Gangster Abu Salem’s plea for release rejected
ਗੈਂਗਸਟਰ ਅਬੂ ਸਲੇਮ ਦੀ ਰਿਹਾਈ ਦੀ ਅਪੀਲ ਖਾਰਜ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਸੁਪਰੀਮ ਕੋਰਟ ਨੇ ਵੀਰਵਾਰ ਨੂੰ ਗੈਂਗਸਟਰ ਅਬੂ ਸਲੇਮ ਦੀ ਉਹ ਅਪੀਲ ਖਾਰਜ ਕਰ ਦਿੱਤੀ, ਜਿਸ ’ਚ ਉਸ ਨੇ ਇਸ ਆਧਾਰ ’ਤੇ ਹਿਰਾਸਤ ਤੋਂ ਰਿਹਾਈ ਦੀ ਅਪੀਲ ਕੀਤੀ ਸੀ ਕਿ ਪੁਰਤਗਾਲ ਤੋਂ ਉਸ ਦੀ ਹਵਾਲਗੀ ਦੀਆਂ ਸ਼ਰਤਾਂ ਤਹਿਤ ਭਾਰਤ ’ਚ ਜੇਲ ’ਚ ਉਸ ਦੇ 25 ਸਾਲ ਪੂਰੇ ਹੋ ਚੁੱਕੇ ਹਨ। ਜਸਟਿਸ ਵਿਕਰਮ ਨਾਥ ਅਤੇ ਜਸਟਿਸ ਸੰਦੀਪ ਮਹਿਤਾ ਦੀ ਬੈਂਚ ਨੇ ਬੰਬਈ ਹਾਈ ਕੋਰਟ ਦੇ ਅਪ੍ਰੈਲ ’ਚ ਦਿੱਤੇ ਗਏ ਹੁਕਮ ਨੂੰ ਬਰਕਰਾਰ ਰੱਖਿਆ। ਹਾਈ ਕੋਰਟ ਨੇ ਤੁਰੰਤ ਰਿਹਾਈ ਦੀ ਅਪੀਲ ਵਾਲੀ ਸਲੇਮ ਦੀ ਅਪੀਲ ਨੂੰ ‘ਸਮੇਂ ਤੋਂ ਪਹਿਲਾਂ’ ਅਤੇ ‘ਗਲਤ ਧਾਰਨਾ ’ਤੇ ਆਧਾਰਿਤ’ ਦੱਸਦਿਆਂ ਖਾਰਜ ਕਰ ਦਿੱਤਾ ਸੀ। ਸੁਪਰੀਮ ਕੋਰਟ ਨੇ ਸਲੇਮ ਦੀ ਉਸ ਅਪੀਲ ’ਤੇ ਫੈਸਲਾ ਸੁਣਾਇਆ, ਜਿਸ ’ਚ ਉਸ ਨੇ ਹਾਈ ਕੋਰਟ ਦੇ ਹੁਕਮ ਨੂੰ ਚੁਣੌਤੀ ਦਿੱਤੀ ਸੀ। ਫੈਸਲੇ ਦਾ ਵਿਸਥਾਰਤ ਹੁਕਮ ਅਜੇ ਆਉਣਾ ਬਾਕੀ ਹੈ। ਮੁੰਬਈ ਦੇ 1993 ਦੇ ਲੜੀਵਾਰ ਬੰਬ ਧਮਾਕਿਆਂ ਦੇ ਦੋਸ਼ੀ ਸਲੇਮ ਨੂੰ ਲੰਬੇ ਸਮੇਂ ਤੱਕ ਚੱਲੀ ਕਾਨੂੰਨੀ ਲੜਾਈ ਤੋਂ ਬਾਅਦ 11 ਨਵੰਬਰ, 2005 ਨੂੰ ਪੁਰਤਗਾਲ ਤੋਂ ਭਾਰਤ ਦੇ ਹਵਾਲੇ ਕੀਤਾ ਗਿਆ ਸੀ।

