Krait snake with a unique color found; draws scientists’ attention.
ਅਨੋਖੇ ਰੰਗ ਵਾਲਾ ਕਰੈਤ ਸੱਪ ਮਿਲਿਆ, ਵਿਗਿਆਨੀਆਂ ਦਾ ਧਿਆਨ ਖਿੱਚਿਆ
ਲਖੀਮਪੁਰ ਖੀਰੀ (ਆਵਾਜ਼ਿ ਕੌਮ ਬਿਊਰੋ)-ਦੁਧਵਾ ਖੇਤਰ ਦੇ ਸੁਮੇਰ ਨਗਰ ਪਿੰਡ ਵਿਚ ਘਰੋਂ ਫੜੇ ਗਏ ਕਰੈਤ ਸੱਪ ਦੇ ਅਸਾਧਾਰਨ ਰੰਗ-ਰੂਪ ਨੇ ਵਿਗਿਆਨੀਆਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੱਪ ਦੇ ਸਰੀਰ ’ਤੇ ਆਮ ਤੌਰ ’ਤੇ ਦਿਖਾਈ ਦੇਣ ਵਾਲੀਆਂ ਛੱਲੇਦਾਰ ਧਾਰੀਆਂ ਨਹੀਂ ਹਨ। ਜੰਗਲੀ ਜੀਵ ਮਾਹਿਰਾਂ ਅਨੁਸਾਰ ਸਰੀਰਕ ਬਣਤਰ ਅਤੇ ਜੈਨੇਟਿਕ ਅਧਿਐਨ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ ਕਿ ਇਹ ‘ਲੇਸਰ ਬਲੈਕ ਕਰੈਤ’ ਹੈ ਜਾਂ ‘ਕਾਮਨ ਕਰੈਤ’ ਦਾ ਦੁਰਲੱਭ ਰੰਗ-ਰੂਪ। ਦੁਧਵਾ ਟਾਈਗਰ ਰਿਜ਼ਰਵ ਦੇ ਫੀਲਡ ਡਾਇਰੈਕਟਰ ਡਾ. ਐੱਚ. ਰਾਜਮੋਹਨ ਨੇ ਦੱਸਿਆ ਕਿ ਇਹ ਸੱਪ ਦੁਧਵਾ ਖੇਤਰ ਵਿਚ ਦੁਰਲੱਭ ਹੈ ਅਤੇ ਇਸ ਦੇ ‘ਲੇਸਰ ਬਲੈਕ ਕਰੈਤ’ ਹੋਣ ਦੀ ਸੰਭਾਵਨਾ ਹੈ। ਉਨ੍ਹਾਂ ਕਿਹਾ ਕਿ ਪਛਾਣ ਲਈ ਰੇਂਗਣ ਵਾਲੇ ਜੀਵਾਂ ਦੇ ਮਾਹਿਰਾਂ ਤੋਂ ਅਧਿਐਨ ਕਰਵਾਇਆ ਜਾਵੇਗਾ। ਸੱਪ ਨੂੰ 16 ਅਗਸਤ ਨੂੰ ਸੁਮੇਰ ਨਗਰ ਪਿੰਡ ਦੇ ਇਕ ਘਰ ਤੋਂ ਸਥਾਨਕ ਸੱਪ ਬਚਾਓਕਰਮੀ ਨਿਸ਼ਾਨ ਸਿੰਘ ਨੇ ਫੜਿਆ ਸੀ। ਦੁਧਵਾ ਦੇ ਪਸ਼ੂ ਡਾਕਟਰ ਡਾ. ਦਿਆ ਸ਼ੰਕਰ ਨੇ ਇਸ ਦੀ ਜਾਂਚ ਕਰ ਕੇ ਇਸ ਨੂੰ ਅਸਧਾਰਨ ਦੱਸਿਆ। ਦੇਹਰਾਦੂਨ ਸਥਿਤ ਭਾਰਤੀ ਜੰਗਲੀ ਜੀਵ ਸੰਸਥਾਨ ਦੇ ਜੀਵ-ਵਿਗਿਆਨੀ ਵਿਪੁਲ ਮੌਰਿਆ ਅਨੁਸਾਰ ਧਾਰੀਆਂ ਦਾ ਹਲਕਾ ਹੋਣਾ ਜਾਂ ਗਾਇਬ ਹੋਣਾ ਉਮਰ ਦੇ ਨਾਲ ਹੋਣ ਵਾਲੇ ਬਦਲਾਅ ਦਾ ਨਤੀਜਾ ਵੀ ਹੋ ਸਕਦਾ ਹੈ। ਉਨ੍ਹਾਂ ਪਛਾਣ ਲਈ ਵਿਸਤ੍ਰਿਤ ਸਰੀਰਕ ਅਤੇ ਜੈਨੇਟਿਕ ਅਧਿਐਨ ਨੂੰ ਜ਼ਰੂਰੀ ਦੱਸਿਆ।

