਆ ਅਤੇ ਪੈਸੇ ਖੁਦ ਖਾ ਗਿਆ। ਥਾਣਾ ਇਕ ਦੀ ਪੁਲਸ ਨੇ ਦਵਿੰਦਰ ਸਿੰਘ ਸੈਣੀ ਖ਼ਿਲਾਫ਼ ਐੱਫ. ਆਈ. ਆਰ. ਨੰਬਰ 71 ਅਤੇ ਪੰਜਾਬ ਟ੍ਰੈਵਲ ਪ੍ਰੋਫ਼ੈਸ਼ਨਲਜ਼ ਰੈਗੂਲੇਸ਼ਨ ਐਕਟ 13 ਅਧੀਨ ਕੇਸ ਦਰਜ ਕੀਤਾ ਸੀ। ਇਸੇ ਤਰ੍ਹਾਂ ਦਵਿੰਦਰ ਸਿੰਘ ਦੇ ਖ਼ਿਲਾਫ਼ ਥਾਣਾ ਰਾਮਾ ਮੰਡੀ ਵਿਚ ਵੀ ਐੱਫ਼. ਆਈ. ਆਰ. ਨੰਬਰ 302 ਅਤੇ ਪੰਜਾਬ ਟ੍ਰੈਵਲ ਪ੍ਰੋਫ਼ੈਸ਼ਨਲਜ਼ ਰੈਗੂਲੇਸ਼ਨ ਐਕਟ 13 ਦਰਜ ਕੀਤਾ ਗਿਆ ਸੀ।

