ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਐਸਜੀਪੀਸੀ ਮੈਂਬਰਾਂ ਨਾਲ ਮੁਲਾਕਾਤ
ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਵੱਧ ਤੋਂ ਵੱਧ ਸ੍ਰੋਤ ਜੁਟਾਉਣ ਦੀ ਅਪੀਲ

ਪਟਿਆਲਾ – ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਅੱਜ ਪਟਿਆਲਾ ਵਿਖੇ ਐਸਜੀਪੀਸੀ ਮੈਬਰਾਂ ਨਾਲ ਖਾਸ ਮੁਲਾਕਾਤ ਕੀਤੀ ਗਈ। ਇਸ ਮੀਟਿੰਗ ਵਿੱਚ ਸਾਬਕਾ ਐਸਜੀਪੀਸੀ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ, ਸ ਜਸਵੰਤ ਸਿੰਘ ਪੁੜੈਣ, ਪਰਮਜੀਤ ਸਿੰਘ ਰਾਏਪੁਰ ਦੋਨੋ ਅੰਨਤਰਿੰਗ ਕਮੇਟੀ ਮੈਂਬਰ, ਭਾਈ ਮਨਜੀਤ ਸਿੰਘ, ਬੀਬੀ ਪਰਮਜੀਤ ਕੌਰ ਲਾਂਡਰਾਂ,ਜੱਥੇਦਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਮਾਸਟਰ ਮਿਠੂ ਸਿੰਘ ਕਾਹਨੇਕੇ, ਜੱਥੇਦਾਰ ਮਹਿੰਦਰ ਸਿੰਘ ਹੁਸੈਨਪੁਰ, ਜਥੇਦਾਰ ਤੇਜਾ ਸਿੰਘ ਕਮਾਲਪੁਰ,ਜੱਥੇਦਾਰ ਸਤਵਿੰਦਰ ਸਿੰਘ ਟੌਹੜਾ, ਜਥੇਦਾਰ ਨਿਰਮੈਲ ਸਿੰਘ ਜੌਲਾ, ਜੱਥੇਦਾਰ ਮਲਕੀਤ ਸਿੰਘ ਚੰਗਾਲ, ਸ ਹਰਦੇਵ ਸਿੰਘ ਰੋਗਲਾ ਸਮੇਤ ਹੋਰ ਕਈ ਐਸਜੀਪੀਸੀ ਮੈਂਬਰ ਹਾਜ਼ਰ ਰਹੇ।
ਇਸ ਮੌਕੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋ ਜਿੱਥੇ ਐਸਜੀਪੀਸੀ ਮੈਬਰਾਂ ਨਾਲ ਲੰਮੀ ਵਿਚਾਰ ਚਰਚਾ ਕਰਦੇ ਹੋਏ ਪੰਥਕ ਏਜੰਡਿਆਂ ਸਮੇਤ ਹੜ ਪ੍ਰਭਾਵਿਤ ਇਲਾਕਿਆਂ ਦੇ ਪੀੜਤ ਲੋਕਾਂ ਦੀ ਜ਼ਿੰਦਗੀ ਨੂੰ ਮੁੜ ਲੀਹ ਤੇ ਲਿਆਉਣ ਲਈ ਵੱਧ ਤੋਂ ਵੱਧ ਸ੍ਰੋਤ ਜੁਟਾਉਣ ਦੀ ਅਪੀਲ ਕੀਤੀ ਗਈ ਉਥੇ ਰੱਖੜਾ ਪਰਿਵਾਰ ਅਤੇ ਪਾਰਟੀ ਵੱਲੋ ਦਿੱਤੇ ਜਾਣ ਵਾਲੇ ਡੀਜ਼ਲ ਅਤੇ ਹੋਰ ਰਸਦਾਂ ਲਈ ਡਿਟੇਲ ਇਕੱਠੀ ਕਰਨ ਦੀ ਵੀ ਡਿਊਟੀ ਲਗਾਈ। ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਬਤੌਰ ਪੰਥ ਦੇ ਸੇਵਾਦਾਰ ਤੌਰ ਤੇ ਅੱਜ ਸਮੂਹ ਐਸਜੀਪੀਸੀ ਮੈਬਰਾਂ ਦਾ ਫਰਜ ਬਣਦਾ ਹੈ ਕਿ ਓਹ ਵੱਖ-ਵੱਖ ਜਗ੍ਹਾ ਚਲ ਰਹੇ ਰਾਹਤ ਕੈਂਪਾਂ ਤੋਂ ਮਿਲੇ ਸੁਝਾਅ ਦੇ ਅਧਾਰ ਉਪਰ ਕਾਰਜ ਕਰਕੇ ਆਪਣਾ ਯੋਗਦਾਨ ਪਾਉਣ।
ਇਸ ਮੌਕੇ ਜੱਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕੋਸ਼ਿਸ਼ ਕੀਤੀ ਜਾਵੇ ਕਿ ਜਦੋਂ ਹੁਣ ਪਾਣੀ ਤੋਂ ਤਾਂ ਰਾਹਤ ਮਿਲ ਚੁੱਕੀ ਹੈ, ਪਰ ਪਾਣੀ ਦੇ ਨਾਲ ਘਰਾਂ ਦੇ ਹੋਏ ਨੁਕਸਾਨ, ਫੈਲਣ ਵਾਲੀਆਂ ਬਿਮਾਰੀਆਂ, ਰੋਜ-ਮਰਾ ਦੀ ਜ਼ਿੰਦਗੀ ਵਿੱਚ ਲੋੜੀਦੀ ਵਸਤਾਂ ਅਤੇ ਖਾਸ ਤੌਰ ਤੇ ਸਕੂਲੀ ਬੱਚਿਆਂ ਲਈ ਸਟੇਸ਼ਨਰੀ ਅਤੇ ਵਰਦੀਆਂ ਨੂੰ ਪਹੁੰਚਾਉਣ ਲਈ ਪਾਰਟੀ ਵਰਕਰਾਂ ਨਾਲ ਮਿਲ ਕੇ ਉਦਮ ਕੀਤਾ ਜਾਵੇ।