Highway jam for arrest of doctor in rape case, 3-day ultimatum given to police
ਜਬਰ-ਜ਼ਿਨਾਹ ਮਾਮਲੇ ‘ਚ ਡਾਕਟਰ ਦੀ ਗ੍ਰਿਫ਼ਤਾਰੀ ਲਈ ਹਾਈਵੇ ਜਾਮ, ਪੁਲਸ ਨੂੰ ਦਿੱਤਾ 3 ਦਿਨਾਂ ਦਾ ਅਲਟੀਮੇਟਮ
ਲਾਲੜੂ (ਆਵਾਜ਼ਿ ਕੌਮ ਬਿਊਰੋ)-ਲਾਲੜੂ ਇਲਾਕੇ ’ਚ ਇਕ 19 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਹੇਠ ਕੇਸ ਦਰਜ ਹੋਣ ਦੇ ਕਰੀਬ ਡੇਢ ਮਹੀਨੇ ਬਾਅਦ ਵੀ ਮੁੱਖ ਮੁਲਜ਼ਮ ਆਰ. ਐੱਮ. ਪੀ. ਡਾਕਟਰ ਦੀ ਗ੍ਰਿਫ਼ਤਾਰੀ ਨਾ ਹੋਣ ਕਾਰਨ ਸੋਮਵਾਰ ਨੂੰ ਲੋਕਾਂ ਦਾ ਗੁੱਸਾ ਭੜਕ ਉੱਠਿਆ। ਭੀਮ ਆਰਮੀ ਅਤੇ ਆਜ਼ਾਦ ਸਮਾਜ ਪਾਰਟੀ ਕਾਂਸ਼ੀਰਾਮ ਦੇ ਆਗੂਆਂ ਦੀ ਅਗਵਾਈ ਹੇਠ ਪ੍ਰਦਰਸ਼ਨਕਾਰੀਆਂ ਵੱਲੋਂ ਥਾਣਾ ਲਾਲੜੂ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਕਰੀਬ ਤਿੰਨ ਘੰਟਿਆਂ ਬਾਅਦ ਧਰਨਾ ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਪਹੁੰਚ ਗਿਆ ਅਤੇ ਪ੍ਰਦਰਸ਼ਨਕਾਰੀਆਂ ਨੇ ਆਵਾਜਾਈ ਠੱਪ ਕਰਕੇ ਸੜਕ ਜਾਮ ਕਰ ਦਿੱਤੀ। ਪ੍ਰਦਰਸ਼ਨਕਾਰੀਆਂ ਦੀ ਮੰਗ ’ਤੇ ਪੁਲਸ ਵੱਲੋਂ ਫ਼ਰਾਰ ਮੁੱਖ ਮੁਲਜ਼ਮ ਦੇ ਇਕ ਬਜ਼ੁਰਗ ਪਰਿਵਾਰਕ ਮੈਂਬਰ ਨੂੰ ਪੁੱਛਗਿੱਛ ਲਈ ਥਾਣੇ ਲਿਜਾਣ ਤੋਂ ਬਾਅਦ ਕਰੀਬ ਤਿੰਨ ਘੰਟਿਆਂ ਬਾਅਦ ਜਾਮ ਖੋਲ੍ਹਿਆ ਗਿਆ। ਇਸ ਦੌਰਾਨ ਸੈਂਕੜੇ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਸਮੇਂ ਸਿਰ ਆਪਣੀ ਮੰਜ਼ਿਲ ’ਤੇ ਪਹੁੰਚਣ ਲਈ ਕਈ ਵਾਹਨ ਚਾਲਕ ਅਣਜਾਣ ਲਿੰਕ ਸੜਕਾਂ ਵੱਲ ਮੁੜ ਗਏ, ਜਿੱਥੇ ਉਹ ਰਸਤਾ ਭਟਕਦੇ ਵੀ ਨਜ਼ਰ ਆਏ। ਟ੍ਰੈਫਿਕ ਨੂੰ ਡਾਇਵਰਟ ਕਰਨ ਲਈ ਕੀਤੇ ਗਏ ਬਦਲਵੇਂ ਪ੍ਰਬੰਧ ਵੀ ਨਾਕਾਫ਼ੀ ਸਾਬਤ ਹੋਏ। ਪ੍ਰਦਰਸ਼ਨਕਾਰੀਆਂ ਨੇ ਮੁੱਖ ਮੁਲਜ਼ਮ ਅਤੇ ਉਸ ਦੀ ਮਹਿਲਾ ਸਹਿਯੋਗੀ ਦੀ ਗ੍ਰਿਫ਼ਤਾਰੀ ਲਈ ਪੁਲਸ ਨੂੰ 3 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਨਿਰਧਾਰਤ ਸਮੇਂ ਅੰਦਰ ਗ੍ਰਿਫ਼ਤਾਰੀ ਨਾ ਕੀਤੀ ਗਈ ਤਾਂ ਇਸ ਤੋਂ ਵੀ ਵੱਡਾ ਰੋਸ ਧਰਨਾ ਲਗਾ ਕੇ ਹਾਈਵੇ ਜਾਮ ਕੀਤਾ ਜਾਵੇਗਾ। ਜਾਣਕਾਰੀ ਅਨੁਸਾਰ ਇਕ ਜੁਲਾਈ ਨੂੰ ਇਕ ਆਰ. ਐੱਮ. ਪੀ. ਡਾਕਟਰ ਅਤੇ ਉਸ ਦੀ ਸਹਿਯੋਗੀ ਨਰਸ ਖ਼ਿਲਾਫ਼ 19 ਸਾਲਾ ਕੁੜੀ ਨਾਲ ਜਬਰ-ਜ਼ਿਨਾਹ ਕਰਨ ਦੇ ਦੋਸ਼ ਹੇਠ ਕੇਸ ਦਰਜ ਕੀਤਾ ਗਿਆ ਸੀ। ਮੁੱਖ ਮੁਲਜ਼ਮ ਦੋ ਬੱਚਿਆਂ ਦਾ ਪਿਤਾ ਹੈ ਅਤੇ ਨੇੜਲੇ ਅੰਬਾਲਾ ’ਚ ਕਲੀਨਿਕ ਚਲਾਉਂਦਾ ਹੈ। ਇਸ ਮਾਮਲੇ ਦੇ ਵਿਰੋਧ ’ਚ ਭੀਮ ਆਰਮੀ ਦੇ ਮੋਹਾਲੀ ਤੇ ਪਟਿਆਲਾ ਇੰਚਾਰਜ ਤਿਲਕ ਰਾਜ ਅਤੇ ਆਜ਼ਾਦ ਸਮਾਜ ਪਾਰਟੀ ਦੇ ਹਲਕਾ ਇੰਚਾਰਜ ਜਸਵਿੰਦਰ ਸਿੰਘ ਮੋਹਾਲੀ ਦੀ ਅਗਵਾਈ ਹੇਠ ਸਵੇਰੇ ਕਰੀਬ 11 ਵਜੇ ਥਾਣੇ ਦੇ ਬਾਹਰ ਧਰਨਾ ਸ਼ੁਰੂ ਕੀਤਾ ਗਿਆ। ਧਰਨੇ ’ਚ ਪੀੜਤਾ ਨੂੰ ਵੀ ਸ਼ਾਮਲ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਪੁਲਸ ’ਤੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕਰਨ ਲਈ ਦਬਾਅ ਬਣਾਇਆ। ਜਦੋਂ ਪੁਲਸ ਵੱਲੋਂ ਤੁਰੰਤ ਕਾਰਵਾਈ ਨਾ ਹੋਈ ਤਾਂ ਪ੍ਰਦਰਸ਼ਨਕਾਰੀ ਥਾਣੇ ਦੇ ਬਾਹਰੋਂ ਅੰਬਾਲਾ-ਚੰਡੀਗੜ੍ਹ ਹਾਈਵੇ ’ਤੇ ਪਹੁੰਚ ਗਏ। ਪ੍ਰਦਰਸ਼ਨਕਾਰੀਆਂ ਨੇ ਪਹਿਲਾਂ ਚੰਡੀਗੜ੍ਹ ਵੱਲ ਜਾਣ ਵਾਲੀ ਆਵਾਜਾਈ ਰੋਕੀ ਅਤੇ ਬਾਅਦ ’ਚ ਅੰਬਾਲਾ ਵੱਲ ਜਾਣ ਵਾਲਾ ਰਸਤਾ ਵੀ ਬੰਦ ਕਰ ਦਿੱਤਾ। ਇਸ ਦੌਰਾਨ ਪੁਲਸ ਅਤੇ ਪ੍ਰਸ਼ਾਸਨ ਖ਼ਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ। ਮੌਕੇ ’ਤੇ ਐੱਸ. ਐੱਚ. ਓ. ਡੇਰਾਬੱਸੀ ਹੰਡੇਸਰਾ ਸੁਨੀਲ ਕੁਮਾਰ, ਐੱਸ. ਐੱਚ. ਓ. ਲਾਲੜੂ ਯੋਗੇਸ਼ ਕੁਮਾਰ, ਲਹਿਰੀ ਚੌਂਕੀ ਇੰਚਾਰਜ ਗੁਰਵਿੰਦਰ ਸਿੰਘ ਅਤੇ ਨਾਇਬ ਤਹਿਸੀਲਦਾਰ ਹਰਸਿਮਰਨ ਸਿੰਘ ਵੀ ਪਹੁੰਚੇ। ਹਰਸਿਮਰਨ ਸਿੰਘ ਨੇ ਦੱਸਿਆ ਕਿ ਮਾਮਲੇ ’ਚ ਨਾਮਜ਼ਦ ਮਹਿਲਾ ਮੁਲਜ਼ਮ ਨੂੰ ਪੁਲਸ ਨੇ ਬੀਤੀ ਰਾਤ ਹੀ ਗ੍ਰਿਫ਼ਤਾਰ ਕਰ ਲਿਆ ਸੀ, ਜਦੋਂ ਕਿ ਮੁੱਖ ਮੁਲਜ਼ਮ ਹਾਲੇ ਫ਼ਰਾਰ ਹੈ। ਪ੍ਰਦਰਸ਼ਨਕਾਰੀਆਂ ਦੀ ਮੰਗ ’ਤੇ ਮੁੱਖ ਮੁਲਜ਼ਮ ਦੇ ਬਜ਼ੁਰਗ ਪਿਤਾ ਨੂੰ ਪੁੱਛਗਿੱਛ ਲਈ ਥਾਣੇ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਪ੍ਰਦਰਸ਼ਨਕਾਰੀਆਂ ਨੇ ਮੁੱਖ ਮੁਲਜ਼ਮ ਦੀ ਗ੍ਰਿਫ਼ਤਾਰੀ ਲਈ ਤਿੰਨ ਦਿਨਾਂ ਦਾ ਅਲਟੀਮੇਟਮ ਦਿੰਦਿਆਂ ਸ਼ਾਮ ਕਰੀਬ ਪੰਜ ਵਜੇ ਧਰਨਾ ਖ਼ਤਮ ਕਰ ਦਿੱਤਾ। ਹਾਲਾਂਕਿ ਹਾਈਵੇ ’ਤੇ ਆਵਾਜਾਈ ਨੂੰ ਮੁੜ ਆਮ ਹੋਣ ਵਿੱਚ ਕਰੀਬ ਇੱਕ ਘੰਟਾ ਲੱਗ ਗਿਆ।

