Ferozepur: International Panthic Dal’s 30th Nagar Kirtan – Singh Sahib Giani Jasvir Singh Rode: ‘Gurbani Keeps Us in Chardi Kala
ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਨੇ ਕਿਹਾ ‘ਗੁਰਬਾਣੀ ਸਾਨੂੰ ਨਿਰਾਸ਼ਾ ਤੋਂ ਕੱਢ ਕੇ ਚੜ੍ਹਦੀ ਕਲਾ ਵਿੱਚ ਰੱਖਦੀ ਹੈ’

11 ਦਸੰਬਰ 2025, ਫਿਰੋਜ਼ਪੁਰ – ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿਨ ਸੇਵਕ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਤ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਅੱਜ 30ਵਾਂ ਨਗਰ ਕੀਰਤਨ ਆਰੰਭ ਕੀਤਾ ਗਿਆ। ਜ਼ਿਕਰਯੋਗ ਹੈ ਕਿ ਪੰਜਾਬ ਭਰ ਵਿੱਚ ਗੁਰਬਾਣੀ ਦੇ ਪ੍ਰਚਾਰ ਤੇ ਪ੍ਰਸਾਰ ਲਈ 9ਵੇਂ ਪਾਤਿਸ਼ਾਹ ਤੇ ਉਨ੍ਹਾਂ ਦੇ ਨਾਲ ਸ਼ਹੀਦ ਹੋਏ ਸੇਵਕਾਂ ਦੇ ਇਤਿਹਾਸਕ ਸ਼ਹਾਦਤ ਦਿਹਾੜੇ ਨੂੰ ਸਮਰਪਤ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਪੰਜਾਬ ਦੇ ਵੱਖ-ਵੱਖ ਥਾਵਾਂ ‘ਤੇ 40 ਨਗਰ ਕੀਰਤਨ ਸਜਾਏ ਜਾਣ ਦੀ ਸੇਵਾ ਮਿਥੀ ਗਈ ਹੈ ਜਿਸ ਦੇ ਸਬੰਧ ਵਿੱਚ ਅੱਜ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ 30ਵਾਂ ਨਗਰ ਕੀਰਤਨ ਫਿਰੋਜਪੁਰ ਜਿਲ੍ਹੇ ਦੇ ਪ੍ਰਸਿੱਧ ਅਸਥਾਨ ਗੁਰਦੁਆਰਾ ਪ੍ਰਗਟ ਸਾਹਿਬ (ਕਾਰ ਸੇਵਾ ਬਾਬਾ ਜਗਤਾਰ ਸਿੰਘ) ਤੋਂ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਜੀ ਰੋਡੇ ਦੇ ਸੁਯੋਗ ਪ੍ਰਬੰਧਾਂ ਹੇਠ ਆਰੰਭ ਕੀਤਾ ਗਿਆ। ਇਹ ਨਗਰ ਕੀਰਤਨ ਵੱਖ-ਵੱਖ ਪਿੰਡਾਂ ਜਿਵੇਂ ਪਿੰਡ ਹਾਮਦ, ਅਲਫ ਕੇ, ਲੱਖੋ ਕੇ ਬਹਿਰਾਮ, ਸ਼ਰੀਂਹ ਵਾਲਾ, ਦਿਲਾ ਰਾਮ, ਕੋਹਰ ਸਿੰਘ ਵਾਲਾ, ਚੱਕ ਸੋਮੀਆਂ, ਲਾਲਚੀਆਂ ਆਦਿ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਪ੍ਰਗਟ ਸਾਹਿਬ ਵਿਖੇ ਅਰਦਾਸ ਉਪ੍ਰੰਤ ਸਮਾਪਤ ਹੋਇਆ। ਇਸ ਦੌਰਾਨ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ ਨੇ ਸੰਗਤਾਂ ਨੂੰ ਆਪਣੇ ਸੰਬੋਧਨ ਵਿੱਚ ਗੁਰਬਾਣੀ ਦੀ ਮਹੱਤਤਾ ਬਾਰੇ ਭਰਪੂਰ ਜਾਣਕਾਰੀ ਦਿਤੀ। ਉਨ੍ਹਾਂ ਕਿਹਾ ਕਿ ਗੁਰਬਾਣੀ ਪੜ੍ਹਨ ਵਾਲਾ ਗੁਰਸਿੱਖ ਕਦੇ ਨਿਰਾਸ਼ਾ ਵਿੱਚ ਨਹੀਂ ਰਹਿੰਦਾ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਜੀਵਨ ਬਤੀਤ ਕਰਦਾ ਹੈ। ਉਨ੍ਹਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿਨ ਸੇਵਕਾਂ ਦੀ ਸ਼ਹਾਦਤ ਬਾਰੇ ਬਿਆਨ ਕਰਦਿਆਂ ਕਿਹਾ ਕਿ ਉਦੋਂ ਹਿੰਦੂ ਫਰਿਆਦੀ ਸੀ, ਮਜ਼ਲੂਮ ਸੀ ਪਰ ਅੱਜ ਉਹ ਹੁਕਮਰਾਨ ਹੈ ਅਤੇ ਗੁਰੂ ਦੇ ਸਿੱਖ 32-32 ਸਾਲਾਂ ਤੋਂ ਇਨਸਾਫ ਦੀ ਉਡੀਕ ਵਿੱਚ ਜੇਲ੍ਹਾਂ ਵਿੱਚ ਜੀਵਨ ਬਿਤਾਉਣ ਲਈ ਮਜ਼ਬੂਰ ਹਨ। ਉਨ੍ਹਾਂ ਕਿਹਾ ਕਿ ਨਗਰ ਕੀਰਤਨ ਸੰਗਤਾਂ ਲਈ ਇੱਕ ਸੁਨੇਹਾ ਵੀ ਹੈ ਕਿ ਸਿੱਖ ਆਪਣੇ ਵਿਰਸੇ ਨੂੰ ਕਦੇ ਨਾ ਭੁੱਲਣ। ਨਗਰ ਕੀਰਤਨ ਵਿੱਚ ਸੰਗਤਾਂ ਨੇ ਬਹੁਤ ਉਤਸ਼ਾਹ ਦੇ ਨਾਲ ਹਰ ਪਿੰਡ ਵਿੱਚ ਹਾਜ਼ਰੀਆਂ ਭਰੀਆਂ। ਸੰਗਤਾਂ ਵੱਲੋਂ ਥਾਂ-ਥਾਂ ‘ਤੇ ਸੁੰਦਰ ਗੇਟ ਬਣਾਏ ਗਏ ਅਤੇ ਪਾਣੀ ਦੇ ਛਿੜਕਾ ਕਰਕੇ ਨਗਰ ਕੀਰਤਨ ਦਾ ਸਤਿਕਾਰ ਕੀਤਾ ਗਿਆ ਸਭ ਥਾਵਾਂ ਤੇ ਬਹੁਤ ਚੜ੍ਹਦੀ ਕਲਾ ਨਾਲ ਸਿੱਖੀ ਦਾ ਪ੍ਰਚਾਰ ਕਰਕੇ ਸਾਬਤ ਸੂਰਤ ਹੋਣ, ਨਸ਼ਿਆਂ ਦਾ ਤਿਆਗ ਕਰਨ ਅਤੇ ਰੋਜਾਨਾ ਬਾਣੀ ਪੜ੍ਹਨ ਲਈ ਪ੍ਰਣ ਕਰਵਾ ਕੇ ਜੈਕਾਰੇ ਗੂੰਜਾਏ ਗਏ।
ਇਸ ਮੌਕੇ ਬਾਬਾ ਜਤਿੰਦਰ ਸਿੰਘ ਗੋਬਿੰਦਬਾਗ ਵਾਲੇ, ਬਾਬਾ ਸੱਜਣ ਸਿੰਘ, ਬਾਬਾ ਸਤਨਾਮ ਸਿੰਘ ਵੱਲੀਆ, ਭਾਈ ਜੋਗਿੰਦਰ ਸਿੰਘ ਸ਼ਾਮ ਸਿੰਘ ਵਾਲਾ, ਭਾਈ ਮਲਕੀਤ ਸਿੰਘ ਸ਼ਾਮ ਸਿੰਘ ਵਾਲਾ, ਗਿਆਨੀ ਸੁਖਜਿੰਦਰ ਸਿੰਘ ਹਰਿਦਿਆਲੇਆਣਾ, ਭਾਈ ਪਿੱਪਲ ਸਿੰਘ ਜਿਲ੍ਹਾ ਪ੍ਰਧਾਨ ਫਿਰੋਜ਼ਪੁਰ ਤੇ ਹੋਰ ਬਹੁਤ ਸਾਰੀਆਂ ਸਖਸ਼ੀਅਤਾਂ ਹਾਜਰ ਸਨ। ਅਨੇਕਾਂ ਥਾਵਾਂ ‘ਤੇ ਪੰਜ ਪਿਆਰੇ ਸਾਹਿਬਾਨਾਂ ਦਾ ਸਿਰੋਪਾਓ ਨਾਲ ਸਨਮਾਨ ਕੀਤਾ ਗਿਆ ਅਤੇ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਖਾਲਸਾ ਨੇ ਵੀ ਪ੍ਰਬੰਧ ਕਰਨ ਵਾਲੀਆਂ ਨਗਰ ਪੰਚਾਇਤਾਂ ਦਾ ਧੰਨਵਾਦ ਕੀਤਾ।
ਪੰਜ ਪਿਆਰਿਆਂ ਦੀ ਅਗਵਾਈ ‘ਚ ਸਜਾਏ ਗਏ ਨਗਰ ਕੀਰਤਨ ਦੌਰਾਨ ਮੌਜੂਦ ਸਿੰਘ ਸਾਹਿਬ ਗਿਆਨੀ ਜਸਵੀਰ ਸਿੰਘ ਰੋਡੇ, ਬਾਬਾ ਬਲਵਿੰਦਰ ਸਿੰਘ ਰੋਡੇ, ਬਾਬਾ ਸਤਨਾਮ ਸਿੰਘ ਵਲੀਆ, ਭਾਈ ਸੱਜਣ ਸਿੰਘ ਅਤੇ ਹੋਰ ਸ਼ਖਸੀਅਤਾਂ।
ਨਗਰ ਕੀਰਤਨ ਦੌਰਾਨ ਸੰਗਤਾਂ ਦਾ ਭਾਰੀ ਇਕੱਠ।
