“Punjab Congress Leader Khushbaz Jatana Killed in Horrific Road Accident Near Panipat”
“ਪਾਣੀਪਤ ਨੇੜੇ ਭਿਆਨਕ ਸੜਕ ਹਾਦਸੇ ‘ਚ ਪੰਜਾਬ ਕਾਂਗਰਸ ਦੇ ਤਲਵੰਡੀ ਸਾਬੋ ਹਲਕਾ ਇੰਚਾਰਜ ਖੁਸ਼ਬਾਜ਼ ਜਟਾਣਾ ਦੀ ਮੌਤ”

2 ਅਪ੍ਰੈਲ 2026 ਸੋਨੀਪਤ – ਹਰਿਆਣਾ ਦੇ ਸੋਨੀਪਤ ਵਿਚ ਈਸਟਰਨ ਪੈਰੀਫਿਰਲ ਐਕਸਪ੍ਰੈੱਸਵੇ ਉੱਤੇ ਇੱਕ ਭਿਆਨਕ ਸੜਕ ਹਾਦਸੇ ਵਿਚ ਪੰਜਾਬ ਕਾਂਗਰਸ ਦੇ ਤਲਵੰਡੀ ਸਾਬੋ ਹਲਕਾ ਇੰਚਾਰਜ ਖੁਸ਼ਬਾਜ਼ ਜਟਾਣਾ ਦੀ ਮੌਤ ਹੋ ਗਈ ਹੈ। ਉਨ੍ਹਾਂ ਦੀ ਡਿਫੈਂਡਰ ਕਾਰ ਵਿਚ ਇੱਕ ਤੇਜ਼ ਰਫ਼ਤਾਰ ਟਰੱਕ ਨੇ ਪਿੱਛੋਂ ਟੱਕਰ ਮਾਰ ਦਿੱਤੀ। ਹਾਦਸੇ ਵਿਚ ਉਨ੍ਹਾਂ ਦਾ ਡਰਾਈਵਰ ਪਰਮਿੰਦਰ ਸਿੰਘ ਵੀ ਮੌਕੇ ਉੱਤੇ ਹੀ ਮਾਰਿਆ ਗਿਆ ਹੈ, ਜਦਕਿ ਉਨ੍ਹਾਂ ਦਾ ਗਨਮੈਨ ਪੰਜਾਬ ਪੁਲਿਸ ਦਾ ਸਿਪਾਹੀ ਕਰਨਦੀਪ ਸਿੰਘ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ ਹੈ ਤੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।
ਖੁਸ਼ਬਾਜ਼ ਜਟਾਣਾ ਦਿੱਲੀ ਤੋਂ ਪੰਜਾਬ ਵਾਪਸ ਆ ਰਹੇ ਸਨ। ਉਨ੍ਹਾਂ ਦੀ ਕਾਰ ਦਾ ਟਾਇਰ ਪੰਕਚਰ ਹੋਣ ਕਾਰਨ ਉਹ ਸੜਕ ਕਿਨਾਰੇ ਰੁੱਕ ਗਏ ਸਨ ਤੇ ਟਾਇਰ ਬਦਲਣ ਤੋਂ ਬਾਅਦ ਪੰਕਚਰ ਲਗਵਾਉਣ ਦੀ ਤਿਆਰੀ ਕਰ ਰਹੇ ਸਨ। ਇਸੇ ਦੌਰਾਨ ਤੇਜ਼ ਰਫ਼ਤਾਰ ਟਰੱਕ ਨੇ ਉਨ੍ਹਾਂ ਦੀ ਖੜ੍ਹੀ ਕਾਰ ਵਿਚ ਪਿੱਛੋਂ ਭਿਆਨਕ ਟੱਕਰ ਮਾਰ ਦਿੱਤੀ। ਟਰੱਕ ਡਰਾਈਵਰ ਟੱਕਰ ਮਾਰ ਕੇ ਫਰਾਰ ਹੋ ਗਿਆ ਹੈ ਤੇ ਪੁਲਿਸ ਉਸ ਦੀ ਤਲਾਸ਼ ਕਰ ਰਹੀ ਹੈ।
ਖੁਸ਼ਬਾਜ਼ ਜਟਾਣਾ ਪੰਜਾਬ ਯੂਨੀਵਰਸਿਟੀ ਦੇ ਮੋਹਰੀ ਵਿਦਿਆਰਥੀ ਆਗੂ ਰਹਿ ਚੁੱਕੇ ਸਨ ਤੇ 2022 ਵਿਧਾਨ ਸਭਾ ਚੋਣਾਂ ਵਿਚ ਤਲਵੰਡੀ ਸਾਬੋ ਸੀਟ ਤੋਂ ਕਾਂਗਰਸ ਤਰਫੋਂ ਚੋਣ ਲੜ ਚੁੱਕੇ ਸਨ। ਉਨ੍ਹਾਂ ਨੇ ਪੰਜਾਬ ਸਰਕਾਰ ਵਿਚ ਚੇਅਰਮੈਨ ਵਜੋਂ ਵੀ ਸੇਵਾਵਾਂ ਨਿਭਾਈਆਂ ਹਨ। ਉਨ੍ਹਾਂ ਦੀ ਮੌਤ ਤੋਂ ਪੂਰੇ ਪਿੰਡ ਕੁਰਾੜ ਤੇ ਖੰਨਾ ਇਲਾਕੇ ਵਿਚ ਸੋਗ ਦੀ ਲਹਿਰ ਫੈਲ ਗਈ ਹੈ।
