“Shiromani Akali Dal (Punarsurjit) Appoints Bibi Jagir Kaur as President of Women’s Wing”
“ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਬੀਬੀ ਜਗੀਰ ਕੌਰ ਨੂੰ ਇਸਤਰੀ ਵਿੰਗ ਦੀ ਪ੍ਰਧਾਨ ਨਿਯੁਕਤ ਕੀਤਾ”

9 ਅਪ੍ਰੈਲ 2026 ਅੰਮ੍ਰਿਤਸਰ – ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ ਨੇ ਬੀਬੀ ਜਗੀਰ ਕੌਰ ਨੂੰ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਨਿਯੁਕਤ ਕੀਤਾ ਹੈ। ਇਸ ਫੈਸਲੇ ਲਈ ਪਾਰਟੀ ਸਕੱਤਰ ਜਨਰਲ ਸ. ਗੁਰਪ੍ਰਤਾਪ ਸਿੰਘ ਵਡਾਲਾ ਨੇ ਸੀਨੀਅਰ ਲੀਡਰਸ਼ਿਪ ਨਾਲ ਸਲਾਹ-ਮਸ਼ਵਰੇ ਉਪਰੰਤ 2 ਦਸੰਬਰ 2024 ਦੇ ਹੁਕਮਨਾਮਿਆਂ ਦੀ ਰੌਸ਼ਨੀ ਵਿਚ ਇਹ ਨਿਯੁਕਤੀ ਕੀਤੀ ਹੈ।
ਸ. ਵਡਾਲਾ ਨੇ ਲਿਖਤੀ ਬਿਆਨ ਵਿਚ ਕਿਹਾ ਕਿ ਪੰਥਕ ਪਾਰਟੀ ਆਪਣੇ ਪੁਰਾਣੇ ਕਾਡਰ ਵਿਚ ਹਰਮਨ ਪਿਆਰਤਾ ਹਾਸਲ ਕਰ ਰਹੀ ਹੈ। ਅਜਿਹੇ ਸਮੇਂ ਔਰਤਾਂ ਦੀ ਭੂਮਿਕਾ ਨੂੰ ਮੁੱਖ ਰੱਖਦਿਆਂ ਇਹ ਮਹੱਤਵਪੂਰਨ ਨਿਯੁਕਤੀ ਕੀਤੀ ਗਈ ਹੈ। ਬੀਬੀ ਜਗੀਰ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਬਕਾ ਪ੍ਰਧਾਨ ਰਹਿ ਚੁੱਕੀਆਂ ਹਨ ਤੇ ਉਨ੍ਹਾਂ ਨੇ ਖਾਲਸਾ ਪੰਥ ਦੀ ਤੀਜੀ ਸ਼ਤਾਬਦੀ ਨੂੰ ਵਿਸ਼ਵ ਪੱਧਰ ਤੇ ਮਨਾਉਣ ਵਿਚ ਵੱਡਾ ਰੋਲ ਨਿਭਾਇਆ ਸੀ। ਉਨ੍ਹਾਂ ਨੇ ਅਕਾਲੀ ਸਰਕਾਰ ਵਿਚ ਆਵਾਜਾਈ ਤੇ ਸੱਭਿਆਚਾਰਕ ਮਾਮਲਿਆਂ ਦਾ ਮੰਤਰਾਲਾ ਵੀ ਸੰਭਾਲਿਆ ਸੀ।
ਸ. ਵਡਾਲਾ ਨੇ ਉਮੀਦ ਜਤਾਈ ਕਿ ਬੀਬੀ ਜਗੀਰ ਕੌਰ ਦੀ ਇਸ ਨਿਯੁਕਤੀ ਨਾਲ ਇਸਤਰੀ ਵਿੰਗ ਨੂੰ ਨਵੀਂ ਊਰਜਾ ਮਿਲੇਗੀ ਤੇ ਪਾਰਟੀ ਸੱਥਾਂ ਤੋਂ ਘਰਾਂ ਤੱਕ ਪਹੁੰਚਾਉਣ ਵਿਚ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਪੁਨਰ ਸੁਰਜੀਤ ਹੋਇਆ ਅਕਾਲੀ ਦਲ ਮਾਈ-ਭਾਈ ਦੇ ਸਹਿਯੋਗ ਨਾਲ ਆਪਣਾ ਪੁਰਾਣਾ ਪੰਥਕ ਸਰੂਪ ਵਾਪਸ ਹਾਸਲ ਕਰੇਗਾ। ਇਸ ਬਿਆਨ ਨੂੰ ਦਫਤਰ ਸਕੱਤਰ ਸ. ਜਗਜੀਤ ਸਿੰਘ ਕੋਹਲੀ ਨੇ ਜਾਰੀ ਕੀਤਾ।
