Gangster Navjot Garry, based in America, had sent a consignment of 14 kg of heroin and 6 pistols: SSP Khakh
ਅਮਰੀਕਾ ਬੈਠੇ ਗੈਂਗਸਟਰ ਨਵਜੋਤ ਗੈਰੀ ਨੇ ਭੇਜੀ ਸੀ 14 ਕਿੱਲੋ ਹੈਰੋਇਨ ਅਤੇ 6 ਪਿਸਤੌਲਾਂ ਦੀ ਖੇਪ: SSP ਖੱਖ
ਜਲੰਧਰ/ਨਕੋਦਰ (ਆਵਾਜ਼ਿ ਕੌਮ ਬਿਊਰੋ)-ਜਲੰਧਰ ਦਿਹਾਤੀ ਪੁਲਸ ਨੇ ਅਮਰੀਕਾ ਵਿਚ ਬੈਠੇ ਨਵਜੋਤ ਸਿੰਘ ਉਰਫ਼ ਗੈਰੀ ਦੇ ਇਸ਼ਾਰੇ ‘ਤੇ ਚਲਾਏ ਜਾ ਰਹੇ ਨਸ਼ਿਆਂ ਅਤੇ ਹਥਿਆਰਾਂ ਦੀ ਸਮੱਗਲਿੰਗ ਦੇ ਨੈੱਟਵਰਕ ਦਾ ਪਰਦਾਫ਼ਾਸ਼ ਕਰਦੇ 22 ਸਾਲਾ ਪ੍ਰਭਦੀਪ ਸਿੰਘ ਉਰਫ਼ ਪ੍ਰਭ ਨੂੰ ਨਕੋਦਰ ਤੋਂ ਬੀਤੇ ਦਿਨੀਂ ਪਿੰਡ ਵਾਸੀਆਂ ਨੇ ਕਾਬੂ ਕਰਕੇ ਪੁਲਸ ਦੇ ਹਵਾਲੇ ਕੀਤਾ ਸੀ। ਉਥੇ ਹੀ ਪੁਲਸ ਨੂੰ ਪੁੱਛਗਿੱਛ ਵਿਚ ਪਤਾ ਲੱਗਾ ਕਿ ਅਮਰੀਕਾ ਤੋਂ ਭੇਜੀ ਗਈ 14 ਕਿੱਲੋ ਹੈਰੋਇਨ ਅਤੇ 6 ਪਿਸਤੌਲਾਂ ਦੀ ਖੇਪ ਮੁਲਜ਼ਮ ਪ੍ਰਭਦੀਪ ਸਿੰਘ ਰਾਹੀਂ ਟਿਕਾਣੇ ਲਾਈ ਜਾਣੀ ਸੀ। ਪੁਲਸ ਨੇ ਮੁਲਜ਼ਮ ਦੀ ਨਿਸ਼ਾਨਦੇਹੀ ‘ਤੇ ਉਸ ਦੀ ਹਵੇਲੀ ਵਿਚ ਲੱਕੜਾਂ ਦੇ ਢੇਰ ਹੇਠਾਂ ਲੁਕਾ ਕੇ ਰੱਖੀ ਗਈ ਹੋਰ 10 ਕਿੱਲੋ ਹੈਰੋਇਨ ਵੀ ਬਰਾਮਦ ਕੀਤੀ ਹੈ। ਐੱਸ. ਐੱਸ. ਪੀ. ਜਲੰਧਰ ਦਿਹਾਤੀ ਹਰਕਮਲਪ੍ਰੀਤ ਸਿੰਘ ਖੱਖ ਨੇ ਪ੍ਰੈੱਸ ਕਾਨਫ਼ਰੰਸ ਵਿਚ ਦੱਸਿਆ ਕਿ ਗ੍ਰਿਫ਼ਤਾਰ ਪ੍ਰਭਦੀਪ ਸਿੰਘ ਪਿੰਡ ਅਵਾਣ ਚੁਹਾਰਮੀ ਦਾ ਰਹਿਣ ਵਾਲਾ ਹੈ। ਪਿੰਡ ਵਾਸੀਆਂ ਦੀ ਚੌਕਸੀ ਸਦਕਾ 26 ਨਵੰਬਰ ਨੂੰ ਪਿੰਡ ਚੱਕ ਵੈਂਡਲ ਦੇ ਵਸਨੀਕਾਂ ਨੇ ਉਸ ਨੂੰ 2 ਕਿਲੋ ਹੈਰੋਇਨ ਅਤੇ ਪਿਸਤੌਲਾਂ ਸਮੇਤ ਫੜ ਕੇ ਪੁਲਸ ਦੇ ਹਵਾਲੇ ਕੀਤਾ ਸੀ। ਸੂਚਨਾ ਮਿਲਣ ’ਤੇ ਸੀ. ਆਈ. ਏ. ਸਟਾਫ਼ ਦੇ ਇੰਚਾਰਜ ਇੰਸਪੈਕਟਰ ਪੁਸ਼ਪ ਬਾਲੀ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਮੁਲਜ਼ਮ ਨੂੰ ਹਿਰਾਸਤ ਵਿਚ ਲੈ ਕੇ ਤਲਾਸ਼ੀ ਲਈ। ਇਸ ਦੌਰਾਨ 2 ਕਿਲੋ ਹੈਰੋਇਨ, 4 ਪਿਸਤੌਲ, 2 ਮੈਗਜ਼ੀਨ ਅਤੇ 5 ਜ਼ਿੰਦਾ ਕਾਰਤੂਸ ਬਰਾਮਦ ਹੋਏ। ਪੁੱਛਗਿੱਛ ‘ਚ ਮੁਲਜ਼ਮ ਨੇ ਖ਼ੁਲਾਸਾ ਕੀਤਾ ਕਿ ਇਹ ਖੇਪ ਅਮਰੀਕਾ ਵਿਚ ਰਹਿ ਰਹੇ ਨਵਜੋਤ ਸਿੰਘ ਉਰਫ਼ ਗੈਰੀ ਨੇ ਭੇਜੀ ਸੀ। ਇਸ ਮਗਰੋਂ ਪੁਲਸ ਮੁਲਜ਼ਮ ਨੂੰ ਉਸ ਦੀ ਹਵੇਲੀ ਲੈ ਕੇ ਪਹੁੰਚੀ, ਜਿੱਥੇ ਲੱਕੜਾਂ ਦੇ ਢੇਰ ਹੇਠਾਂ ਲੁਕਾ ਕੇ ਰੱਖੀ ਗਈ 10 ਕਿਲੋ ਵਾਧੂ ਹੈਰੋਇਨ ਬਰਾਮਦ ਕੀਤੀ ਗਈ। ਇਸ ਤਰ੍ਹਾਂ ਪੁਲਸ ਹੁਣ ਤਕ ਕੁੱਲ੍ਹ 12 ਕਿੱਲੋ ਹੈਰੋਇਨ ਅਤੇ 4 ਪਿਸਤੌਲ ਬਰਾਮਦ ਕਰ ਚੁੱਕੀ ਹੈ। ਪੁਲਸ ਮੁਤਾਬਕ ਖੇਪ ਵਿਚ ਅਜੇ 2 ਕਿੱਲੋ ਹੈਰੋਇਨ ਅਤੇ 2 ਪਿਸਤੌਲ ਬਰਾਮਦ ਹੋਣੇ ਬਾਕੀ ਹਨ। ਐੱਸ. ਐੱਸ. ਪੀ. ਨੇ ਦੱਸਿਆ ਕਿ ਨਵਜੋਤ ਸਿੰਘ ਉਰਫ਼ ਗੈਰੀ ਕਪੂਰਥਲਾ ਦੇ ਕਾਲਾ ਸੰਘਿਆਂ ਨੇੜੇ ਨਵਾਂ ਪਿੰਡ ਦਾ ਰਹਿਣ ਵਾਲਾ ਹੈ ਅਤੇ ਫ਼ਿਲਹਾਲ ਅਮਰੀਕਾ ਵਿਚ ਰਹਿ ਰਿਹਾ ਹੈ। ਮਾਮਲੇ ਦੀ ਜਾਂਚ ਦੇ ਆਧਾਰ ’ਤੇ 3 ਹੋਰ ਲੋਕਾਂ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਇਨ੍ਹਾਂ ਵਿਚ ਨਵਜੋਤ ਸਿੰਘ ਉਰਫ਼ ਗੈਰੀ, ਮਨਜੋਤਵੀਰ ਸਿੰਘ ਵਾਸੀ ਚੱਕ ਵੈਂਡਲ ਅਤੇ ਸੌਰਵ ਵਾਸੀ ਪਿੰਡ ਸਹਿਮ ਸ਼ਾਮਲ ਹਨ। ਪੁਲਸ ਉਨ੍ਹਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰ ਰਹੀ ਹੈ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮ ਨੂੰ ਤਿੰਨ ਦਿਨ ਦੇ ਪੁਲਸ ਰਿਮਾਂਡ ’ਤੇ ਲਿਆ ਗਿਆ ਹੈ। ਪੁਲਸ ਬਾਕੀ ਹੈਰੋਇਨ ਅਤੇ ਹਥਿਆਰਾਂ ਦੀ ਬਰਾਮਦਗੀ ਦੇ ਨਾਲ-ਨਾਲ ਪੂਰੇ ਨੈੱਟਵਰਕ ਨਾਲ ਜੁੜੇ ਹੋਰ ਲੋਕਾਂ ਦੀ ਭੂਮਿਕਾ ਦੀ ਜਾਂਚ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੇ ਕਾਰੋਬਾਰ ਤੋਂ ਬਣਾਈ ਗਈ ਜਾਇਦਾਦ ਨੂੰ ਕਾਨੂੰਨ ਮੁਤਾਬਕ ਜ਼ਬਤ ਕੀਤਾ ਜਾਵੇਗਾ। ਐੱਸ. ਐੱਸ. ਪੀ. ਨੇ ਇਸ ਕਾਰਵਾਈ ਵਿਚ ਸਹਿਯੋਗ ਦੇਣ ਵਾਲੇ ਪਿੰਡ ਵਾਸੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਲੋਕਾਂ ਦੀ ਚੌਕਸੀ ਨਾਲ ਨਸ਼ੇ ਦੇ ਨੈੱਟਵਰਕ ਦਾ ਪਰਦਾਫਾਸ਼ ਕਰਨ ਵਿਚ ਮਦਦ ਮਿਲੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਖ਼ਿਲਾਫ਼ ਲੜਾਈ ਵਿਚ ਜਨਤਾ ਦਾ ਸਹਿਯੋਗ ਬੇਹੱਦ ਜ਼ਰੂਰੀ ਹੈ।

