ਤੁਮ ਸੇ ਪਹਿਲੇ ਜੋ ਸ਼ਖ਼ਸ ਜਹਾਂ ਤਖਤ ਨਸ਼ੀਂ ਥਾ
ਉਸੇ ਭੀ ਆਪਣੇ ਖੁਦਾ ਹੋਨੇ ਕਾ ਇਤਨਾ ਹੀ ਯਕੀਂ ਥਾ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਇੱਕ ਵੱਡਾ ਬਿਆਨ ਦਿੱਤਾ ਹੈ, ਜਿਸ ਨੇ ਪੰਜਾਬ ਦੇ ਸਿੱਖ ਭਾਈਚਾਰੇ ਵਿੱਚ ਤਿੱਖੀ ਪ੍ਰਤੀਕਿਰਿਆ ਪੈਦਾ ਕਰ ਦਿੱਤੀ ਹੈ। ਉਨ੍ਹਾਂ ਕਿਹਾ, “ਪੰਜਾਬ ਦੇ ਕਈ ਲੋਕ ਭਿੰਡਰਾਂਵਾਲੇ ਬਣਨਾ ਚਾਹੁੰਦੇ ਹਨ। ਕਈਆਂ ਨੇ ਭਿੰਡਰਾਂਵਾਲੇ ਬਣਨ ਦੀ ਕੋਸ਼ਿਸ਼ ਵੀ ਕੀਤੀ, ਪਰ ਅਜਿਹੇ ਲੋਕ ਅੱਜ ਡਿਬਰੂਗੜ੍ਹ ਜੇਲ੍ਹ ਵਿੱਚ ਬੈਠੇ ਪਾਠ ਕਰ ਰਹੇ ਹਨ।” ਇਸ ਬਿਆਨ ਨਾਲ ਸੱਤਾ ਦੇ ਨਸ਼ੇ ਵਿੱਚ ਚੂਰ ਅਮਿਤ ਸ਼ਾਹ ਨੇ ਸਿੱਖ ਪੰਥ ਦੀ ਸ਼ਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਸੰਘਰਸ਼ ਨੂੰ ਸਿੱਧੇ ਤੌਰ ‘ਤੇ ਨਿਸ਼ਾਨਾ ਬਣਾਉਣ ਦੀ ਕੋਸ਼ਿਸ਼ ਕੀਤੀ ਹੈ।
ਇਸ ਫੁੰਕਾਰੇ ਦਾ ਜਵਾਬ ਦਿੰਦਿਆਂ ਸਿੱਖ ਲੇਖਕ ਤੇ ਵਿਚਾਰਕ ਬਲਜੀਤ ਸਿੰਘ ਖ਼ਾਲਸਾ ਨੇ ਕਿਹਾ, “ਤੁਮ ਸੇ ਪਹਿਲੇ ਜੋ ਸ਼ਖ਼ਸ ਜਹਾਂ ਤਖਤ ਨਸ਼ੀਂ ਥਾ, ਉਸੇ ਭੀ ਆਪਣੇ ਖੁਦਾ ਹੋਨੇ ਕਾ ਇਤਨਾ ਹੀ ਯਕੀਂ ਥਾ।” ਉਨ੍ਹਾਂ ਅੱਗੇ ਕਿਹਾ ਕਿ ਅਮਿਤ ਸ਼ਾਹ, ਜੋ ਹਿੰਦੂਵਾਦ ਦੇ ਮੁੱਦੇ ‘ਤੇ ਵੋਟਾਂ ਲੈ ਕੇ ਗਲੀ ਦੇ ਗੁੰਡੇ ਤੋਂ ਗ੍ਰਹਿ ਮੰਤਰੀ ਦੇ ਅਹੁਦੇ ਤੱਕ ਪਹੁੰਚੇ ਹਨ, ਨੂੰ ਇਹ ਸਮਝਣਾ ਚਾਹੀਦਾ ਹੈ ਕਿ ਸੱਤਾ ਦਾ ਹੰਕਾਰ ਪਾਲਣਾ ਕੋਈ ਨਵੀਂ ਗੱਲ ਨਹੀਂ। ਇਤਿਹਾਸ ਗਵਾਹ ਹੈ ਕਿ ਇੰਦਰਾ ਗਾਂਧੀ, ਜਨਰਲ ਵੈਦਿਆ ਅਤੇ ਬੇਅੰਤ ਸਿੰਘ ਵਰਗੇ ਲੋਕਾਂ ਨੇ ਵੀ ਸਿੱਖਾਂ ਨੂੰ ਕੁਚਲਣ ਦੇ ਸੁਪਨੇ ਦੇਖੇ ਸਨ, ਪਰ ਅੱਜ ਉਹ ਧਰਤੀ ‘ਤੇ ਕਿਤੇ ਨਹੀਂ ਲੱਭਦੇ।
ਇਹ ਬਿਆਨ ਸਿੱਖ ਸੰਘਰਸ਼ ਦੀ ਭਾਵਨਾ ਨੂੰ ਦਬਾਉਣ ਦੀ ਕੋਸ਼ਿਸ਼ ਦਾ ਹਿੱਸਾ ਮੰਨਿਆ ਜਾ ਰਿਹਾ ਹੈ। ਸਿੱਖ ਇਤਿਹਾਸ ਵਿੱਚ ਭਿੰਡਰਾਂਵਾਲੇ ਦਾ ਨਾਂ ਇੱਕ ਅਜਿਹੇ ਸੰਘਰਸ਼ ਦਾ ਪ੍ਰਤੀਕ ਹੈ, ਜਿਸ ਨੇ ਪੰਥ ਦੀ ਆਜ਼ਾਦੀ ਅਤੇ ਸ਼ਾਨ ਲਈ ਆਪਣੀ ਜਾਨ ਦੀ ਬਾਜ਼ੀ ਲਾਈ। ਅਮਿਤ ਸ਼ਾਹ ਦੇ ਇਸ ਬਿਆਨ ਨੂੰ ਸਿੱਖ ਭਾਈਚਾਰੇ ਨੇ ਪੰਥ ਵਿਰੋਧੀ ਕਰਾਰ ਦਿੱਤਾ ਹੈ ਅਤੇ ਇਸ ਦੇ ਵਿਰੋਧ ਵਿੱਚ ਅਵਾਜ਼ ਉੱਠਣੀ ਸ਼ੁਰੂ ਹੋ ਗਈ ਹੈ।
ਕੀ ਅਮਿਤ ਸ਼ਾਹ ਦਾ ਇਹ ਬਿਆਨ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਹੈ ਜਾਂ ਸਿੱਖ ਭਾਵਨਾਵਾਂ ਨੂੰ ਭੜਕਾਉਣ ਦਾ ਇੱਕ ਹਥਿਆਰ? ਇਹ ਸਮਾਂ ਹੀ ਦੱਸੇਗਾ, ਪਰ ਇਤਿਹਾਸ ਸਾਨੂੰ ਸਿਖਾਉਂਦਾ ਹੈ ਕਿ ਸਿੱਖ ਪੰਥ ਨੇ ਹਮੇਸ਼ਾ ਹੰਕਾਰ ਦੇ ਮੁਕਾਬਲੇ ਆਪਣੀ ਏਕਤਾ ਅਤੇ ਹੌਂਸਲੇ ਨਾਲ ਜਵਾਬ ਦਿੱਤਾ ਹੈ।