In Rajasthan, a woman gave birth to 4 children at once, there is a happy atmosphere in the family
ਰਾਜਸਥਾਨ ‘ਚ ਮਹਿਲਾ ਨੇ ਇਕੱਠੇ 4 ਬੱਚਿਆਂ ਨੂੰ ਦਿੱਤਾ ਜਨਮ, ਪਰਿਵਾਰ ‘ਚ ਖੁਸ਼ੀ ਦਾ ਮਾਹੌਲ
ਜੈਪੁਰ (ਆਵਾਜ਼ਿ ਕੌਮ ਬਿਊਰੋ)- ਰਾਜਸਥਾਨ ਦੇ ਝਾਲਾਵਾੜ ਵਿੱਚ ਇੱਕ ਮਹਿਲਾ ਨੇ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ, ਜਿਨ੍ਹਾਂ ਵਿੱਚ ਤਿੰਨ ਕੁੜੀਆਂ ਅਤੇ ਇੱਕ ਮੁੰਡਾ ਹੈ। ਡਾਕਟਰਾਂ ਨੇ ਦੱਸਿਆ ਕਿ ਨਵਜੰਮੇ ਬੱਚੇ ਫਿਲਹਾਲ ਡਾਕਟਰੀ ਨਿਗਰਾਨੀ ਹੇਠ ਹਨ। ਝਾਲਾਵਾੜ ਦੇ ਸਰਕਾਰੀ ਜਨਾਨਾ ਹਸਪਤਾਲ ਦੇ ਬਾਲ ਰੋਗ ਮਾਹਿਰ ਡਾ. ਵਿਜੇ ਬਾਥੋਲੀਆ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਗਰਭਵਤੀ ਜੋਤੀ ਨੂੰ ਸਾਹ ਲੈਣ ਵਿੱਚ ਤਕਲੀਫ਼ ਹੋਣ ਕਾਰਨ ਬੁੱਧਵਾਰ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਮਹਿਲਾ ਨੇ ਆਪ੍ਰੇਸ਼ਨ ਰਾਹੀਂ ਚਾਰ ਬੱਚਿਆਂ ਨੂੰ ਜਨਮ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਨਵਜੰਮੇ ਗੰਭੀਰ ਦੇਖਭਾਲ ਯੂਨਿਟ (NICU) ਵਿੱਚ ਰੱਖਿਆ ਗਿਆ ਹੈ। ਉਨ੍ਹਾਂ ਦੀਆਂ ਕੁਝ ਜਾਂਚਾਂ ਕਰਵਾਈਆਂ ਗਈਆਂ ਹਨ ਅਤੇ ਸਿਹਤ ‘ਤੇ ਨਿਰੰਤਰ ਨਿਗਰਾਨੀ ਰੱਖੀ ਜਾ ਰਹੀ ਹੈ। ਡਾ. ਬਾਥੋਲੀਆ ਨੇ ਦੱਸਿਆ ਕਿ ਤਿੰਨ ਬੱਚਿਆਂ ਨੂੰ ਆਕਸੀਜਨ ਦੀ ਲੋੜ ਹੋਣ ਕਾਰਨ ਮਸ਼ੀਨ ‘ਤੇ ਰੱਖਿਆ ਗਿਆ ਹੈ। ਪ੍ਰਸੂਤਾ (ਮਾਂ) ਦੇ ਪਤੀ ਅਰੁਣ ਇਸੇ ਜਨਾਨਾ ਹਸਪਤਾਲ ਵਿੱਚ ਹੀ ਕੰਪਿਊਟਰ ਆਪਰੇਟਰ ਵਜੋਂ ਕੰਮ ਕਰਦੇ ਹਨ। ਇਸ ਜੋੜੇ ਦਾ ਪਹਿਲਾਂ ਵੀ ਪੰਜ ਸਾਲ ਦਾ ਇੱਕ ਬੇਟਾ ਹੈ। ਅਰੁਣ ਨੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਪਰਿਵਾਰ ਵਿੱਚ ਸਾਰੇ ਬਹੁਤ ਖੁਸ਼ ਹਨ। ਮਹਿਲਾ ਅਜੇ ਆਈਸੀਯੂ (ICU) ਵਿੱਚ ਭਰਤੀ ਹੈ ਅਤੇ ਉਸ ਦਾ ਇਲਾਜ ਚੱਲ ਰਿਹਾ ਹੈ।

