Flood threat in Punjab! Rising water level in Ujj river can bring major destruction
ਪੰਜਾਬ ‘ਚ ਹੜ੍ਹ ਦਾ ਖ਼ਤਰਾ! ਉਝ ਦਰਿਆ ‘ਚ ਵੱਧ ਰਿਹਾ ਪਾਣੀ ਪੱਧਰ ਲਿਆ ਸਕਦਾ ਵੱਡੀ ਤਬਾਹੀ
ਬਮਿਆਲ (ਆਵਾਜ਼ਿ ਕੌਮ ਬਿਊਰੋ)-ਜੰਮੂ-ਕਸ਼ਮੀਰ ਦੇ ਪਹਾੜੀ ਇਲਾਕਿਆਂ ਵਿੱਚ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਪਾਕਿਸਤਾਨ ਸਰਹੱਦ ਨਾਲ ਲੱਗਦੇ ਬਮਿਆਲ ਨੇੜੇ ਵਗਦੇ ਉਝ ਦਰਿਆ ‘ਚ ਅੱਜ ਕਰੀਬ 1 ਲੱਖ 10 ਹਜ਼ਾਰ ਕਿਊਸਿਕ ਪਾਣੀ ਪਹੁੰਚ ਗਿਆ। ਪਾਣੀ ਦਾ ਪੱਧਰ ਵੱਧਣ ਨਾਲ ਦਰਿਆ ਦਾ ਪਾਣੀ ਕਈ ਥਾਵਾਂ ‘ਤੇ ਕਿਨਾਰਿਆਂ ਤੋਂ ਬਾਹਰ ਨਿਕਲ ਕੇ ਖੇਤਾਂ ਵੱਲ ਫੈਲਦਾ ਦਿਖਾਈ ਦਿੱਤਾ, ਜਿਸ ਕਾਰਨ ਸਰਹੱਦੀ ਇਲਾਕੇ ਦੇ ਲੋਕਾਂ ਅਤੇ ਕਿਸਾਨਾਂ ‘ਚ ਹੜ੍ਹ ਨੂੰ ਲੈ ਕੇ ਚਿੰਤਾ ਵੱਧ ਗਈ ਹੈ। ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਪਿਛਲੇ ਸਾਲ ਜਦੋਂ ਉਝ ਦਰਿਆ ਵਿੱਚ ਕਰੀਬ 1 ਲੱਖ 50 ਹਜ਼ਾਰ ਕਿਊਸਿਕ ਪਾਣੀ ਆਇਆ ਸੀ ਤਾਂ ਕਿਸਾਨਾਂ ਦੀਆਂ ਫਸਲਾਂ ਨੂੰ ਭਾਰੀ ਨੁਕਸਾਨ ਝੱਲਣਾ ਪਿਆ ਸੀ। ਉਨ੍ਹਾਂ ਅਨੁਸਾਰ ਜੇਕਰ ਦਰਿਆ ਵਿੱਚ ਪਾਣੀ ਦਾ ਪੱਧਰ 1 ਲੱਖ 80 ਹਜ਼ਾਰ ਕਿਊਸਿਕ ਦੇ ਨੇੜੇ ਪਹੁੰਚ ਜਾਂਦਾ ਹੈ ਤਾਂ ਪਾਣੀ ਦਾ ਰੁਖ ਬਮਿਆਲ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵੱਲ ਹੋ ਜਾਂਦਾ ਹੈ, ਜਿਸ ਨਾਲ ਹੜ੍ਹ ਦਾ ਖ਼ਤਰਾ ਕਾਫ਼ੀ ਵੱਧ ਜਾਂਦਾ ਹੈ। ਪਾਣੀ ਦੇ ਵਧਦੇ ਪੱਧਰ ਨੂੰ ਦੇਖਦਿਆਂ ਪੰਜਾਬ ਪੁਲਸ ਵੱਲੋਂ ਉਝ ਦਰਿਆ ‘ਤੇ ਬਣੇ ਪੁਲ ‘ਤੇ ਨਾਕਾਬੰਦੀ ਕਰਕੇ ਲੋਕਾਂ ਨੂੰ ਸਾਵਧਾਨ ਰਹਿਣ ਅਤੇ ਬਿਨਾਂ ਲੋੜ ਦਰਿਆ ਦੇ ਨੇੜੇ ਨਾ ਜਾਣ ਦੀ ਅਪੀਲ ਕੀਤੀ ਗਈ। ਇਸ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕ ਦਰਿਆ ਦਾ ਵਧਦਾ ਪਾਣੀ ਦੇਖਣ ਲਈ ਪੁਲ ‘ਤੇ ਇਕੱਠੇ ਹੋਏ। ਖ਼ਬਰ ਲਿਖੇ ਜਾਣ ਤੱਕ ਮਿਲੀ ਜਾਣਕਾਰੀ ਅਨੁਸਾਰ ਜੰਮੂ-ਕਸ਼ਮੀਰ ਦੇ ਪਹਾੜੀ ਖੇਤਰਾਂ ਵਿੱਚ ਮੀਂਹ ਦਾ ਦੌਰ ਜਾਰੀ ਹੈ, ਜਿਸ ਕਾਰਨ ਉਝ ਦਰਿਆ ਵਿੱਚ ਪਾਣੀ ਦਾ ਪੱਧਰ ਹੋਰ ਵੱਧਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ। ਪ੍ਰਸ਼ਾਸਨ ਵੱਲੋਂ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ ਅਤੇ ਲੋਕਾਂ ਨੂੰ ਸਚੇਤ ਰਹਿਣ ਦੀ ਅਪੀਲ ਕੀਤੀ ਗਈ ਹੈ।

