Major threat looms over America! Power out in 1 million homes, hundreds of flights cancelled
ਅਮਰੀਕਾ ‘ਤੇ ਮੰਡਰਾ ਰਿਹਾ ਵੱਡਾ ਖ਼ਤਰਾ ! 10 ਲੱਖ ਘਰਾਂ ਦੀ ਬੱਤੀ ਗੁਲ, ਸੈਂਕੜੇ ਫਲਾਈਟਾਂ ਰੱਦ
Washington, (ਆਵਾਜ਼ਿ ਕੌਮ ਬਿਊਰੋ)-ਅਮਰੀਕਾ ‘ਚ ਤੂਫ਼ਾਨ ਕਾਰਨ ਤੇਜ਼ ਹਵਾਵਾਂ ਅਤੇ ਭਾਰੀ ਮੀਂਹ ਕਾਰਨ 10 ਲੱਖ ਤੋਂ ਵੱਧ ਘਰਾਂ ਦੀ ਬਿਜਲੀ ਗੁੱਲ ਹੋ ਗਈ ਹੈ। ਉੱਥੇ ਹੀ, 2500 ਤੋਂ ਵੱਧ ਉਡਾਣਾਂ ਲੇਟ ਹੋਈਆਂ ਅਤੇ 450 ਤੋਂ ਵੱਧ ਉਡਾਣਾਂ ਰੱਦ ਕਰਨੀਆਂ ਪਈਆਂ। ਮੌਸਮ ਵਿਭਾਗ ਨੇ ਚਿਤਾਵਨੀ ਦਿੱਤੀ ਹੈ ਕਿ ਸਮੁੰਦਰ ਦੇ ਪਾਣੀ ਦਾ ਪੱਧਰ 14 ਸਾਲਾਂ ਦੇ ਸਭ ਤੋਂ ਉੱਚੇ ਪੱਧਰ ’ਤੇ ਪਹੁੰਚ ਸਕਦਾ ਹੈ। ਇਸ ਨਾਲ ਨਿਊਯਾਰਕ, ਨਿਊਜਰਸੀ ਅਤੇ ਫਿਲਾਡੇਲਫੀਆ ਸਮੇਤ ਕਈ ਤੱਟੀ ਇਲਾਕਿਆਂ ਵਿਚ ਹੜ੍ਹ ਦਾ ਖ਼ਤਰਾ ਵਧ ਗਿਆ ਹੈ। ਪੂਰਬੀ ਤੱਟ ਵੱਲ ਵਧ ਰਹੇ ਇਸ ਤੂਫ਼ਾਨ ਨੂੰ ‘ਨਾਰਈਸਟਰ’ ਕਿਹਾ ਜਾਂਦਾ ਹੈ। ਇਹ ਤੂਫ਼ਾਨ ਤੇਜ਼ ਹਵਾਵਾਂ, ਭਾਰੀ ਮੀਂਹ ਅਤੇ ਸਮੁੰਦਰ ਵਿਚ ਉੱਚੀਆਂ ਲਹਿਰਾਂ ਲਈ ਜਾਣਿਆ ਜਾਂਦਾ ਹੈ। ਖ਼ਰਾਬ ਮੌਸਮ ਕਾਰਨ ਲੱਖਾਂ ਲੋਕਾਂ ਦੀ ਯਾਤਰਾ ਪ੍ਰਭਾਵਿਤ ਹੋ ਰਹੀ ਹੈ। ਥੈਂਕਸਗਿਵਿੰਗ ਅਮਰੀਕਾ ਦਾ ਵੱਡਾ ਤਿਉਹਾਰ ਹੈ। ਇਸ ਦੌਰਾਨ ਲੋਕ ਆਪਣੇ ਪਰਿਵਾਰ ਅਤੇ ਦੋਸਤਾਂ ਨਾਲ ਸਮਾਂ ਬਿਤਾਉਣ ਲਈ ਦੂਜੇ ਸ਼ਹਿਰਾਂ ਵਿਚ ਜਾਂਦੇ ਹਨ। ਅਜਿਹੇ ਵਿਚ ਹਵਾਈ ਸਫ਼ਰ ਵਿਚ ਦੇਰੀ ਨਾਲ ਯਾਤਰੀਆਂ ਦੀ ਪਰੇਸ਼ਾਨੀ ਵਧ ਗਈ ਹੈ। ਇਸ ਦਾ ਅਸਰ ਸਿਰਫ਼ ਹਵਾਈ ਸਫ਼ਰ ’ਤੇ ਹੀ ਨਹੀਂ, ਸਗੋਂ ਤਿਉਹਾਰ ਦੇ ਪ੍ਰੋਗਰਾਮਾਂ ’ਤੇ ਵੀ ਪਿਆ ਹੈ। ਅਮਰੀਕਾ ਦੇ ਪੱਛਮੀ ਤੱਟ ’ਤੇ ਸਮੁੰਦਰ ਵਿਚ ਉੱਠ ਰਹੀਆਂ ਤੇਜ਼ ਲਹਿਰਾਂ ਨੇ ਕੰਢੇ ’ਤੇ ਬਣੇ ਕਈ ਢਾਂਚਿਆਂ ਨੂੰ ਨੁਕਸਾਨ ਪਹੁੰਚਾਇਆ ਹੈ। ਸੈਨ ਡਿਏਗੋ ਦੇ ਆਸ-ਪਾਸ ਸਮੁੰਦਰ ਦਾ ਪਾਣੀ ਪੁਰਾਣੇ ਰਿਕਾਰਡ ਤੋਂ ਵੀ ਉੱਪਰ ਪਹੁੰਚ ਗਿਆ। ਇਸ ਨਾਲ ਆਸ-ਪਾਸ ਦੇ ਨੀਵੇਂ ਇਲਾਕਿਆਂ ਵਿਚ ਪਾਣੀ ਭਰਨ ਦਾ ਖ਼ਤਰਾ ਵਧ ਗਿਆ ਹੈ।

