IFFJK 2026: ‘Kashmir is not just a shooting location, it is a creative century’: CM Omar Abdullah
IFFJK 2026: ‘ਕਸ਼ਮੀਰ ਸਿਰਫ਼ ਇੱਕ ਸ਼ੂਟਿੰਗ ਲੋਕੇਸ਼ਨ ਨਹੀਂ, ਕ੍ਰਿਏਟਿਵ ਸੈਂਚੁਰੀ ਹੈ’: CM ਉਮਰ ਅਬਦੁੱਲਾ
ਸ਼੍ਰੀਨਗਰ (ਆਵਾਜ਼ਿ ਕੌਮ ਬਿਊਰੋ)- ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਸੋਮਵਾਰ ਨੂੰ ਸ਼੍ਰੀਨਗਰ ਦੇ SKICC ਵਿਖੇ ਆਯੋਜਿਤ International Film Festival of Jammu & Kashmir (IFFJK) 2026 ਦੇ ਉਦਘਾਟਨ ਸਮਾਰੋਹ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਇਹ ਫਿਲਮ ਫੈਸਟੀਵਲ ਜੰਮੂ-ਕਸ਼ਮੀਰ ਅਤੇ ਸਿਨੇਮਾ ਦੇ ਲੰਬੇ ਸਬੰਧਾਂ ਵਿੱਚ ਇੱਕ ਨਵੇਂ ਅਧਿਆਏ ਦੀ ਸ਼ੁਰੂਆਤ ਕਰਦਾ ਹੈ। ਮੁੱਖ ਮੰਤਰੀ ਨੇ ਦੁਨੀਆ ਦੇ ਵੱਖ-ਵੱਖ ਹਿੱਸਿਆਂ ਤੋਂ ਆਏ ਫਿਲਮ ਨਿਰਮਾਤਾਵਾਂ, ਕਲਾਕਾਰਾਂ ਅਤੇ ਡੈਲੀਗੇਟਾਂ ਦਾ ਸਵਾਗਤ ਕਰਦੇ ਕਿਹਾ ਕਿ ਜੰਮੂ-ਕਸ਼ਮੀਰ ਸਿਰਫ਼ ਫਿਲਮਾਂ ਦੀ ਸ਼ੂਟਿੰਗ ਲਈ ਇੱਕ ਲੋਕੇਸ਼ਨ ਨਹੀਂ, ਸਗੋਂ ਇੱਕ ‘ਰਚਨਾਤਮਕ ਅਸਥਾਨ’ ਅਤੇ ਦੁਨੀਆ ਭਰ ਦੇ ਕਹਾਣੀਕਾਰਾਂ ਦਾ ਘਰ ਹੈ। ਉਨ੍ਹਾਂ ਕਿਹਾ ਕਿ 40 ਤੋਂ ਵੱਧ ਦੇਸ਼ਾਂ ਦੇ ਫ਼ਿਲਮ ਨਿਰਮਾਤਾਵਾਂ ਦੀ ਭਾਗੀਦਾਰੀ ਅਤੇ 130 ਤੋਂ ਵੱਧ ਫਿਲਮਾਂ ਦੀ ਸਕ੍ਰੀਨਿੰਗ ਦੇ ਨਾਲ ਇਹ ਸਮਾਗਮ ਸਿਰਫ਼ ਇੱਕ ਫਿਲਮ ਫੈਸਟੀਵਲ ਨਹੀਂ ਹੈ ਬਲਕਿ ਜੰਮੂ-ਕਸ਼ਮੀਰ ਅਤੇ ਸਿਲਵਰ ਸਕ੍ਰੀਨ ਦੇ ਵਿਚਕਾਰ ਪੁਰਾਣੇ ਰਿਸ਼ਤੇ ਨੂੰ ਇੱਕ ਨਵੀਂ ਦਿਸ਼ਾ ਦੇਣ ਦੀ ਸ਼ੁਰੂਆਤ ਹੈ। ਉਮਰ ਅਬਦੁੱਲਾ ਨੇ ਕਿਹਾ ਕਿ ਕਸ਼ਮੀਰ ਦੀ ਸੁੰਦਰਤਾ ਹਮੇਸ਼ਾ ਫਿਲਮ ਨਿਰਮਾਤਾਵਾਂ ਨੂੰ ਆਕਰਸ਼ਿਤ ਕਰਦੀ ਰਹੀ ਹੈ। ਉਨ੍ਹਾਂ ਨੇ “ਕਸ਼ਮੀਰ ਦੀ ਕਲੀ,” “ਬੌਬੀ,” “ਕਭੀ-ਕਭੀ,” ਅਤੇ “ਜਬ ਤੱਕ ਹੈ ਜਾਨ” ਵਰਗੀਆਂ ਫਿਲਮਾਂ ਦਾ ਜ਼ਿਕਰ ਕਰਦੇ ਕਿਹਾ ਕਿ ਭਾਰਤੀ ਸਿਨੇਮਾ ਦੇ ਸੁਨਹਿਰੀ ਯੁੱਗ ਦੌਰਾਨ ਕਸ਼ਮੀਰ ਦੀਆਂ ਘਾਟੀਆਂ ਫਿਲਮਾਂ ਦੀ ਪਛਾਣ ਦਾ ਹਿੱਸਾ ਬਣ ਗਈਆਂ ਸਨ। ਉਨ੍ਹਾਂ ਕਿਹਾ ਕਿ ਕਸ਼ਮੀਰ ਦੇ ਬਦਲਦੇ ਮੌਸਮ ਅਤੇ ਰੰਗ ਮਨੁੱਖੀ ਭਾਵਨਾਵਾਂ ਦੇ ਵੱਖ-ਵੱਖ ਪਹਿਲੂਆਂ ਨੂੰ ਪਰਦੇ ‘ਤੇ ਕੈਦ ਕਰਨ ਦੀ ਸਮਰੱਥਾ ਰੱਖਦੇ ਹਨ। ਮੁੱਖ ਮੰਤਰੀ ਨੇ ਫਿਲਮ ਨਿਰਮਾਤਾਵਾਂ ਨੂੰ ਅਪੀਲ ਕੀਤੀ ਕਿ ਉਹ ਜੰਮੂ-ਕਸ਼ਮੀਰ ਵਿੱਚ ਸ਼ੂਟਿੰਗ ਦੌਰਾਨ ਸਿਰਫ਼ ਪਹਾੜਾਂ ਅਤੇ ਕੁਦਰਤੀ ਦ੍ਰਿਸ਼ਾਂ ਤੱਕ ਹੀ ਸੀਮਤ ਨਾ ਰਹਿਣ। ਉਨ੍ਹਾਂ ਕਿਹਾ ਕਿ ਫਿਲਮ ਨਿਰਮਾਤਾਵਾਂ ਨੂੰ ਸਥਾਨਕ ਲੋਕਾਂ ਦੀਆਂ ਕਹਾਣੀਆਂ ਸੁਣਨੀਆਂ ਚਾਹੀਦੀਆਂ ਹਨ, ਕਾਰੀਗਰਾਂ ਨੂੰ ਮਿਲਣਾ ਚਾਹੀਦਾ ਹੈ, ਸੰਗੀਤਕਾਰਾਂ ਨੂੰ ਸੁਣਨਾ ਚਾਹੀਦਾ ਹੈ ਅਤੇ ਸ਼ਹਿਰ ਦੀਆਂ ਗਲੀਆਂ ਵਿੱਚ ਘੁੰਮਣਾ ਚਾਹੀਦਾ ਹੈ ਤਾਂ ਜੋ ਜੀਵੰਤ ਸੱਭਿਆਚਾਰ ਨੂੰ ਆਪਣੀਆਂ ਫਿਲਮਾਂ ਦਾ ਹਿੱਸਾ ਬਣਾਇਆ ਜਾ ਸਕੇ। ਮੁੱਖ ਮੰਤਰੀ ਨੇ ਕਿਹਾ ਕਿ ਫਿਲਮ ਉਦਯੋਗ ਨੂੰ ਸਿਰਫ਼ ਪੁਰਾਣੀਆਂ ਯਾਦਾਂ ਦੇ ਆਧਾਰ ‘ਤੇ ਉਤਸ਼ਾਹਿਤ ਨਹੀਂ ਕੀਤਾ ਜਾ ਸਕਦਾ। ਇਸ ਲਈ ਜੰਮੂ-ਕਸ਼ਮੀਰ ਵਿੱਚ ਆਧੁਨਿਕ ਅਤੇ ਫਿਲਮ ਨਿਰਮਾਤਾ-ਅਨੁਕੂਲ ਮਾਹੌਲ ਤਿਆਰ ਕਰਨਾ ਜ਼ਰੂਰੀ ਹੈ। ਸਰਕਾਰ ਨੇ ਫ਼ਿਲਮ ਸ਼ੂਟਿੰਗ ਇਜਾਜ਼ਤਾਂ ਅਤੇ ਹੋਰ ਪ੍ਰਕਿਰਿਆਵਾਂ ਨੂੰ ਸਰਲ ਬਣਾਉਣ ਲਈ ਇੱਕ ਸਿੰਗਲ-ਵਿੰਡੋ ਸਿਸਟਮ ਸ਼ੁਰੂ ਕੀਤਾ ਹੈ।

