Kohli’s team issues a major statement regarding the claim about visiting Premanand Maharaj’s ashram with ₹5 crore
5 ਕਰੋੜ ਲੈ ਕੇ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਜਾਣ ਵਾਲੇ ਦਾਅਵੇ ‘ਤੇ ਕੋਹਲੀ ਦੀ ਟੀਮ ਦਾ ਵੱਡਾ ਬਿਆਨ
ਨਵੀਂ ਦਿੱਲੀ (ਆਵਾਜ਼ਿ ਕੌਮ ਬਿਊਰੋ)-ਭਾਰਤੀ ਕ੍ਰਿਕਟਰ ਵਿਰਾਟ ਕੋਹਲੀ ਦੀ ਟੀਮ ਨੇ ਉਸ ਵਾਇਰਲ ਦਾਅਵੇ ਦਾ ਜ਼ੋਰਦਾਰ ਖੰਡਨ ਕੀਤਾ ਹੈ, ਜਿਸ ‘ਚ ਕਿਹਾ ਗਿਆ ਸੀ ਕਿ ਉਨ੍ਹਾਂ ਨੂੰ ਵਰਿੰਦਾਵਨ ‘ਚ ਅਧਿਆਤਮਿਕ ਗੁਰੂ ਪ੍ਰੇਮਾਨੰਦ ਮਹਾਰਾਜ ਦੇ ਆਸ਼ਰਮ ਜਾਣ ਲਈ 5 ਕਰੋੜ ਰੁਪਏ ਦਿੱਤੇ ਗਏ ਸਨ। ਉਨ੍ਹਾਂ ਨੇ ਇਸ ਦੋਸ਼ ਨੂੰ ‘ਪੂਰੀ ਤਰ੍ਹਾਂ ਨਾਲ ਝੂਠਾ, ਬੇਬੁਨਿਆਦ ਅਤੇ ਤੱਥਾਂ ਦੇ ਲਿਹਾਜ ਨਾਲ ਗਲਤ’ ਦੱਸਿਆ ਹੈ। ਸੋਸ਼ਲ ਮੀਡੀਆ ‘ਤੇ ਇਹ ਦਾਅਵਾ ਸਾਹਮਣੇ ਆਇਆ ਸੀ ਕਿ ਕੋਹਲੀ ਨੂੰ ਪ੍ਰੇਮਾਨੰਦ ਮਹਾਰਾਜ ਦੇ ਵਰਿੰਦਾਵਨ ਆਸ਼ਰਮ ਜਾਣ ਲਈ ਪੈਸੇ ਮਿਲੇ ਸਨ। ਹਾਲਾਂਕਿ, ਇਸ ਦਾਅਵੇ ਦੀ ਪੁਸ਼ਟੀ ਲਈ ਕੋਈ ਵੀ ਪ੍ਰਮਾਣਿਤ ਸਬੂਤ ਸਾਹਮਣੇ ਨਹੀਂ ਆਇਆ ਹੈ। ਕੋਹਲੀ ਦੇ ਬੁਲਾਰੇ ਨੇ ਹੁਣ ਇਸ ਦਾਅਵੇ ਨੂੰ ਖਾਰਜ ਕਰਦੇ ਹੋਏ ਇਕ ਅਧਿਕਾਰਤ ਬਿਆਨ ਜਾਰੀ ਕੀਤਾ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਕ੍ਰਿਕਟਰ ਦਾ ਪ੍ਰੇਮਾਨੰਦ ਮਹਾਰਾਜ ਨੂੰ ਮਿਲਣਾ ਉਨ੍ਹਾਂ ਦੀ ਨਿੱਜੀ ਆਸਥਾ ‘ਤੇ ਆਧਾਰਤ ਹੈ। ਬਿਆਨ ‘ਚ ਕਿਹਾ ਗਿਆ,”ਅਸੀਂ ਸਪੱਸ਼ਟ ਤੌਰ ‘ਤੇ ਕਹਿਣਾ ਚਾਹੁੰਦੇ ਹਾਂ ਕਿ ਫਲਾਹਾਰੀ ਮਹਾਰਾਜ ਦਿਨੇਸ਼ ਸ਼ਰਮਾ ਵਲੋਂ ਵਿਰਾਟ ਕੋਹਲੀ ਬਾਰੇ ਕੀਤੇ ਗਏ ਦਾਅਵੇ ਪੂਰੀ ਤਰ੍ਹਾਂ ਝੂਠੇ, ਬੇਬੁਨਿਆਦ ਅਤੇ ਤੱਥਾਂ ਦੇ ਲਿਹਾਜ ਨਾਲ ਗਲਤ ਹਨ।” ਬਿਆਨ ‘ਚ ਅੱਗੇ ਕਿਹਾ ਗਿਆ,”ਵਿਰਾਟ ਕੋਹਲੀ ਪੂਰੀ ਤਰ੍ਹਾਂ ਨਾਲ ਮਹਾਰਾਜ ਜੀ ਦੇ ਪ੍ਰਤੀ ਆਪਣੀ ਡੂੰਘੀ ਆਸਥਾ ਅਤੇ ਸਨਮਾਨ ਕਾਰਨ ਪ੍ਰੇਮਾਨੰਦ ਮਹਾਰਾਜ ਜੀ ਨੂੰ ਮਿਲਣ ਜਾਂਦੇ ਹਨ। ਅਸੀਂ ਇਨ੍ਹਾਂ ਦਾਅਵਿਆਂ ਦਾ ਜ਼ੋਰਦਾਰ ਖੰਡਨ ਕਰਦੇ ਹਾਂ ਅਤੇ ਮੀਡੀਆ ਨੂੰ ਅਪੀਲ ਕਰਦੇ ਹਾਂ ਕਿ ਉਹ ਅਜਿਹੀਆਂ ਗੱਲਾਂ ਦੀ ਰਿਪੋਰਟ ਕਰਨ ਜਾਂ ਉਨ੍ਹਾਂ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਪੂਰੀ ਸਾਵਧਾਨੀ ਵਰਤਣ, ਤੱਥਾਂ ਦੀ ਪੁਸ਼ਟੀ ਕਰਨ ਅਤੇ ਜ਼ਿੰਮੇਵਾਰੀ ਨਾਲ ਰਿਪੋਰਟਿੰਗ ਕਰਨ।” ਕੋਹਲੀ ਦਾ ਪ੍ਰੇਮਾਨੰਦ ਮਹਾਰਾਜ ਨਾਲ ਜੁੜਾਵ ਜਨਤਕ ਰਿਹਾ ਹੈ। ਕ੍ਰਿਕਟਰ ਅਤੇ ਉਨ੍ਹਾਂ ਦੀ ਪਤਨੀ ਅਨੁਸ਼ਕਾ ਸ਼ਰਮਾ ਕਈ ਮੌਕਿਆਂ ‘ਤੇ ਅਧਿਆਤਮਿਕ ਗੁਰੂ ਨੂੰ ਮਿਲ ਚੁੱਕੇ ਹਨ।

