Heartbreaking accident on Jalandhar-Amritsar NH, 3 members of the same family died, car overturned
ਜਲੰਧਰ-ਅੰਮ੍ਰਿਤਸਰ NH ‘ਤੇ ਰੂਹ ਕੰਬਾਊ ਹਾਦਸਾ, ਇਕੋ ਪਰਿਵਾਰ ਦੇ 3 ਜੀਆਂ ਦੀ ਮੌਤ, ਕਾਰ ਦੇ ਉੱਡੇ ਪਰਖੱਚੇ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਜਲੰਧਰ-ਅੰਮ੍ਰਿਤਸਰ ਹਾਈਵੇਅ ‘ਤੇ ਵਾਪਰੇ ਭਿਆਨਕ ਸੜਕ ਹਾਦਸੇ ਦੌਰਾਨ ਤਿੰਨ ਲੋਕਾਂ ਦੀ ਦਰਦਨਾਕ ਮੌਤ ਹੋ ਗਈ। ਇਸ ਦੇ ਨਾਲ ਹੀ ਤਿੰਨ ਬੱਚੀਆਂ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਈਆਂ। ਮ੍ਰਿਤਕਾਂ ਦੀ ਪਛਾਣ ਲੁਧਿਆਣਾ ਦੇ ਪਿੰਡ ਬਿਲਾਸਪੁਰ ਵਾਸੀ ਸੁਰਿੰਦਰ ਸ਼ੁਕਲਾ, ਉਨ੍ਹਾਂ ਦੀ ਪਤਨੀ ਪ੍ਰਿਯੰਕਾ ਅਤੇ ਉਨ੍ਹਾਂ ਦੀ ਮਾਂ ਯਾਵੰਤੀ ਦੇ ਰੂਪ ਵਿਚ ਹੋਈ ਹੈ। ਹਾਦਸੇ ਦੀ ਸੂਚਨਾ ਪਾ ਕੇ ਮੌਕੇ ਉਤੇ ਪਹੁੰਚੀ ਪੁਲਸ ਨੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਕ ਸੁਰਿੰਦਰ ਸ਼ੁਕਲਾ ਆਪਣੇ ਪਰਿਵਾਰ ਦੇ ਨਾਲ ਕਾਰ ਵਿਚ ਬਿਆਸ ਵੱਲ ਜਾ ਰਹੇ ਸਨ। ਵਿਧੀਪੁਰ ਫਲਾਈਓਵਰ ਦੇ ਕੋਲ ਇਕ ਇਨੋਵਾ ਕਾਰ ਗਲਤ ਦਿਸ਼ਾ ਤੋਂ ਤੇਜ਼ ਰਫ਼ਤਾਰ ਵਿਚ ਆਈ ਅਤੇ ਉਨ੍ਹਾਂ ਦੀ ਸਵਿੱਫਟ ਨੂੰ ਸਾਹਮਣੇ ਤੋਂ ਟੱਕਰ ਮਾਰ ਦਿੱਤੀ। ਪਰਿਵਾਰ ਦਾ ਦੋਸ਼ ਹੈ ਕਿ ਟੱਕਰ ਤੋਂ ਬਾਅਦ ਇਨੋਵਾ ਡਰਾਈਵਰ ਜ਼ਖ਼ਮੀਆਂ ਦੀ ਮਦਦ ਕਰਨ ਜਾਂ ਉਨ੍ਹਾਂ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਮੌਕੇ ਤੋਂ ਫਰਾਰ ਹੋ ਗਿਆ। ਹਾਦਸੇ ਦਾ ਸ਼ਿਕਾਰ ਹੋਏ ਸਵਿੱਫਟ ਕਾਰ ਵਿਚ ਸੁਰਿੰਦਰ ਸ਼ੁਕਲਾ ਖ਼ੁਦ ਗੱਡੀ ਚਲਾ ਰਹੇ ਸਨ। ਉਨ੍ਹਾਂ ਦੇ ਨਾਲ ਉਨ੍ਹਾਂ ਦੀ ਪਤਨੀ ਪ੍ਰਿਯੰਕਾ, ਮਾਂ ਯਾਵੰਤੀ ਅਤੇ ਤਿੰਨ ਬੱਚੀਆਂ ਸਵਾਰ ਸਨ। ਹਾਦਸੇ ਦੇ ਸਮੇਂ ਪ੍ਰਿਯੰਕਾ ਦੀ ਮੌਤ ਹੋ ਗਈ। ਬਾਅਦ ਵਿਚ ਰਾਤ 8 ਵਜੇ ਸੁਰਿੰਦਰ ਅਤੇ ਰਾਤ 9 ਵਜੇ ਉਨ੍ਹਾਂ ਦੀ ਮਾਂ ਯਾਵੰਤੀ ਦਾ ਵੀ ਦਿਹਾਂਤ ਹੋ ਗਿਆ। ਟੱਕਰ ਵਿਚ ਕਾਰ ਵਿਚ ਸਵਾਰ ਤਿੰਨ ਬੱਚੀਆਂ ਗੰਭੀਰ ਰੂਪ ਨਾਲ ਜ਼ਖ਼ਮੀ ਹੋਈਆਂ ਹਨ, ਜਿਨ੍ਹਾਂ ਦਾ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਜ਼ਖ਼ਮੀਆਂ ਵਿਚ 13 ਸਾਲ ਦੀ ਅੰਸ਼ਿਕਾ ਸ਼ਾਮਲ ਹੈ, ਜਿਸ ਦੀਆਂ ਦੋਵੇਂ ਲੱਤਾਂ ਗੰਭੀਰ ਰੂਪ ਨਾਲ ਫਰੈਕਚਰ ਹੋ ਚੁੱਕੀਆਂ ਹਨ। 8 ਸਾਲ ਦੀ ਅਰਪਿਤਾ ਅਤੇ ਇਕ ਸਾਲ ਦੀ ਮਾਨਵੀ ਨੂੰ ਵੀ ਗੰਭੀਰ ਸੱਟਾਂ ਆਈਆਂ ਹਨ। ਇਨ੍ਹਾਂ ਬੱਚੀਆਂ ਦੇ ਸਿਰੋਂ ਮਾਪਿਆਂ ਅਤੇ ਦਾਦੀ ਦਾ ਸਾਇਆ ਉੱਡ ਗਿਆ ਹੈ।

