Former DSP, accused in Jaswant Singh Khalra murder case, ‘missing’! Police went to find him after the movie ‘Sutlej’…
ਜਸਵੰਤ ਸਿੰਘ ਖਾਲੜਾ ਕਤਲਕਾਂਡ ਦਾ ਮੁਲਜ਼ਮ ਸਾਬਕਾ DSP ‘ਲਾਪਤਾ’! ‘ਸਤਲੁਜ’ ਫ਼ਿਲਮ ਮਗਰੋਂ ਲੱਭਣ ਗਈ ਪੁਲਸ ਤਾਂ…
ਪਟਿਆਲਾ/ਨਾਭਾ (ਆਵਾਜ਼ਿ ਕੌਮ ਬਿਊਰੋ)-ਮਨੁੱਖੀ ਅਧਿਕਾਰਾਂ ਲਈ ਲੜਨ ਵਾਲੇ ਜਸਵੰਤ ਸਿੰਘ ਖਾਲੜਾ ਦੇ ਕਤਲ ਕੇਸ ’ਚ ਸਜ਼ਾ ਯਾਫ਼ਤਾ ਸਾਬਕਾ ਡੀ. ਐੱਸ. ਪੀ. ਜਸਪਾਲ ਸਿੰਘ ਦਾ ਹੁਸ਼ਿਆਰਪੁਰ ਦੇ ਪਿੰਡ ਮਾਜੀ ਵਿਖੇ ਕੋਈ ਸੁਰਾਗ ਨਹੀਂ ਮਿਲਿਆ, ਜਿਸ ਦੀ ਪੁਸ਼ਟੀ ਹੁਸ਼ਿਆਰਪੁਰ ਪੁਲਸ ਨੇ ਵੀ ਕਰ ਦਿੱਤੀ ਹੈ। ‘ਸਤਲੁਜ’ ਫਿਲਮ ਆਉਣ ਤੋਂ ਬਾਅਦ ਉਸ ਦੀ ਭਾਲ ਸ਼ੁਰੂ ਕੀਤੀ ਗਈ, ਜਿਸ ਨੂੰ ਨਾਭਾ ਦੀ ਖੇਤੀਬਾੜੀ ਜੇਲ੍ਹ ’ਚੋਂ ਮਈ 2023 ’ਚ ਜ਼ਮਾਨਤ ’ਤੇ ਛੱਡ ਦਿੱਤਾ ਗਿਆ ਸੀ। ਨਾਭਾ ਜੇਲ੍ਹ ਵੱਲੋਂ ਹੁਸ਼ਿਆਰਪੁਰ ਪੁਲਸ ਨੂੰ ਭੇਜੇ ਇਕ ਪੱਤਰ ’ਚ ਜਸਪਾਲ ਸਿੰਘ ਦਾ ਪਤਾ ਚੀਮਾ ਨਗਰ ਜਲੰਧਰ ਅਤੇ ਹਾਲ ਨਿਵਾਸੀ ਪਿੰਡ ਮਾਜੀ ਦਰਜ ਹੈ, ਪਰ ਪੁਲਸ ਜਾਂਚ ’ਚ ਸਾਹਮਣੇ ਆਇਆ ਕਿ ਉਹ ਉੱਥੇ ਨਹੀਂ ਰਹਿੰਦਾ। ਡੀ. ਐੱਸ. ਪੀ. ਜਸਪਾਲ ਸਿੰਘ ਮਈ 2023 ’ਚ 1 ਲੱਖ ਰੁਪਏ ਦਾ ਨਿੱਜੀ ਮੁਚਲਕਾ ਭਰ ਕੇ ਓਪਨ ਜੇਲ ਤੋਂ ਬਾਹਰ ਆਇਆ ਸੀ। ਉਹ ਕੁਝ ਸਮਾਂ ਪੁਲਸ ਦੇ ਸੰਪਰਕ ’ਚ ਰਿਹਾ, ਪਰ ਪਿਛਲੇ ਕਾਫ਼ੀ ਸਮੇਂ ਤੋਂ ਲਾਪਤਾ ਹੈ। ਜ਼ਿਕਰਯੋਗ ਹੈ ਕਿ ਜਸਪਾਲ ਸਿੰਘ ਨੂੰ ਟਾਂਡਾ ਥਾਣੇ ਦੇ ਇਕ ਮਾਮਲੇ ’ਚ 5 ਸਾਲ ਦੀ ਸਜ਼ਾ ਸੁਣਾਈ ਗਈ ਸੀ, ਜਿਸ ਖ਼ਿਲਾਫ਼ ਪੀੜਤ ਪਰਿਵਾਰ ਵੱਲੋਂ ਮਾਣਯੋਗ ਹਾਈ ਕੋਰਟ ’ਚ ਸਜ਼ਾ ਵਧਾਉਣ ਲਈ ਅਪੀਲ ਕੀਤੀ ਗਈ ਹੈ। ਇਸ ਮਾਮਲੇ ’ਚ ਅਗਲੀ ਤਰੀਕ 6 ਅਕਤੂਬਰ 2026 ਰੱਖੀ ਗਈ ਹੈ ਅਤੇ ਹਾਲੇ ਮਾਮਲਾ ਹਾਈ ਕੋਰਟ ’ਚ ਵਿਚਾਰ ਅਧੀਨ ਹੈ। ਪੁਲਸ ਵੱਲੋਂ ਮੁਲਜ਼ਮ ਦੀ ਭਾਲ ਲਗਾਤਾਰ ਜਾਰੀ ਹੈ।

