Major incident in Bihar: Shots fired outside a private school; ₹50 lakh extortion demanded
ਬਿਹਾਰ ‘ਚ ਵੱਡੀ ਵਾਰਦਾਤ: ਪ੍ਰਾਈਵੇਟ ਸਕੂਲ ਦੇ ਸਾਹਮਣੇ ਚਲਾ ‘ਤੀਆਂ ਗੋਲੀਆਂ, 50 ਲੱਖ ਰੁਪਏ ਦੀ ਮੰਗੀ ਫਿਰੌਤੀ
ਮੁਜ਼ੱਫਰਪੁਰ (ਆਵਾਜ਼ਿ ਕੌਮ ਬਿਊਰੋ)-ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ’ਚ ਉਸ ਸਮੇਂ ਸਨਸਨੀ ਫੈਲ ਗਈ, ਜਦੋਂ ਬੀਤੇ ਦਿਨ ਸਵੇਰੇ ਇਕ ਮੋਟਰਸਾਈਕਲ ’ਤੇ ਸਵਾਰ ਹੋ ਕੇ ਆਏ ਅਣਪਛਾਤੇ ਵਿਅਕਤੀਆਂ ਨੇ ਇਕ ਪ੍ਰਾਈਵੇਟ ਸਕੂਲ ਦੇ ਸਾਹਮਣੇ ਫਾਇਰਿੰਗ ਕਰ ਦਿੱਤੀ। ਇਸ ਘਟਨਾ ਤੋਂ ਬਾਅਦ ਉਕਤ ਹਮਲਾਵਰ ਮੌਕੇ ਤੋਂ ਫ਼ਰਾਰ ਹੋ ਗਏ। ਵਾਰਦਾਤ ਨੂੰ ਅੰਜ਼ਾਮ ਦੇਣ ਤੋਂ ਬਾਅਦ ਉਨ੍ਹਾਂ ਨੇ 50 ਲੱਖ ਰੁਪਏ ਦੀ ਫਿਰੌਤੀ ਦੀ ਮੰਗ ਕਰਦੇ ਹੋਏ ਇਕ ਨੋਟ ਵੀ ਸਕੂਲ ਨੜੇ ਛੱਡਿਆ ਹੈ, ਜੋ ਪੁਲਸ ਨੇ ਬਰਾਮਦ ਕਰ ਲਿਆ। ਇਸ ਮਾਮਲੇ ਦੀ ਜਾਂਚ ਕਰਦੇ ਹੋਏ ਮੁਜ਼ੱਫਰਪੁਰ ਦੀ ਡਿਪਟੀ ਸੁਪਰਡੈਂਟ ਆਫ਼ ਪੁਲਸ (ਪੱਛਮੀ) ਸੁਚਿੱਤਰਾ ਕੁਮਾਰੀ ਨੇ ਕਿਹਾ ਕਿ ਮੁਲਜ਼ਮਾਂ ਦੀ ਪਛਾਣ ਕਰਨ ਲਈ ਆਲੇ ਦੁਆਲੇ ਦੇ ਇਲਾਕੇ ’ਚ ਲੱਗੇ ਸੀ. ਸੀ. ਟੀ. ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ। ਫਿਰੌਤੀ ਦੀ ਮੰਗ ਦੇ ਨਾਲ ਹੀ ਪੁਲਸ ਸਕੂਲ ਨਾਲ ਸਬੰਧਤ ਜ਼ਮੀਨੀ ਵਿਵਾਦ ਦੀ ਵੀ ਜਾਂਚ ਕਰ ਰਹੀ ਹੈ। ਅਧਿਕਾਰੀਆਂ ਅਨੁਸਾਰ ਫਾਇਰਿੰਗ ਤੋਂ ਪਹਿਲਾਂ ਹਮਲਾਵਰਾਂ ਨੇ ਸਕੂਲ ਦੇ ਮੁੱਖ ਗੇਟ ’ਤੇ ਇਕ ਪੋਸਟਰ ਚਿਪਕਾਇਆ, ਜਿਸ ’ਚ 50 ਲੱਖ ਰੁਪਏ ਦੀ ਮੰਗ ਪੂਰੀ ਨਾ ਹੋਣ ’ਤੇ ਪ੍ਰਬੰਧਕਾਂ ਨੂੰ ਗੰਭੀਰ ਨਤੀਜੇ ਭੁਗਤਣ ਦੀ ਚਿਤਾਵਨੀ ਦਿੱਤੀ ਗਈ ਸੀ। ਸਕੂਲ ਦੀ ਸੀ. ਸੀ. ਟੀ. ਵੀ. ਫੁਟੇਜ ’ਚ ਹੈਲਮੇਟ ਪਹਿਨੀ ਕੁਝ ਮੋਟਰਸਾਈਕਲ ਸਵਾਰ ਗੇਟ ’ਤੇ ਫਿਰੌਤੀ ਦਾ ਨੋਟ ਚਿਪਕਾਉਂਦੇ ਤੇ ਗੋਲੀਆਂ ਚਲਾਉਂਦੇ ਵਿਖਾਈ ਦੇ ਰਹੇ ਹਨ।

