High alert by police at Jalandhar Railway Station; search operation conducted in every nook and corner with a dog squad
ਜਲੰਧਰ ਰੇਲਵੇ ਸਟੇਸ਼ਨ ‘ਤੇ ਪੁਲਸ ਦਾ ਹਾਈ ਅਲਰਟ, ਡਾਗ ਸਕੁਐਡ ਨਾਲ ਕੋਨੇ-ਕੋਨੇ ‘ਚ ਚੱਲਿਆ ਤਲਾਸ਼ੀ ਅਭਿਆਨ
ਜਲੰਧਰ (ਆਵਾਜ਼ਿ ਕੌਮ ਬਿਊਰੋ)-ਸਿਟੀ ਰੇਲਵੇ ਸਟੇਸ਼ਨ ’ਤੇ ਸੁਰੱਖਿਆ ਵਿਵਸਥਾ ਮਜ਼ਬੂਤ ਬਣਾਉਣ ਅਤੇ ਸਮਾਜ ਵਿਰੋਧੀ ਅਨਸਰਾਂ ’ਤੇ ਨਜ਼ਰ ਰੱਖਣ ਦੇ ਉਦੇਸ਼ ਨਾਲ ਜੀ. ਆਰ. ਪੀ. ਨੇ ਆਰ. ਪੀ. ਐੱਫ. ਦੇ ਨਾਲ ਸਾਂਝੇ ਤੌਰ ’ਤੇ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ। ਡਾਗ ਸਕੁਐਡ ਦੇ ਨਾਲ ਦੇਰ ਸ਼ਾਮ ਚਲਾਈ ਗਈ ਇਸ ਮੁਹਿੰਮ ਦੌਰਾਨ ਸਟੇਸ਼ਨ ਕੰਪਲੈਕਸ, ਪਲੇਟਫਾਰਮਾਂ, ਵੇਟਿੰਗ ਏਰੀਆ ਅਤੇ ਐਂਟਰੀ ਤੇ ਐਗਜ਼ਿਟ ਗੇਟਾਂ ਦੀ ਜਾਂਚ ਕੀਤੀ ਗਈ। ਇਸ ਮੌਕੇ ਜੀ. ਆਰ. ਪੀ. ਥਾਣੇ ਦੇ ਐਡੀਸ਼ਨਲ ਐੱਸ. ਐੱਚ. ਓ. ਗੁਰਨਾਮ ਸਿੰਘ ਸਮੇਤ ਪੁਲਸ ਪਾਰਟੀ ਮੌਜੂਦ ਰਹੀ। ਪੁਲਸ ਅਧਿਕਾਰੀਆਂ ਨੇ ਯਾਤਰੀਆਂ ਦੇ ਸਾਮਾਨ ਦੀ ਜਾਂਚ ਕੀਤੀ ਅਤੇ ਸਟੇਸ਼ਨ ’ਤੇ ਸ਼ੱਕੀ ਸਰਗਰਮੀਆਂ ’ਤੇ ਵਿਸ਼ੇਸ਼ ਨਜ਼ਰ ਰੱਖੀ। ਚੈਕਿੰਗ ਦੌਰਾਨ ਯਾਤਰੀਆਂ ਨੂੰ ਸੁਰੱਖਿਆ ਸਬੰਧੀ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਦਿੱਤੇ ਗਏ। ਪੁਲਸ ਟੀਮਾਂ ਨੇ ਸਟੇਸ਼ਨ ਕੰਪਲੈਕਸ ਵਿਚ ਮੌਜੂਦ ਸ਼ੱਕੀ ਵਿਅਕਤੀਆਂ ਤੋਂ ਪੁੱਛਗਿੱਛ ਕੀਤੀ ਅਤੇ ਉਨ੍ਹਾਂ ਦੇ ਪਛਾਣ ਸਬੰਧੀ ਦਸਤਾਵੇਜ਼ਾਂ ਦੀ ਜਾਂਚ ਕੀਤੀ। ਇਸ ਤੋਂ ਇਲਾਵਾ ਸਟੇਸ਼ਨ ’ਤੇ ਆਉਣ-ਜਾਣ ਵਾਲੇ ਲੋਕਾਂ ਦੀਆਂ ਸਰਗਰਮੀਆਂ ’ਤੇ ਵੀ ਨਜ਼ਰ ਰੱਖੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਯਾਤਰੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਸਮੇਂ-ਸਮੇਂ ’ਤੇ ਅਜਿਹੀਆਂ ਮੁਹਿੰਮਾਂ ਚਲਾਈਆਂ ਜਾਂਦੀਆਂ ਹਨ। ਮੁਹਿੰਮ ਦੌਰਾਨ ਪਲੇਟਫਾਰਮਾਂ ’ਤੇ ਖੜ੍ਹੀਆਂ ਟ੍ਰੇਨਾਂ ਦੇ ਡੱਬਿਆਂ ਦੀ ਵੀ ਜਾਂਚ ਕੀਤੀ ਗਈ। ਪੁਲਸ ਮੁਲਾਜ਼ਮਾਂ ਨੇ ਯਾਤਰੀਆਂ ਨੂੰ ਬਿਨਾਂ ਨਿਗਰਾਨੀ ਦੇ ਸਾਮਾਨ ਨਾ ਛੱਡਣ ਅਤੇ ਕਿਸੇ ਵੀ ਸ਼ੱਕੀ ਚੀਜ਼ ਜਾਂ ਵਿਅਕਤੀ ਬਾਰੇ ਤੁਰੰਤ ਪੁਲਸ ਨੂੰ ਸੂਚਨਾ ਦੇਣ ਲਈ ਜਾਗਰੂਕ ਕੀਤਾ। ਸਟੇਸ਼ਨ ਕੰਪਲੈਕਸ ਵਿਚ ਲੱਗੇ ਸੁਰੱਖਿਆ ਉਪਕਰਨਾਂ ਅਤੇ ਨਿਗਰਾਨੀ ਵਿਵਸਥਾ ਦਾ ਵੀ ਜਾਇਜ਼ਾ ਲਿਆ ਗਿਆ। ਐਡੀਸ਼ਨਲ ਐੱਸ. ਐੱਚ. ਓ. ਗੁਰਨਾਮ ਸਿੰਘ ਨੇ ਕਿਹਾ ਕਿ ਰੇਲਵੇ ਸਟੇਸ਼ਨ ਸੰਵੇਦਨਸ਼ੀਲ ਜਨਤਕ ਥਾਵਾਂ ਵਿਚ ਸ਼ਾਮਲ ਹਨ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿਚ ਯਾਤਰੀ ਆਉਂਦੇ-ਜਾਂਦੇ ਹਨ। ਯਾਤਰੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਜੀ. ਆਰ. ਪੀ. ਅਤੇ ਹੋਰ ਸੁਰੱਖਿਆ ਏਜੰਸੀਆਂ ਚੌਕਸ ਹਨ ਅਤੇ ਨਿਯਮਿਤ ਤੌਰ ’ਤੇ ਚੈਕਿੰਗ ਮੁਹਿੰਮ ਜਾਰੀ ਰਹੇਗੀ।

