ਸ੍ਰੀ ਦਰਬਾਰ ਸਾਹਿਬ ਵਿਖੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਲੰਗਰ ਸੇਵਾ ਅਤੇ ਨਗਰ ਕੀਰਤਨ ਦੀ ਕਾਮਯਾਬੀ ਲਈ ਅਰਦਾਸ

10 ਫਰਵਰੀ 2026, ਅੰਮ੍ਰਿਤਸਰ – ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਸ੍ਰੀ ਗੁਰੂ ਗਰੰਥ ਸਾਹਿਬ ਜੀ ਅੱਗੇ ਨਤਮਸਤਕ ਹੋ ਕੇ ਹਰ ਮਹੀਨੇ ਲਈ ਮਿਥੀ ਹੋਈ ਲੰਗਰ ਸੇਵਾ ਸਬੰਧੀ ਫਰਵਰੀ ਮਹੀਨੇ ਦੀ ਲੰਗਰ ਸੇਵਾ ਕੀਤੀ ਗਈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਜਸਵੀਰ ਸਿੰਘ ਰੋਡੇ ਅਤੇ ਸਰਪ੍ਰਸਤ ਇੰਟਰਨੈਸ਼ਨਲ ਪੰਥਕ ਦਲ ਨੇ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਗੁਰੂ ਸਾਹਿਬਾਨ ਜੀ ਦੀ ਬਖਸ਼ਿਸ਼ ਸਦਕਾ ਇੰਟਰਨੈਸ਼ਨਲ ਪੰਥਕ ਦਲ ਵੱਲੋਂ ਧੰਨ-ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਅਨਿਨ ਸੇਵਕਾਂ ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲ ਦਾਸ ਜੀ ਦੀ 350 ਸਾਲਾ ਮਹਾਨ ਸ਼ਹੀਦੀ ਨੂੰ ਸਮਰਪਤ ਬੀਤੇ ਵਰ੍ਹੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਨਗਰ ਕੀਰਤਨ ਸਜਾ ਕੇ ਗੁਰਮਤਿ ਦਾ ਪ੍ਰਚਾਰ ਕੀਤਾ ਗਿਆ, ਇਸ ਮੌਕੇ ਨਗਰ ਕੀਰਤਨ ਸਾਹਿਬਾਨ ਦੀ ਲੜੀ ਦੀ ਕਾਮਯਾਬ ਸੰਪੂਰਨਤਾ ਦੀ ਗੁਰੂ ਚਰਨਾ ਵਿੱਚ ਅਰਦਾਸ ਵੀ ਕੀਤੀ ਗਈ, ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਮੇਹਰ ਕਰਨ ਤੇ ਹੋਰ ਨਗਰ ਨਗਰ ਕੀਰਤਨ ਸਜਾ ਕੇ ਸੰਗਤਾਂ ਵਿੱਚ ਗੁਰਮਤਿ ਪ੍ਰਚਾਰ ਕਰਨ ਦਾ ਬਲ ਬਖ਼ਸ਼ਿਸ਼ ਕਰਨ।
ਸਿੰਘ ਸਾਹਿਬ ਨੇ ਇਸ ਮੌਕੇ ਸਮੂਹ ਸੰਗਤ ਨੂੰ ਪੰਥ ਦੀ ਚੜ੍ਹਦੀ ਕਲਾ ਲਈ ਨਿਤਨੇਮ ਦੇ ਨਾਲ-ਨਾਲ ਇੱਕ ਪਾਠ ਜਪੁਜੀ ਸਾਹਿਬ ਦਾ ਵੀ ਕਰਨ ਲਈ ਪ੍ਰੇਰਨਾ ਕੀਤੀ ਅਤੇ ਸਮੁੱਚੇ ਇੰਟਰਨੈਸ਼ਨਲ ਪੰਥਕ ਦਲ ਨੂੰ ਸੰਗਤਾਂ ਨੂੰ ਇਸ ਸਬੰਧੀ ਪ੍ਰੇਰਦੇ ਰਹਿਣ ਲਈ ਵੀ ਕਿਹਾ।
ਇਸ ਮੌਕੇ ਹੋਰਨਾ ਤੋਂ ਇਲਾਵਾ ਬਾਬਾ ਚਰਨਜੀਤ ਸਿੰਘ ਜੱਸੋਵਾਲ, ਬਾਬਾ ਸਵਰਨਜੀਤ ਸਿੰਘ ਮੁਖੀ ਤਰਨਾ ਦਲ (ਦੋਆਬਾ), ਬਾਬਾ ਸੱਜਣ ਸਿੰਘ, ਬਾਬਾ ਸਤਨਾਮ ਸਿੰਘ ਵਲੀਆ, ਦਲੀਪ ਸਿੰਘ ਚਕਰ, ਦਰਸ਼ਨ ਸਿੰਘ ਮੰਡ, ਕਿਰਪਾ ਸਿੰਘ ਅਤੇ ਹੋਰ ਸਖਸ਼ੀਅਤਾਂ ਹਾਜ਼ਰ ਸਨ।
ਸ੍ਰੀ ਦਰਬਾਰ ਸਾਹਿਬ ਵਿਖੇ ਲੰਗਰ ਦੀ ਸੇਵਾ ਦੌਰਾਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਸਾਬਕਾ ਜਥੇਦਾਰ ਗਿਆਨੀ ਜਸਵੀਰ ਸਿੰਘ ਰੋਡੇ, ਬਾਬਾ ਚਰਨਜੀਤ ਸਿੰਘ ਜੱਸੋਵਾਲ, ਬਾਬਾ ਸਵਰਨਜੀਤ ਸਿੰਘ, ਬਾਬਾ ਸੱਜਣ ਸਿੰਘ, ਬਾਬਾ ਸਤਨਾਮ ਸਿੰਘ ਵਲੀਆ, ਦਲੀਪ ਸਿੰਘ ਚਕਰ, ਦਰਸ਼ਨ ਸਿੰਘ ਮੰਡ, ਕਿਰਪਾ ਸਿੰਘ ਅਤੇ ਹੋਰ।

