Heavy rain wreaks havoc in Delhi! Water filled airport, 400 flights delayed
ਦਿੱਲੀ ’ਚ ਭਾਰੀ ਮੀਂਹ ਦਾ ਕਹਿਰ! ਏਅਰਪੋਰਟ ’ਚ ਭਰਿਆ ਪਾਣੀ, 400 ਉਡਾਣਾਂ ਹੋਈਆਂ ਲੇਟ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਦਿੱਲੀ ’ਚ ਸ਼ੁੱਕਰਵਾਰ ਦੁਪਹਿਰ ਭਾਰੀ ਮੀਂਹ ਪਿਆ, ਜਿਸ ਨਾਲ ਏਅਰਪੋਰਟ ’ਚ ਪਾਣੀ ਭਰ ਗਿਆ। ਮੀਂਹ ਦਾ ਅਸਰ ਉਡਾਣਾਂ ’ਤੇ ਵੀ ਪਿਆ। ਇਸ ਦੌਰਾਨ ਅਹਿਮਦਾਬਾਦ, ਮੁੰਬਈ ਅਤੇ ਪੋਰਟ ਬਲੇਅਰ ਤੋਂ ਆਉਣ ਵਾਲੀਆਂ ਉਡਾਣਾਂ ਦੇਰੀ ਨਾਲ ਦਿੱਲੀ ਪਹੁੰਚੀਆਂ। ਏਅਰਪੋਰਟ ਕੰਪਲੈਕਸ ਦੇ ਕਈ ਹਿੱਸਿਆਂ ’ਚ ਪਾਣੀ ਜਮ੍ਹਾ ਹੋਣ ਨਾਲ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਖਰਾਬ ਮੌਸਮ ਕਾਰਨ ਦਿੱਲੀ ਏਅਰਪੋਰਟ ’ਤੇ ਘੱਟੋ-ਘੱਟ 9 ਉਡਾਣਾਂ ਨੂੰ ਡਾਇਵਰਟ ਕਰਨਾ ਪਿਆ, ਜਦਕਿ 400 ਉਡਾਣਾਂ ਦੇਰੀ ਨਾਲ ਸੰਚਾਲਿਤ ਹੋਈਆਂ। ਉੱਧਰ, ਉੱਤਰ ਪ੍ਰਦੇਸ਼ ’ਚ ਲਗਾਤਾਰ ਪੈ ਰਹੇ ਮੀਂਹ ਨਾਲ 23 ਜ਼ਿਲ੍ਹਿਆਂ ’ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਵਾਰਾਣਸੀ ਅਤੇ ਚਿਤਰਕੂਟ ਸਭ ਤੋਂ ਜ਼ਿਆਦਾ ਪ੍ਰਭਾਵਿਤ ਹਨ। ਹੁਣ ਤੱਕ 16 ਹਜ਼ਾਰ ਤੋਂ ਵੱਧ ਲੋਕਾਂ ਨੂੰ ਰੈਸਕਿਊ ਕੀਤਾ ਜਾ ਚੁੱਕਾ ਹੈ। ਮੱਧ ਪ੍ਰਦੇਸ਼ ’ਚ ਮੰਦਾਕਿਨੀ ਅਤੇ ਨਰਮਦਾ ਨਦੀ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਉੱਥੇ ਹੀ, ਛਤਰਪੁਰ, ਸਤਨਾ, ਮੰਡਲਾ, ਮੈਹਰ ਸਮੇਤ ਕਈ ਜ਼ਿਲਿਆਂ ’ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਬਿਹਾਰ ਦੇ 16 ਜ਼ਿਲ੍ਹਿਆਂ ’ਚ ਹੜ੍ਹ ਨਾਲ ਕਰੀਬ 5 ਲੱਖ ਲੋਕ ਪ੍ਰਭਾਵਿਤ ਹਨ। ਗੰਗਾ ਸਮੇਤ 8 ਮੁੱਖ ਨਦੀਆਂ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਹੀਆਂ ਹਨ। ਪਟਨਾ ’ਚ ਗੰਗਾ ਦੇ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਇਸ ਨੂੰ ਦੇਖਦੇ ਹੋਏ ਪਟਨਾ ਸੁਰੱਖਿਆ ਕੰਧ ਦੇ ਸਾਰੇ 108 ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ ਹੈ, ਤਾਂ ਜੋ ਨਾਲਿਆਂ ਰਾਹੀਂ ਸ਼ਹਿਰ ’ਚ ਪਾਣੀ ਨਾ ਵੜੇ। ਮੀਂਹ ਤੋਂ ਬਾਅਦ ਦਿੱਲੀ ਹਵਾਈ ਅੱਡੇ ਦੇ ਟਰਮੀਨਲ-3 ਦੇ ਫੋਰਕੋਰਟ ’ਚ ਵੀ ਪਾਣੀ ਭਰ ਗਿਆ। ਸਥਿਤੀ ਇਹ ਰਹੀ ਕਿ ਯਾਤਰੀਆਂ ਨੂੰ ਲੱਗਭਗ ਅੱਧੇ ਘੰਟੇ ਤੱਕ ਪਾਣੀ ਘੱਟ ਹੋਣ ਦਾ ਇੰਤਜ਼ਾਰ ਕਰਨਾ ਪਿਆ ਤਾਂ ਜੋ ਉਹ ਆਗਮਨ ਦੁਆਰ ਵੱਲ ਅੱਗੇ ਵਧ ਸਕਣ। ਪਾਣੀ ਭਰ ਜਾਣ ਕਾਰਨ ਯਾਤਰੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਅਤੇ ਉਨ੍ਹਾਂ ਨੂੰ ਪਾਣੀ ਵਿਚੋਂ ਲੰਘਣ ’ਚ ਪ੍ਰੇਸ਼ਾਨੀ ਹੋਈ। ਮੌਸਮ ਵਿਭਾਗ ਨੇ ਦਿੱਲੀ-ਐੱਨ. ਸੀ. ਆਰ. ਲਈ ਔਰੈਂਜ ਅਲਰਟ ਜਾਰੀ ਕੀਤਾ ਹੈ। ਦਿੱਲੀ, ਨੋਇਡਾ, ਗਾਜ਼ੀਆਬਾਦ, ਗੁਰੂਗ੍ਰਾਮ ਅਤੇ ਫਰੀਦਾਬਾਦ ’ਚ ਮੀਂਹ ਦੇ ਨਾਲ ਬੱਦਲ ਗੱਜਣ ਅਤੇ ਬਿਜਲੀ ਲਿਸ਼ਕਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਅਗਲੇ ਤਿੰਨ ਘੰਟਿਆਂ ’ਚ ਦਿੱਲੀ ਦੇ ਜ਼ਿਆਦਾਤਰ ਇਲਾਕਿਆਂ ’ਚ ਦਰਮਿਆਨਾ ਅਤੇ ਕੁਝ ਸਥਾਨਾਂ ’ਚ 50 ਤੋਂ 100 ਮਿਲੀਮੀਟਰ ਤੱਕ ਭਾਰੀ ਮੀਂਹ ਪੈਣ ਦਾ ਅੰਦਾਜ਼ਾ ਹੈ। ਇਸ ਦੌਰਾਨ ਬਿਜਲੀ ਲਿਸ਼ਕਣ ਦੇ ਨਾਲ 60 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੀ ਵੀ ਸੰਭਾਵਨਾ ਹੈ।

