ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਸ਼ਤਾਬਦੀ ਸਬੰਧੀ ਪਿੰਡਾਂ ਸ਼ਹਿਰਾਂ ‘ਚ ਨਗਰ ਕੀਰਤਨ 12 ਮਈ ਤੋਂ : ਸਿੰਘ ਸਾਹਿਬ

ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ 2 ਜੂਨ ਦੇ ਜਨਮ ਦਿਹਾੜੇ ਸਬੰਧੀ ਵੀ ਤਿਆਰੀਆਂ ਆਰੰਭ
ਇੰਟਰਨੈਸ਼ਨਲ ਪੰਥਕ ਦਲ ਦੀ ਵਿਸ਼ੇਸ਼ ਮੀਟਿੰਗ ਅੱਜ 20ਵੀਂ ਸਦੀ ਦੇ ਮਹਾਨ ਜਰਨੈਲ ਅਤੇ ਦਮਦਮੀ ਟਕਸਾਲ ਦੇ 14ਵੇਂ ਮੁਖੀ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਜਨਮ ਸਥਾਨ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਵਿਖੇ ਜਥੇਬੰਦੀ ਦੇ ਸਰਪ੍ਰਸਤ ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿਚ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਸਬੰਧੀ ਪੰਜਾਬ ਦੇ ਪਿੰਡਾਂ ਸ਼ਹਿਰਾਂ ਵਿਚ 40 ਨਗਰ ਕੀਰਤਨ ਕੱਢਣ ਦਾ ਫੈਸਲਾ ਲਿਆ ਗਿਆ। ਸਿੰਘ ਸਾਹਿਬ ਭਾਈ ਜਸਵੀਰ ਸਿੰਘ ਖਾਲਸਾ ਹੁਰਾਂ ਨੇ ਦੱਸਿਆ ਕਿ ਇਹ ਨਗਰ ਕੀਰਤਨ ਗੁਰਦੁਆਰਾ ਸੰਤ ਖਾਲਸਾ ਪਿੰਡ ਰੋਡੇ ਤੋਂ 12 ਮਈ ਨੂੰ ਆਰੰਭ ਹੋਣਗੇ ਅਤੇ ਨਵੰਬਰ ਮਹੀਨੇ ‘ਚ ਸ਼ਹੀਦੀ ਸ਼ਤਾਬਦੀ ਸਮਾਗਮਾਂ ਤੱਕ ਜਾਰੀ ਰਹਿਣਗੇ। ਉਨ੍ਹਾਂ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 300 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਵੀ ਉਸ ਸਮੇਂ ਦੇ ਦਮਦਮੀ ਟਕਸਾਲ ਦੇ 13ਵੇਂ ਮੁਖੀ ਸੰਤ ਗਿਆਨੀ ਕਰਤਾਰ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੇ ਦੇਸ਼ ਭਰ ਵਿਚ ਵੱਡੇ ਨਗਰ ਕੀਰਤਨ ਕੱਢ ਕੇ ਸਿੱਖੀ ਪ੍ਰਚਾਰ ਦਾ ਕੌਮ ਵਿਚ ਵੱਡਾ ਹਲੂਣਾ ਦਿੱਤਾ ਸੀ। ਸਿੰਘ ਸਾਹਿਬ ਨੇ ਕਿਹਾ ਕਿ ਹੁਣ 350 ਸਾਲਾ ਸ਼ਹੀਦੀ ਸ਼ਤਾਬਦੀ ਮੌਕੇ ਅਸੀਂ ਨਗਰ ਕੀਰਤਨ ਕੱਢ ਕੇ ਸਿੱਖੀ ਪ੍ਰਚਾਰ ਦੀ ਮੁਹਿੰਮ ਨੂੰ ਹੋਰ ਤੇਜ਼ ਕਰਾਂਗੇ। ਮੀਟਿੰਗ ਵਿਚ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ 2 ਜੂਨ ਨੂੰ ਆ ਰਹੇ ਜਨਮ ਦਿਹਾੜੇ ਸਬੰਧੀ ਵੀ ਪਿਛਲੇ ਸਾਲਾਂ ਦੀ ਤਰ੍ਹਾਂ ਵੱਡੇ ਪੱਧਰ ‘ਤੇ ਸਮਾਗਮ ਕੀਤੇ ਜਾਣ ਦਾ ਫੈਸਲਾ ਲਿਆ ਗਿਆ। ਇਸ ਸਬੰਧੀ ਇੰਟਰਨੈਸ਼ਨਲ ਪੰਥਕ ਦਲ ਦੇ ਆਗੂਆਂ ਅਤੇ ਹੋਰ ਸੰਗਤਾਂ ਦੀਆਂ ਸਮਾਗਮ ਦੇ ਪ੍ਰਬੰਧਾਂ ਅਤੇ ਲੰਗਰ ਸੇਵਾ ਆਦਿ ਲਈ ਡਿਊਟੀਆਂ ਲਗਾਈਆਂ ਗਈਆਂ। ਭਾਈ ਅੰਮ੍ਰਿਤਪਾਲ ਸਿੰਘ ਮਾਮਲੇ ‘ਤੇ ਸਿੰਘ ਸਾਹਿਬ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਐਨ ਐਸ ਏ ਵਧਾਉਣ ਬਾਰੇ ਜੋ ਕਾਰਨ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਦੱਸੇ ਜਾ ਰਹੇ ਹਨ, ਉਹ ਬਿਲਕੁੱਲ ਗ਼ਲਤ ਹਨ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਜੇਲ੍ਹਾਂ ਵਿਚ ਬੰਦ ਸਿੱਖਾਂ ਨੂੰ ਰਿਹਾਅ ਕਰਨ ਦੀ ਥਾਂ ਨਵੇਂ ਨੌਜਵਾਨਾਂ ਨੂੰ ਜੇਲ੍ਹਾਂ ਵਿਚ ਬੰਦ ਰੱਖਣ ਦੇ ਨਵੇਂ ਬਹਾਨੇ ਲੱਭ ਰਹੀਆਂ ਹਨ। ਅੱਜ ਦੀ ਇਸ ਮੀਟਿੰਗ ਵਿਚ ਇੰਟਰਨੈਸ਼ਨਲ ਪੰਥਕ ਦਲ ਦੇ ਕਨਵੀਨਰ ਜਥੇਦਾਰ ਦਲੀਪ ਸਿੰਘ ਚਕਰ, ਕਾਰਜਕਾਰੀ ਪ੍ਰਧਾਨ ਸੰਤ ਬਾਬਾ ਜਤਿੰਦਰ ਸਿੰਘ ਗੋਬਿੰਦ ਬਾਗ ਵਾਲੇ, ਮੁੱਖ ਬੁਲਾਰੇ ਸੰਤ ਬਾਬਾ ਚਰਨਜੀਤ ਸਿੰਘ ਜੱਸੋਵਾਲ ਮੈਂਬਰ ਸ਼੍ਰੋਮਣੀ ਕਮੇਟੀ ਦਮਦਮੀ ਟਕਸਾਲ ਭਿੰਡਰਾਂ ਵਾਲੇ, ਧਾਰਮਿਕ ਵਿੰਗ ਦੇ ਮੁਖੀ ਬਾਬਾ ਸਤਨਾਮ ਸਿੰਘ ਵਲੀਆ, ਮੁੱਖ ਸਲਾਹਕਾਰ ਬਾਬਾ ਸੱਜਣ ਸਿੰਘ ਵਾੜਾ ਸ਼ੇਰ ਸਿੰਘ, ਕਿਸਾਨ ਬਚਾਓ ਮੋਰਚਾ ਦੇ ਪ੍ਰਧਾਨ ਭਾਈ ਕਿਰਪਾ ਸਿੰਘ ਨੱਥੂਵਾਲਾ, ਹੈੱਡ ਗ੍ਰੰਥੀ ਗੁਰਦੁਆਰਾ ਸੰਤ ਖਾਲਸਾ ਬਾਬਾ ਬਲਵਿੰਦਰ ਸਿੰਘ ਰੋਡੇ, ਤਰਨਾ ਦਲ ਦੋਆਬਾ ਦੇ ਮੁਖੀ ਜਥੇਦਾਰ ਸਵਰਨਜੀਤ ਸਿੰਘ, ਬਾਬਾ ਸੁਖਵਿੰਦਰ ਸਿੰਘ ਕਾਰ ਸੇਵਾ ਵਾਲੇ, ਬਾਬਾ ਜਸਵਿੰਦਰ ਸਿੰਘ ਰਾਜੇਆਣਾ, ਬਾਬਾ ਵਜ਼ੀਰ ਸਿੰਘ ਵਾਂ ਪਿੰਡ ਵਾਲੇ, ਸੁਖਜਿੰਦਰ ਸਿੰਘ ਮੈਨੇਜਰ ਫਰੀਦਕੋਟ, ਭਾਈ ਨਾਇਬ ਸਿੰਘ ਨਵਾਂ ਕਿਲ੍ਹਾ ਫਰੀਦਕੋਟ, ਭਾਈ ਜਗਤਾਰ ਸਿੰਘ ਰੋਡੇ ਮੈਂਬਰ ਸ਼੍ਰੋਮਣੀ ਕਮੇਟੀ, ਸੁਖਜਿੰਦਰ ਸਿੰਘ ਫਰੀਦਕੋਟ, ਰਾਜਿੰਦਰ ਸਿੰਘ ਰਾਜਾ ਪ੍ਰਧਾਨ ਗੁਰਦਾਸਪੁਰ, ਹਰਕ੍ਰਿਸ਼ਨ ਸਿੰਘ ਜਗਰਾਵਾਂ, ਕੁਲਦੀਪ ਸਿੰਘ ਡੱਲਾ, ਭਾਈ ਬਲਕਾਰ ਸਿੰਘ ਪ੍ਰਧਾਨ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਫਿਰੋਜ਼ਪੁਰ, ਭਾਈ ਰਣਧੀਰ ਸਿੰਘ ਕਿਲ੍ਹਾ ਹਕੀਮਾਂ ਪ੍ਰਧਾਨ ਸੰਗਰੂਰ, ਭਾਈ ਗੋਮਾ ਸਿੰਘ ਜਨਨਲ ਸਕੱਤਰ ਕਿਸਾਨ ਵਿੰਗ, ਭਾਈ ਰਾਮ ਸਿੰਘ ਖਟਕੜ ਖੁਰਦ, ਜਥੇਦਾਰ ਗੁਰਮੇਜ ਸਿੰਘ ਭੈਣੀ ਮੱਸਾ ਸਿੰਘ, ਜਗਸੀਰ ਸਿੰਘ ਰੋਡੇ, ਜਥੇਦਾਰ ਬੂਟਾ ਸਿੰਘ ਅਤੇ ਹੋਰ ਸੰਗਤਾਂ ਭਾਰੀ ਗਿਣਤੀ ਵਿਚ ਹਾਜ਼ਰ ਸਨ।