Girl dies after taking malaria medicine, medicine was given to 71 people
ਮਲੇਰੀਆ ਦੀ ਦਵਾਈ ਖਾਣ ਮਗਰੋਂ ਕੁੜੀ ਦੀ ਮੌਤ, 71 ਲੋਕਾਂ ਨੂੰ ਦਿੱਤੀ ਸੀ ਦਵਾਈ
ਪੋਲਾਵਰਮ (ਆਵਾਜ਼ਿ ਕੌਮ ਬਿਊਰੋ)- ਆਂਧਰਾ ਪ੍ਰਦੇਸ਼ ਦੇ ਪੋਲਾਵਰਮ ਜ਼ਿਲ੍ਹੇ ਦੇ ਗੋਲਾਗੁੱਪਾ ਪਿੰਡ ‘ਚ ਮਲੇਰੀਆ ਵਿਰੋਧੀ ਦਵਾਈ ਜਿਹੜੇ 71 ਲੋਕਾਂ ਨੂੰ ਦਿੱਤੀ ਗਈ ਸੀ, ਉਨ੍ਹਾਂ ‘ਚੋਂ 7 ਸਾਲਾ ਇਕ ਕੁੜੀ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਬਾਅਦ ਰਾਜ ਦੇ ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀ ਪਿੰਡ ਦੀ ਸਥਿਤੀ ‘ਤੇ ਕਰੀਬੀ ਨਜ਼ਰ ਰੱਖ ਰਹੇ ਹਨ। ਵਿਭਾਗ ਦੇ ਸੀਨੀਅਰ ਅਧਿਕਾਰੀਆਂ ਅਨੁਸਾਰ, ਮਲੇਰੀਆ ਦੀ ਰੋਕਥਾਮ ਅਤੇ ਨਿਗਰਾਨੀ ਦੇ ਅਧੀਨ ਸਿਹਤ ਟੀਮਾਂ ਨੇ ਇਕ ਸਤੰਬਰ ਨੂੰ ਗੋਲਾਗੁੱਪਾ ‘ਚ ਬੁਖਾਰ ਦੀ ਜਾਂਚ, ਤੁਰੰਤ ਜਾਂਚ (ਆਰਡੀਟੀ), ਮੈਡੀਕਲ ਕੈਂਪ ਅਤੇ ਸਕੂਲਾਂ ‘ਚ ਵੀ ਜਾਂਚ ਕੀਤੀ। ਇਸ ਦੌਰਾਨ 74 ਲੋਕਾਂ ਦੀ ਜਾਂਚ ਕੀਤੀ ਗਈ। ਇਨ੍ਹਾਂ ‘ਚੋ ਜਿਹੜੇ ਤਿੰਨ ਲੋਕਾਂ ਨੂੰ ਬੁਖ਼ਾਰ ਸੀ, ਉਨ੍ਹਾਂ ਨੂੰ ਮਲੇਰੀਆ ਦੇ ਇਲਾਜ ਦੀ ਦਵਾਈ ਦਿੱਤੀ ਗਈ। ਉਨ੍ਹਾਂ ਦੱਸਿਆ ਕਿ ਜਾਂਚ ਤੋਂ ਬਾਅਦ 71 ਲੋਕਾਂ ਨੂੰ ਭੋਜਨ ਤੋਂ ਬਾਅਦ 300 ਮਿਲੀਗ੍ਰਾਮ ਕਲੋਰੋਕਵੀਨ ਦੀ ਖੁਰਾਕ ਦਿੱਤੀ ਗਈ। ਇਹ ਦਵਾਈ ਮਲੇਰੀਆ ਦੇ ਬਚਾਅ ਲਈ ਦਿੱਤੀ ਗਈ ਸੀ। ਗਰਭਵਤੀ ਅਤੇ ਬ੍ਰੈਸਟ ਫੀਡਿੰਗ ਕਰਵਾਉਣ ਵਾਲੀਆਂ ਔਰਤਾਂ ਨੂੰ ਇਹ ਦਵਾਈ ਨਹੀਂ ਦਿੱਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਦਵਾਈ ਦੇਣ ਤੋਂ ਬਾਅਦ ਸਿਹਤ ਟੀਮਾਂ ਪਿੰਡ ‘ਚ ਹੀ ਰਹੀਆਂ ਅਤੇ ਲੋਕਾਂ ਦੀ ਨਿਗਰਾਨੀ ਕਰਦੀਆਂ ਰਹੀਆਂ। ਸਿਹਤ ਵਿਭਾਗ ਦੇ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਕਲੋਰੋਕਵੀਨ ਦਿੱਤੇ ਜਾਣ ਦੇ ਕਰੀਬ ਢਾਈ ਘੰਟਿਆਂ ਬਾਅਦ 7 ਸਾਲਾ ਕੁੜੀ ਦੀ ਹਾਲਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੂੰ ਲਕਸ਼ਮੀਪੁਰਮ ਪ੍ਰਾਇਮਰੀ ਸਿਹਤ ਕੇਂਦਰ (ਪੀਐੱਚਸੀ) ਲਿਜਾਇਆ ਗਿਆ। ਉੱਥੇ ਜ਼ਰੂਰੀ ਇਲਾਜ ਤੋਂ ਬਾਅਦ ਕੁੜੀ ਨੂੰ ਖੇਤਰੀ ਹਸਪਤਾਲ ਭੇਜਿਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਇਸ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਕੁੜੀ ਦੀ ਮੌਤ ਦਾ ਕਾਰਨ ਕਲੋਰੋਕਵੀਨ ਹੈ। ਮੌਤ ਦੀ ਸਹੀ ਵਜ੍ਹਾ ਦਾ ਪਤਾ ਲਗਾਉਣ ਲਈ ਮੈਡੀਕਲ, ਪ੍ਰਯੋਗਸ਼ਾਲਾ ਅਤੇ ਮਾਹਿਰਾਂ ਦੀ ਮਦਦ ਨਾਲ ਵਿਸਤ੍ਰਿਤ ਜਾਂਚ ਕੀਤੀ ਜਾ ਰਹੀ ਹੈ।

