Major action by the Health Department, around 3 quintals of sweets were destroyed after checking the vehicle.
ਸਿਹਤ ਵਿਭਾਗ ਦੀ ਵੱਡੀ ਕਾਰਵਾਈ, ਗੱਡੀ ‘ਚੋਂ ਚੈਕਿੰਗ ਕਰਕੇ ਕਰੀਬ 3 ਕੁਇੰਟਲ ਮਿਠਾਈ ਕੀਤੀ ਨਸ਼ਟ
ਫਿਰੋਜ਼ਪੁਰ (ਆਵਾਜ਼ਿ ਕੌਮ ਬਿਊਰੋ)-ਫਿਰੋਜ਼ਪੁਰ ’ਚ ਤਿਉਹਾਰੀ ਸੀਜ਼ਨ ਤੋਂ ਪਹਿਲਾਂ ਮਿਲਾਵਟੀ ਮਿਠਾਈਆਂ ਖ਼ਿਲਾਫ਼ ਸਿਹਤ ਵਿਭਾਗ ਦਾ ਐਕਸ਼ਨ ਲਗਾਤਾਰ ਜਾਰੀ ਹੈ। ਬਾਹਰਲੇ ਜ਼ਿਲ੍ਹਿਆਂ ਤੋਂ ਆ ਰਹੀਆਂ ਮਿਠਾਈਆਂ ਵਾਲੀਆਂ ਗੱਡੀਆਂ ਦੀ ਚੈਕਿੰਗ ਦੌਰਾਨ ਕਰੀਬ 3 ਕੁਇੰਟਲ ਮਿਠਾਈ ਬਰਾਮਦ ਕੀਤੀ ਗਈ, ਜਿਸ ਨੂੰ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਤਿਉਹਾਰੀ ਸੀਜ਼ਨ ਨੂੰ ਵੇਖਦਿਆਂ ਵਿਭਾਗ ਵੱਲੋਂ ਬਾਹਰਲੇ ਇਲਾਕਿਆਂ ਤੋਂ ਫਿਰੋਜ਼ਪੁਰ ‘ਚ ਸਪਲਾਈ ਹੋਣ ਵਾਲੀਆਂ ਮਿਠਾਈਆਂ ਅਤੇ ਹੋਰ ਖਾਣ-ਪੀਣ ਵਾਲੀਆਂ ਵਸਤੂਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਇਸੇ ਕੜੀ ਤਹਿਤ ਇਕ ਗੱਡੀ ਨੂੰ ਰੋਕ ਕੇ ਚੈਕਿੰਗ ਕੀਤੀ ਗਈ, ਜਿਸ ‘ਚ ਕਰੀਬ 3 ਕੁਇੰਟਲ ਮਿਠਾਈ ਹੋਣ ਦੀ ਜਾਣਕਾਰੀ ਸਾਹਮਣੇ ਆਈ। ਵਿਭਾਗੀ ਕਾਰਵਾਈ ਦੌਰਾਨ ਮਿਠਾਈ ਦੀ ਗੁਣਵੱਤਾ ਅਤੇ ਸਫ਼ਾਈ ਨੂੰ ਲੈ ਕੇ ਸ਼ੱਕ ਪੈਦਾ ਹੋਣ ‘ਤੇ ਖੇਪ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕ ਦਿੱਤਾ ਗਿਆ ਅਤੇ ਮੌਕੇ ’ਤੇ ਹੀ ਨਸ਼ਟ ਕਰ ਦਿੱਤਾ ਗਿਆ। ਹਾਲੀਆ ਮੁਹਿੰਮਾਂ ‘ਚ ਵੀ ਫਿਰੋਜ਼ਪੁਰ ਫੂਡ ਸੇਫਟੀ ਵਿੰਗ ਵੱਲੋਂ ਸ਼ੱਕੀ ਮਿਠਾਈਆਂ ਅਤੇ ਖੋਏ ਦੀ ਵੱਡੀ ਮਾਤਰਾ ਨੂੰ ਮਨੁੱਖੀ ਖ਼ਪਤ ਤੋਂ ਹਟਾ ਕੇ ਨਸ਼ਟ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਗੱਡੀ ਦੇ ਡਰਾਈਵਰ ਮੌਕੇ ਤੋਂ ਕੁਝ ਸਮੇਂ ਲਈ ਚਲੇ ਗਏ ਸਨ, ਜਿਸ ਤੋਂ ਬਾਅਦ ਵਿਭਾਗੀ ਟੀਮ ਵੱਲੋਂ ਉਨ੍ਹਾਂ ਨੂੰ ਮੌਕੇ ‘ਤੇ ਬੁਲਾਇਆ ਗਿਆ। ਫੂਡ ਸੇਫਟੀ ਵਿਭਾਗ ਦੇ ਅਧਿਕਾਰੀ ਅਭਿਨਵ ਖੋਸਲਾ ਦਾ ਕਹਿਣਾ ਹੈ ਕਿ ਤਿਉਹਾਰਾਂ ਦੇ ਦਿਨਾਂ ‘ਚ ਮਿਲਾਵਟਖੋਰੀ ਦੀਆਂ ਕੋਸ਼ਿਸ਼ਾਂ ਵਧਣ ਦਾ ਖ਼ਦਸ਼ਾ ਰਹਿੰਦਾ ਹੈ, ਇਸ ਲਈ ਟੀਮਾਂ ਵੱਲੋਂ ਲਗਾਤਾਰ ਚੈਕਿੰਗ ਅਤੇ ਸੈਂਪਲਿੰਗ ਕੀਤੀ ਜਾ ਰਹੀ ਹੈ। ਫਿਲਹਾਲ ਸਿਹਤ ਵਿਭਾਗ ਵੱਲੋਂ ਸਾਫ਼ ਕੀਤਾ ਗਿਆ ਹੈ ਕਿ ਲੋਕਾਂ ਦੀ ਸਿਹਤ ਨਾਲ ਖਿਲਵਾੜ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਹੁਣ ਵੇਖਣਾ ਹੋਵੇਗਾ ਕਿ ਆਉਣ ਵਾਲੇ ਦਿਨਾਂ ‘ਚ ਇਹ ਮੁਹਿੰਮ ਹੋਰ ਕਿੰਨੀ ਤੇਜ਼ ਹੁੰਦੀ ਹੈ।

