Major action by Amritsar Police under Operation Prahar-2

ਅਪਰੇਸ਼ਨ ਪ੍ਰਹਾਰ–2 ਤਹਿਤ ਅੰਮ੍ਰਿਤਸਰ ਪੁਲਿਸ ਦੀ ਵੱਡੀ ਕਾਰਵਾਈ

ਅਪਰੇਸ਼ਨ ਪ੍ਰਹਾਰ–2 ਦੇ ਤਹਿਤ ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਵੱਡੀ ਕਾਮਯਾਬੀ ਹਾਸਲ ਕਰਦਿਆਂ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਤੋਂ ਪੰਜ ਆਧੁਨਿਕ ਪਿਸਤੌਲ ਬਰਾਮਦ ਕੀਤੀਆਂ ਹਨ। ਬਰਾਮਦ ਕੀਤੀਆਂ ਗਈਆਂ ਪਿਸਤੌਲਾਂ ਵਿੱਚ ਗਲੌਕ 9 ਐਮਐੱਮ ਅਤੇ .30 ਬੋਰ ਵਰਗੇ ਖ਼ਤਰਨਾਕ ਹਥਿਆਰ ਸ਼ਾਮਲ ਹਨ, ਜੋ ਅਪਰਾਧਿਕ ਜਗਤ ਵਿੱਚ ਸਭ ਤੋਂ ਵੱਧ ਵਰਤੇ ਜਾਂਦੇ ਹਨ।

ਪੁਲਿਸ ਦੀ ਮੁੱਢਲੀ ਜਾਂਚ ਦੌਰਾਨ ਇਹ ਖੁਲਾਸਾ ਹੋਇਆ ਹੈ ਕਿ ਗ੍ਰਿਫ਼ਤਾਰ ਕੀਤੇ ਗਏ ਦੋਵੇਂ ਦੋਸ਼ੀ ਪਾਕਿਸਤਾਨ-ਅਧਾਰਿਤ ਹਥਿਆਰ ਤਸਕਰਾਂ ਨਾਲ ਸਿੱਧੇ ਤੌਰ ’ਤੇ ਸੰਪਰਕ ਵਿੱਚ ਸਨ। ਇਹ ਤਸਕਰ ਸੋਸ਼ਲ ਮੀਡੀਆ ਪਲੇਟਫਾਰਮਾਂ ਰਾਹੀਂ ਸਰਹੱਦ ਪਾਰ ਤੋਂ ਭਾਰਤ ਵਿੱਚ ਗੈਰ-ਕਾਨੂੰਨੀ ਹਥਿਆਰਾਂ ਦੀ ਸਪਲਾਈ ਕਰ ਰਹੇ ਸਨ। ਦੋਵੇਂ ਦੋਸ਼ੀ ਆਨਲਾਈਨ ਮਾਧਿਅਮਾਂ ਦੀ ਵਰਤੋਂ ਕਰਕੇ ਹਥਿਆਰਾਂ ਦੀ ਡਿਲੀਵਰੀ ਅਤੇ ਲੈਣ-ਦੇਣ ਦੀ ਯੋਜਨਾ ਬਣਾਉਂਦੇ ਸਨ।

ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਰੋਹਿਤ ਅਰੋੜਾ, ਜੋ ਕਿ ਗੇਟ ਹਕੀਮਾ ਖੇਤਰ ਦਾ ਰਹਿਣ ਵਾਲਾ ਹੈ ਅਤੇ ਕੇਟਰਿੰਗ ਦਾ ਕੰਮ ਕਰਦਾ ਹੈ, ਸ਼ਾਮਲ ਹੈ। ਰੋਹਿਤ ਅਰੋੜਾ ਖ਼ਿਲਾਫ ਪਹਿਲਾਂ ਵੀ ਕਈ ਅਪਰਾਧਿਕ ਮਾਮਲੇ ਦਰਜ ਹਨ ਅਤੇ ਉਸਦੇ ਸੰਬੰਧ ਸੋਨੂੰ ਕੰਗਲੇ ਨਾਲ ਦੱਸੇ ਜਾ ਰਹੇ ਹਨ, ਜੋ ਇਸ ਸਮੇਂ ਜੇਲ੍ਹ ਵਿੱਚ ਬੰਦ ਹੈ। ਦੂਸਰਾ ਮੁਲਜ਼ਮ ਹਰਪ੍ਰੀਤ ਸਿੰਘ ਉਰਫ ਹੈਪੀ ਹੈ, ਜੋ ਮੀਰਾਕੋਟ ਖੇਤਰ ਦਾ ਵਸਨੀਕ ਹੈ ਅਤੇ ਵੈਲਡਿੰਗ ਦਾ ਕੰਮ ਕਰਦਾ ਹੈ। ਇਸ ਦੇ ਖ਼ਿਲਾਫ਼ ਵੀ ਨਸ਼ੀਲੇ ਕੈਪਸੂਲਾਂ ਸਬੰਧੀ ਮਾਮਲੇ ਦਰਜ ਹਨ।
ਇਸ ਮਾਮਲੇ ਸਬੰਧੀ ਥਾਣਾ ਗੇਟ ਹਕੀਮਾ ਅੰਮ੍ਰਿਤਸਰ ਵਿੱਚ ਆਰਮਜ਼ ਐਕਟ ਤਹਿਤ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਹੁਣ ਇਸ ਗੈਰ-ਕਾਨੂੰਨੀ ਹਥਿਆਰ ਤਸਕਰੀ ਨੈੱਟਵਰਕ ਦੀਆਂ ਅੱਗੇ ਅਤੇ ਪਿੱਛੇ ਦੀਆਂ ਕੜੀਆਂ ਦੀ ਗਹਿਰਾਈ ਨਾਲ ਜਾਂਚ ਕਰ ਰਹੀ ਹੈ। ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਹ ਹਥਿਆਰ ਕਿਹੜੇ ਇਲਾਕਿਆਂ ਵਿੱਚ ਸਪਲਾਈ ਕੀਤੇ ਜਾਣੇ ਸਨ ਅਤੇ ਕੀ ਇਹ ਕਿਸੇ ਵੱਡੀ ਅਪਰਾਧਿਕ ਵਾਰਦਾਤ ਵਿੱਚ ਵਰਤੇ ਜਾਣੇ ਸਨ।

ਪੁਲਿਸ ਕਮਿਸ਼ਨਰ ਨੇ ਕਿਹਾ ਕਿ ਅਪਰੇਸ਼ਨ ਪ੍ਰਹਾਰ–2 ਦੇ ਤਹਿਤ ਅੰਮ੍ਰਿਤਸਰ ਪੁਲਿਸ ਨੇ ਆਈਸ ਡਰੱਗ, ਹੇਰੋਇਨ ਅਤੇ ਗੈਰ-ਕਾਨੂੰਨੀ ਹਥਿਆਰਾਂ ਖ਼ਿਲਾਫ਼ ਵੱਡੀ ਕਾਮਯਾਬੀ ਹਾਸਲ ਕੀਤੀ ਹੈ। ਅਜਿਹੀਆਂ ਸਖ਼ਤ ਕਾਰਵਾਈਆਂ ਅੱਗੇ ਵੀ ਜਾਰੀ ਰਹਿਣਗੀਆਂ, ਤਾਂ ਜੋ ਅਪਰਾਧ ਅਤੇ ਤਸਕਰੀ ਨੈੱਟਵਰਕ ’ਤੇ ਪੂਰੀ ਤਰ੍ਹਾਂ ਨਕੇਲ ਕੱਸੀ ਜਾ ਸਕੇ।